ਮ੍ਰਿਤਕ ਦੇ ਵੱਡੇ ਭਰਾ ਪ੍ਰਵੀਨ ਕੁਮਾਰ ਨੇ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਨੂੰ ਦਿੱਤੀ ਦਰਖ਼ਾਸਤ ਵਿਚ ਦੱਸਿਆ ਕਿ ਉਸ ਦਾ ਛੋਟਾ ਭਰਾ ਵਿਨੋਦ ਕੁਮਾਰ ਪੁੱਤਰ ਸਵ. ਸਰਵਣ ਕੁਮਾਰ, ਵਾਸੀ ਚੋਗਾਵਾਂ, 13 ਜਨਵਰੀ (ਲੋਹੜੀ ਦੇ ਦਿਨ) ਸਵੇਰੇ ਕਰੀਬ 10 ਵਜੇ ਸਾਹ ਲੈਣ ਵਿਚ ਦਿੱਕਤ ਕਾਰਨ ਸਰਕਾਰੀ ਹਸਪਤਾਲ ਲੋਪੋਕੇ ਦੀ ਐਮਰਜੈਂਸੀ ਵਿਚ ਕਿਸੇ ਅਣਜਾਣ ਵਿਆਕਤੀ ਵੱਲੋਂ ਦਾਖ਼ਲ ਕਰਵਾਇਆ ਗਿਆ ਸੀ।

ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਰਕਾਰੀ ਹਸਪਤਾਲ ਲੋਪੋਕੇ ਵਿਚ 35 ਸਾਲਾ ਨੌਜਵਾਨ ਵਿਨੋਦ ਕੁਮਾਰ ਦੀ ਹੋਈ ਮੌਤ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਗਏ ਹਨ। ਮ੍ਰਿਤਕ ਦੇ ਪਰਿਵਾਰ ਨੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ’ਤੇ ਗੰਭੀਰ ਲਾਪ੍ਰਵਾਹੀ, ਅਣਮਨੁੱਖੀ ਵਰਤਾਓ ਅਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਕੋਲ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਮ੍ਰਿਤਕ ਦੇ ਵੱਡੇ ਭਰਾ ਪ੍ਰਵੀਨ ਕੁਮਾਰ ਨੇ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਨੂੰ ਦਿੱਤੀ ਦਰਖ਼ਾਸਤ ਵਿਚ ਦੱਸਿਆ ਕਿ ਉਸ ਦਾ ਛੋਟਾ ਭਰਾ ਵਿਨੋਦ ਕੁਮਾਰ ਪੁੱਤਰ ਸਵ. ਸਰਵਣ ਕੁਮਾਰ, ਵਾਸੀ ਚੋਗਾਵਾਂ, 13 ਜਨਵਰੀ (ਲੋਹੜੀ ਦੇ ਦਿਨ) ਸਵੇਰੇ ਕਰੀਬ 10 ਵਜੇ ਸਾਹ ਲੈਣ ਵਿਚ ਦਿੱਕਤ ਕਾਰਨ ਸਰਕਾਰੀ ਹਸਪਤਾਲ ਲੋਪੋਕੇ ਦੀ ਐਮਰਜੈਂਸੀ ਵਿਚ ਕਿਸੇ ਅਣਜਾਣ ਵਿਆਕਤੀ ਵੱਲੋਂ ਦਾਖ਼ਲ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਕਰੀਬ 11.54 ਵਜੇ ਸਵੇਰੇ ਵਿਨੋਦ ਵੱਲੋਂ ਮੋਬਾਈਲ ਫੋਨ ਰਾਹੀਂ ਕੀਤੀ ਗਈ ਗੱਲਬਾਤ ਦੌਰਾਨ ਉਸ ਨੇ ਰੋ-ਰੋ ਕੇ ਦੱਸਿਆ ਕਿ ਦੋ ਘੰਟੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਡਾਕਟਰਾਂ ਵੱਲੋਂ ਨਾ ਤਾਂ ਕੋਈ ਇਲਾਜ ਕੀਤਾ ਗਿਆ ਤੇ ਨਾ ਹੀ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ।
ਪ੍ਰਵੀਨ ਕੁਮਾਰ ਦਾ ਦੋਸ਼ ਹੈ ਕਿ ਗੱਲਬਾਤ ਦੌਰਾਨ ਉਸ ਨੇ ਡਾਕਟਰਾਂ ਵੱਲੋਂ ਵਿਨੋਦ ਨਾਲ ਕੀਤੇ ਜਾ ਰਹੇ ਬੁਰੇ ਅਤੇ ਧਮਕੀਪੂਰਨ ਵਰਤਾਓ ਦੀਆਂ ਆਵਾਜ਼ਾਂ ਵੀ ਸੁਣੀਆਂ। ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਅਤੇ ਹਸਪਤਾਲ ਸਟਾਫ ਨੇ ਵਿਨੋਦ ਨੂੰ ਤੜਫਦਾ ਛੱਡੀ ਰੱਖਿਆ, ਉਸ ਨਾਲ ਅਪਮਾਨਜਨਕ ਬੋਲ ਬੋਲੇ ਗਏ ਅਤੇ ਹਸਪਤਾਲ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਸਾਰੀ ਸਥਿਤੀ ਨੇ ਉਸ ਨੂੰ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਤੋੜ ਦਿੱਤਾ।
ਪਰਿਵਾਰ ਅਨੁਸਾਰ ਹਸਪਤਾਲ ਦੀ ਲਾਪ੍ਰਵਾਹੀ ਅਤੇ ਮਾੜੇ ਪ੍ਰਬੰਧਾਂ ਤੋਂ ਹਾਰ ਕੇ ਵਿਨੋਦ ਕੁਮਾਰ ਨੇ ਹਸਪਤਾਲ ਦੇ ਅੰਦਰ ਹੀ ਪਾਣੀ ਦੀ ਟੈਂਕੀ ਦੀ ਗਰਿਲ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੌਤ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਭਰਾ ਨਾਲ ਲਗਭਗ ਤਿੰਨ ਮਿੰਟ ਤੱਕ ਗੱਲ ਕਰਕੇ ਆਪਣੀ ਬੇਬਸੀ ਅਤੇ ਦਰਦ ਬਿਆਨ ਕੀਤਾ ਸੀ। 14 ਜਨਵਰੀ 2026 ਨੂੰ ਪੋਸਟਮਾਰਟਮ ਉਪਰੰਤ ਵਿਨੋਦ ਕੁਮਾਰ ਦਾ ਅੰਤਿਮ ਸੰਸਕਾਰ ਦੁਰਗਿਆਣਾ ਮੰਦਰ ਦੇ ਸ਼ਿਵਪੁਰੀ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ।
ਪ੍ਰਵੀਨ ਕੁਮਾਰ ਨੇ ਦੋਸ਼ ਲਗਾਇਆ ਕਿ ਜੇ ਸਮੇਂ ਸਿਰ ਅਤੇ ਸਹੀ ਇਲਾਜ ਅਤੇ ਚੰਗਾ ਮਨੁੱਖੀ ਸਲੂਕ ਮਿਲਦਾ ਤਾਂ ਉਸ ਦੇ ਭਰਾ ਦੀ ਜਾਨ ਬਚ ਸਕਦੀ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਤੇ ਗਹਿਰੀ ਜਾਂਚ ਕਰਕੇ ਦੋਸ਼ੀ ਡਾਕਟਰਾਂ, ਹਸਪਤਾਲ ਸਟਾਫ ਅਤੇ ਪ੍ਰਬੰਧਨ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ, ਲਾਪ੍ਰਵਾਹੀ ਅਤੇ ਹੋਰ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ। ਪਰਿਵਾਰ ਵੱਲੋਂ ਥਾਣਾ ਲੋਪੋਕੇ ਨੂੰ ਦਿੱਤੀ ਦਰਖ਼ਾਸਤ, ਮੋਬਾਈਲ ਰਿਕਾਰਡਿੰਗਾਂ, ਲਾਸ਼ ਰਸੀਦ ਅਤੇ ਸ਼ਮਸ਼ਾਨ ਘਾਟ ਦੀ ਰਸੀਦ ਵੀ ਪੁਲਿਸ ਕੋਲ ਜਮ੍ਹਾਂ ਕਰਵਾਈ ਗਈ ਹੈ।
ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ’ਚ ਹੁਣ ਤੱਕ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਪਰਿਵਾਰ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।