ਔਜਲਾ ਨੇ ਦੋਸ਼ ਲਾਇਆ ਕਿ ਇੱਥੋਂ ਦੇ ਵਿਧਾਇਕ ਅਤੇ ਮੌਜੂਦਾ ਆਗੂ ਉਨ੍ਹਾਂ 'ਤੇ ਦਬਾਅ ਬਣਾ ਰਹੇ ਹਨ ਕਿ ਜਾਂ ਤਾਂ ਉਹ ਉਨ੍ਹਾਂ ਦੇ ਨਾਲ ਆਉਣ, ਨਹੀਂ ਤਾਂ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪਿੰਡ ਨੂੰ ਸੂਬਾ ਸਰਕਾਰ ਵੱਲੋਂ ਇੱਕ ਰੁਪਏ ਦੀ ਵੀ ਗ੍ਰਾਂਟ ਨਹੀਂ ਦਿੱਤੀ ਗਈ, ਸਿਰਫ਼ ਕੇਂਦਰ ਦੀਆਂ ਗ੍ਰਾਂਟਾਂ ਨਾਲ ਕੰਮ ਚੱਲ ਰਿਹਾ ਹੈ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਟਾਰੀ ਦੇ ਸਰਪੰਚ ਹਰਪ੍ਰੀਤ ਸਿੰਘ ਨੂੰ ਸਸਪੈਂਡ ਕਰਨ ਦੀ ਸਖ਼ਤ ਨਿਦਾ ਕਰਦਿਆਂ ਭ੍ਰਿਸ਼ਟ ਅਫ਼ਸਰਾਂ 'ਤੇ ਨਿਸ਼ਾਨਾ ਸਾਧਿਆ। ਹਰਪ੍ਰੀਤ ਸਿੰਘ ਉਹ ਸਰਪੰਚ ਹਨ ਜਿਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ 'ਆਪ੍ਰੇਸ਼ਨ ਸਿੰਦੂਰ' ਦੌਰਾਨ ਜਵਾਨਾਂ ਦੀ ਸੇਵਾ ਕੀਤੀ ਸੀ ਅਤੇ ਬੀਐੱਸਐੱਫ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ। ਅੱਜ ਪੂਰੀ ਪੰਚਾਇਤ ਸਮੇਤ ਸਰਕਾਰ ਨੂੰ ਘੇਰਦਿਆਂ ਸੰਸਦ ਔਜਲਾ ਨੇ ਕਿਹਾ ਕਿ ਪਿਛਲੇ ਦਿਨੀਂ ਬਿਨਾਂ ਕਿਸੇ ਕਾਰਨ ਹਰਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਲੋਕਤੰਤਰ ਦੀਆਂ ਗੱਲਾਂ ਕਰਦੇ ਹਨ ਅਤੇ ਦੂਜੇ ਪਾਸੇ ਕੰਮ ਕਰਨ ਵਾਲੇ ਇਮਾਨਦਾਰ ਇਨਸਾਨ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਯੋਧੇ ਸ਼ਾਮ ਸਿੰਘ ਅਟਾਰੀ ਦੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਨੂੰ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਤਾਇਆ ਸੀ ਅਤੇ ਮੌਜੂਦਾ ਸਰਕਾਰ ਦਾ ਉਮੀਦਵਾਰ ਇਸ ਪਿੰਡ ਤੋਂ ਹਾਰ ਗਿਆ ਸੀ। ਹਰਪ੍ਰੀਤ ਸਿੰਘ ਨਾ ਸਿਰਫ਼ ਆਪਣੀ ਲੋਕਪ੍ਰਿਯਤਾ ਕਾਰਨ ਜਿੱਤੇ ਸਨ, ਸਗੋਂ ਉਨ੍ਹਾਂ ਦੇ ਕੰਮ ਵੀ ਲੋਕਾਂ ਨੂੰ ਪਸੰਦ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਵਿਕਾਸ ਕਾਰਜਾਂ ਨੂੰ ਦੇਖਣ ਲਈ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚ ਵੀ ਆਉਂਦੇ ਹਨ।
ਔਜਲਾ ਨੇ ਦੋਸ਼ ਲਾਇਆ ਕਿ ਇੱਥੋਂ ਦੇ ਵਿਧਾਇਕ ਅਤੇ ਮੌਜੂਦਾ ਆਗੂ ਉਨ੍ਹਾਂ 'ਤੇ ਦਬਾਅ ਬਣਾ ਰਹੇ ਹਨ ਕਿ ਜਾਂ ਤਾਂ ਉਹ ਉਨ੍ਹਾਂ ਦੇ ਨਾਲ ਆਉਣ, ਨਹੀਂ ਤਾਂ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪਿੰਡ ਨੂੰ ਸੂਬਾ ਸਰਕਾਰ ਵੱਲੋਂ ਇੱਕ ਰੁਪਏ ਦੀ ਵੀ ਗ੍ਰਾਂਟ ਨਹੀਂ ਦਿੱਤੀ ਗਈ, ਸਿਰਫ਼ ਕੇਂਦਰ ਦੀਆਂ ਗ੍ਰਾਂਟਾਂ ਨਾਲ ਕੰਮ ਚੱਲ ਰਿਹਾ ਹੈ। ਡੀਡੀਪੀਓ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਉਹ ਕਦੋਂ ਤੱਕ ਕਿਸੇ ਪਾਰਟੀ ਦੇ ਅਧੀਨ ਕੰਮ ਕਰਨਗੇ?
ਸੰਵਿਧਾਨ ਮੁਤਾਬਕ ਉਨ੍ਹਾਂ ਨੂੰ ਇਹ ਅਹੁਦਾ ਇਸ ਲਈ ਦਿੱਤਾ ਗਿਆ ਹੈ ਤਾਂ ਜੋ ਉਹ ਸਰਪੰਚਾਂ ਨੂੰ ਮੁਸ਼ਕਿਲਾਂ ਨਾ ਆਉਣ ਦੇਣ। ਉਨ੍ਹਾਂ ਕਿਹਾ ਕਿ ਬਹੁਮਤ ਸਰਪੰਚ ਦੇ ਕੋਲ ਹੈ, ਫਿਰ ਵੀ ਝੂਠੇ ਮਾਮਲੇ ਤਹਿਤ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ। ਉਨ੍ਹਾਂ ਚੁਣੌਤੀ ਦਿੱਤੀ ਕਿ ਇੱਕ ਪੈਸੇ ਦੀ ਵੀ ਗੜਬੜੀ ਨਹੀਂ ਹੋਈ, ਭਾਵੇਂ ਕੋਈ ਵੀ ਇਨਕੁਆਰੀ ਕਰਵਾ ਲਈ ਜਾਵੇ।
ਪ੍ਰਸ਼ਾਸਨ ਨੇ ਇਸ ਗੱਲ ਦੀ ਵੀ ਪਰਵਾਹ ਨਹੀਂ ਕੀਤੀ ਕਿ ਇਨ੍ਹਾਂ ਲੋਕਾਂ ਨੇ ਸਰਹੱਦ 'ਤੇ ਬੈਠ ਕੇ ਫ਼ੌਜ ਨਾਲ ਜੰਗ ਵਰਗੇ ਹਾਲਾਤ ਝੱਲੇ ਹਨ, ਜਿਨ੍ਹਾਂ ਦੀ ਬਹਾਦਰੀ ਕਾਰਨ ਸ਼ਹਿਰਾਂ ਦੇ ਲੋਕ ਸੁਰੱਖਿਅਤ ਰਹੇ। ਸੰਸਦ ਮੈਂਬਰ ਨੇ ਕਿਹਾ ਕਿ ਬਹਾਨਾ ਬਣਾ ਕੇ ਲੋਕਤੰਤਰ ਨਾਲ ਜੁੜੇ ਸਰਪੰਚ ਨੂੰ ਸਸਪੈਂਡ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਖ਼ੁਦ ਡੀਡੀਪੀਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲਾ ਦੇਖਣਗੇ। ਪਰ ਬਾਅਦ ਵਿੱਚ ਕਿਹਾ ਗਿਆ ਕਿ ਸਰਪੰਚ ਨੇ ਚਿੱਠੀ ਰਿਸੀਵ ਨਹੀਂ ਕੀਤੀ, ਜਦਕਿ ਸਾਰੇ ਮਤੇ ਸੈਕਟਰੀ ਵੱਲੋਂ ਪਾਏ ਗਏ ਸਨ ਅਤੇ ਸਾਰਾ ਰਿਕਾਰਡ ਉਨ੍ਹਾਂ ਕੋਲ ਮੌਜੂਦ ਹੈ।
ਔਜਲਾ ਨੇ ਚਿਤਾਵਨੀ ਦਿੱਤੀ ਕਿ ਉਹ ਪਿੱਛੇ ਨਹੀਂ ਹਟਣਗੇ ਅਤੇ ਡੀਡੀਪੀਓ, ਸੈਕਟਰੀ ਅਤੇ ਬੀਡੀਪੀਓ ਨੂੰ ਪਾਰਟੀ ਬਣਾ ਕੇ ਅਦਾਲਤ ਵਿੱਚ ਮਾਮਲਾ ਦਰਜ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਅਫ਼ਸਰਾਂ ਕਾਰਨ ਹੀ ਵਿਕਾਸ ਰੁਕਦਾ ਹੈ ਅਤੇ ਉਹ ਅਫ਼ਸਰਾਂ ਨੂੰ ਪਾਰਟੀਬਾਜ਼ੀ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੰਦੇ ਹਨ ਕਿਉਂਕਿ ਕਾਨੂੰਨ ਸਭ ਤੋਂ ਉੱਪਰ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਸਰਪੰਚ ਨੂੰ ਬਹਾਲ ਕੀਤਾ ਜਾਵੇ ਅਤੇ ਲੋਕਤੰਤਰ ਦਾ ਘਾਣ ਨਾ ਕੀਤਾ ਜਾਵੇ।