ਕਿਸਾਨ ਆਗੂ ਪੰਧੇਰ ਸਣੇ ਹੋਰ ਆਗੂਆਂ ਦੀ ਗ੍ਰਿਫ਼ਤਾਰੀ, CM ਮਾਨ ਦੀ ਫੇਰੀ ਸਮੇਂ ਸਵਾਲ ਪੁੱਛਣ ਦੇ ਐਲਾਨ ਮਗਰੋਂ ਹੋਈ ਕਾਰਵਾਈ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨ-ਮਜ਼ਦੂਰ ਮੋਰਚੇ ਦੇ ਆਗੂਆਂ ਨਾਲ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ 7 ਜਨਵਰੀ ਨੂੰ ਉਚ ਅਧਿਕਾਰੀਆਂ ਨਾਲ ਪੰਜਾਬ ਭਵਨ ਵਿਖੇ ਰੱਖੀ ਮੀਟਿੰਗ ਨਾ ਕਰ ਕੇ ਕਿਸਾਨ ਆਗੂਆਂ ਨੂੰ ਅਪਮਾਨਿਤ ਕੀਤਾ ਹੈ।
Publish Date: Sun, 18 Jan 2026 09:30 AM (IST)
Updated Date: Sun, 18 Jan 2026 09:32 AM (IST)

ਪੱਤਰ ਪੇ੍ਰਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨ-ਮਜ਼ਦੂਰ ਮੋਰਚੇ ਦੇ ਆਗੂਆਂ ਨਾਲ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ 7 ਜਨਵਰੀ ਨੂੰ ਉਚ ਅਧਿਕਾਰੀਆਂ ਨਾਲ ਪੰਜਾਬ ਭਵਨ ਵਿਖੇ ਰੱਖੀ ਮੀਟਿੰਗ ਨਾ ਕਰ ਕੇ ਕਿਸਾਨ ਆਗੂਆਂ ਨੂੰ ਅਪਮਾਨਿਤ ਕੀਤਾ ਹੈ। ਇਸ ਦੇ ਰੋਸ ਵਜੋਂ ਕਿਸਾਨ-ਮਜ਼ਦੂਰ ਮੋਰਚੇ ਦੇ ਸੱਦੇ ’ਤੇ 18 ਜਨਵਰੀ ਨੂੰ ਮਜੀਠਾ ਵਿਖੇ ਮੁੱਖ ਮੰਤਰੀ ਦੀ ਫੇਰੀ ਸਮੇਂ ਮੰਨੀਆਂ ਹੋਈਆਂ ਕਿਸਾਨ ਮੰਗਾਂ ਸਬੰਧੀ ਸਵਾਲ ਪੁੱਛਣ ਦਾ ਐਲਾਨ ਕੀਤਾ ਸੀ, ਪਰ ਪੰਜਾਬ ਸਰਕਾਰ ਨੇ ਬੁਖਲਾਹਟ ’ਚ ਆ ਕੇ ਬੁਜ਼ਦਿਲਾਂਨਾ ਕਾਰਵਾਈ ਕਰਦਿਆਂ ਪਿਛਲੀ ਅੱਧੀ ਰਾਤ ਤੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਸਮੇਤ 15 ਹੋਰ ਆਗੂਆਂ ਨੂੰ ਗ੍ਰਿਫਤਾਰ ਕੀਤਾ ਹੈ।
ਕਿਸਾਨ ਮਜ਼ਦੂਰ ਮੋਰਚੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਖੌਤੀ ਲੋਕ ਰਾਜ ਦਾ ਕੀਤਾ ਜਾ ਰਿਹਾ ਘਾਣ ਤੇ ਪੁਲਿਸ ਜਬਰ ਨਾਲ ਕੀਤੀ ਜਾ ਰਹੀ ਜ਼ੁਬਾਨਬੰਦੀ ਦੀ ਸਖ਼ਤ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਕੱਲ੍ਹ ਹਰ ਹਾਲਤ ’ਚ ਪੁਲਿਸ ਜ਼ਬਰ ਦਾ ਸਬਰ ਨਾਲ ਮੁਕਾਬਲਾ ਕਰਦੇ ਹੋਏ ਮੁੱਖ ਮੰਤਰੀ ਤੋਂ ਸਵਾਲ ਪੁੱਛਣ ਲਈ ਹਜ਼ਾਰਾਂ ਕਿਸਾਨ, ਮਜ਼ਦੂਰ, ਬੀਬੀਆਂ ਘਰਾਂ ’ਚੋਂ ਨਿਕਲਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਧੋਖੇ ਨਾਲ 19 ਮਾਰਚ 2025 ਨੂੰ ਸ਼ੰਭੂ, ਖਨੌਰੀ ਬਾਰਡਰ ਉਤੇ 401 ਦਿਨ ਤੋਂ ਚੱਲ ਰਹੇ ਮੋਰਚਿਆਂ ਨੂੰ ਪੁਲਿਸ ਜਬਰ ਨਾਲ ਖਦੇੜਿਆ ਹੈ ਤੇ ਟ੍ਰੈਕਟਰ ਟਰਾਲੀਆਂ ਸਮੇਤ 3 ਕਰੋੜ 77 ਲੱਖ ਦਾ ਕੀਮਤੀ ਸਮਾਨ ਚੋਰੀ ਹੈ ਜਾ ਭੰਨਤੋੜ ਕਰਕੇ ਨਸ਼ਟ ਕੀਤਾ ਹੈ, ਲਗਭਗ 435 ਜ਼ਖ਼ਮੀ ਤੇ 49 ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਅੱਜ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਹੈ।
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਕਿਸਾਨਾਂ, ਮਜ਼ਦੂਰਾਂ ਦੀਆਂ ਮੰਗਾਂ ਤਰੁੰਤ ਮੰਨੀਆਂ ਜਾਣ ਨਹੀਂ ਤਾਂ ਸੰਘਰਸ਼ ਦਾ ਸੇਕ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਉੱਤੇ ਝੱਲਣਾ ਪਵੇਗਾ। ਇਸ ਮੌਕੇ ਸੂਬਾ ਆਗੂ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ, ਹਰਵਿੰਦਰ ਸਿੰਘ ਮਸਾਣੀਆਂ, ਸਤਨਾਮ ਸਿੰਘ ਮਾਨੋਚਾਹਲ, ਜਰਮਨਜੀਤ ਸਿੰਘ ਬੰਡਾਲਾ, ਕੰਵਰਦਲੀਪ ਸੈਦੋਲੇਹਲ, ਰਣਜੀਤ ਸਿੰਘ ਕਲੇਰ ਬਾਲਾ ਤੇ ਹਰਜਿੰਦਰ ਸਿੰਘ ਸਕਰੀ ਆਦਿ ਆਗੂ ਮੌਜੂਦ ਸਨ।