ਅੰਮਿ੍ਤਸਰ ’ਚ ਆਮ ਆਦਮੀ ਪਾਰਟੀ ਦੇ ਸਮੱਰਥਕ ਸਰਪੰਚ ਜਰਮਲ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਮੁੱਖ ਸ਼ੂਟਰ ਸੁਖਰਾਜ ਸਿੰਘ ਉਰਫ਼ ਗੁੰਗਾ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਇਹ ਮੁਕਾਬਲਾ ਬੁੱਧਵਾਰ ਦੁਪਹਿਰ ਨੂੰ ਅੰਮ੍ਰਿਤਸਰ ਦੇ ਵੱਲਾ ਇਲਾਕੇ ਵਿੱਚ ਹੋਇਆ।

ਪੰਜਾਬੀ ਜਾਗਰਣ ਟੀਮ, ਅੰਮ੍ਰਿਤਸਰ : ਅੰਮਿ੍ਤਸਰ ’ਚ ਆਮ ਆਦਮੀ ਪਾਰਟੀ ਦੇ ਸਮੱਰਥਕ ਸਰਪੰਚ ਜਰਮਲ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਮੁੱਖ ਸ਼ੂਟਰ ਸੁਖਰਾਜ ਸਿੰਘ ਉਰਫ਼ ਗੁੰਗਾ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਇਹ ਮੁਕਾਬਲਾ ਬੁੱਧਵਾਰ ਦੁਪਹਿਰ ਨੂੰ ਅੰਮ੍ਰਿਤਸਰ ਦੇ ਵੱਲਾ ਇਲਾਕੇ ਵਿੱਚ ਹੋਇਆ। ਪੁਲਿਸ ਮੁਲਜ਼ਮ ਨੂੰ ਵੱਲਾ ਇਲਾਕੇ ਵਿਚ ਲੁਕੋਏ ਪਿਸਤੌਲ ਦੀ ਬਰਾਮਦਗੀ ਲਈ ਲਿਜਾ ਰਹੀ ਸੀ ਕਿ ਪੁਲਿਸ ਟੀਮ ’ਤੇ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਗੋਲੀਆਂ ਚਲਾ ਕੇ ਸਾਥੀ ਸੁਖਰਾਜ ਸਿੰਘ ਉਰਫ ਗੁੰਗਾ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ। ਦੋਵਾਂ ਪਾਸਿਓਂ ਕੀਤੀ ਗਈ ਫਾਇਰਿੰਗ ਵਿਚ ਕਾਂਸਟੇਬਲ ਵਰੁਣ ਅਤੇ ਗੈਂਗਸਟਰ ਸੁਖਰਾਜ ਜ਼ਖ਼ਮੀ ਹੋ ਗਏ। ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਗੈਂਗਸਟਰ ਸੁਖਰਾਜ ਦੀ ਮੌਤ ਹੋ ਗਈ। ਜ਼ਖ਼ਮੀ ਕਾਂਸਟੇਬਲ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਬਾਈਕ ਸਵਾਰ ਫਰਾਰ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਇਸ ਤੋਂ ਪਹਿਲਾਂ, ਪੁਲਿਸ ਨੇ 6 ਜਨਵਰੀ ਨੂੰ ਮੁਕਾਬਲੇ ਵਿੱਚ ਹਰਨੂਰ ਸਿੰਘ ਉਰਫ਼ ਨੂਰ ਨੂੰ ਮਾਰ ਦਿੱਤਾ ਸੀ। ਹਰਨੂਰ ਨੇ ਗੈਂਗਸਟਰਾਂ ਪ੍ਰਭ ਦਾਸੂਵਾਲ ਅਤੇ ਅਫਰੀਦੀ ਤੂਤ ਦੇ ਇਸ਼ਾਰੇ ’ਤੇ ਸਰਪੰਚ ਦੇ ਕਤਲ ਲਈ ਰੇਕੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ, ਪੁਲਿਸ ਨੇ ਮੈਰੀ ਗੋਲਡ ਮੈਰਿਜ ਪੈਲੇਸ ਵਿੱਚ ਸਰਪੰਚ ਜਰਮਲ ਸਿੰਘ ਦੇ ਕਤਲ ਦੇ ਦੋਸ਼ ਵਿੱਚ ਸੁਖਰਾਜ ਸਮੇਤ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਸੁਖਰਾਜ ਨੂੰ ਅਪਰਾਧ ਵਿੱਚ ਵਰਤੇ ਪਿਸਤੌਲ ਬਰਾਮਦ ਕਰਨ ਲਈ ਲੈ ਕੇ ਜਾ ਰਹੀ ਸੀ। ਸੁਖਰਾਜ ਦੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਪਿਸਤੌਲ ਬਰਾਮਦ ਕਰ ਲਿਆ।
ਇਸ ਮੁਕਾਬਲੇ ਤੋਂ ਬਾਅਦ ਮੋਹਕਮਪੁਰਾ ਥਾਣੇ ਦੀ ਪੁਲਿਸ ਨੇ ਸੁਖਰਾਜ ਅਤੇ ਦੋ ਅਣਪਛਾਤੇ ਸਾਥੀਆਂ ਵਿਰੁੱਧ ਇੱਕ ਹੋਰ ਐੱਫਆਈਆਰ ਵੀ ਦਰਜ ਕੀਤੀ ਹੈ। ਸੁਖਰਾਜ ਸਿੰਘ ਉਰਫ਼ ਗੁੰਗਾ ਅਤੇ ਉਸਦੇ ਸਾਥੀ ਕਰਮਜੀਤ ਸਿੰਘ ਨੂੰ ਛੱਤੀਸਗੜ੍ਹ ਦੇ ਰਾਏਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਪੰਜ ਹੋਰ ਮੁਲਜ਼ਮਾਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਸੀਪੀ ਭੁੱਲਰ ਨੇ ਕਿਹਾ ਕਿ ਸੁਖਰਾਜ ਨੇ ਮੰਨਿਆ ਸੀ ਕਿ ਉਸ ਨੇ ਸਰਪੰਚ ਦੇ ਕਤਲ ਤੋਂ ਬਾਅਦ ਵੱਲਾ ਖੇਤਰ ਵਿੱਚ ਪਿਸਤੌਲ ਲੁਕੋਇਆ ਸੀ। ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ’ਤੇ ਪਿਸਤੌਲ ਬਰਾਮਦ ਕਰ ਲਿਆ। ਪੁਲਿਸ ਹਿਰਾਸਤ ਤੋਂ ਵਾਪਸ ਆਉਂਦੇ ਸਮੇਂ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਪੁਲਿਸ ਗੱਡੀ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਪੁਲਿਸ ਗੱਡੀ ਦਾ ਟਾਇਰ ਫਟ ਗਿਆ। ਪੁਲਿਸ ਗੱਡੀ ਉੱਥੇ ਹੀ ਰੁਕ ਗਈ। ਇਸ ਦੌਰਾਨ ਬਦਮਾਸ਼ਾਂ ਨੇ ਪੁਲਿਸ ’ਤੇ ਗੋਲੀਬਾਰੀ ਜਾਰੀ ਰੱਖੀ ਅਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਗੋਲੀ ਲੱਗਣ ਨਾਲ ਕਾਂਸਟੇਬਲ ਵਰੁਣ ਕੁਮਾਰ ਜ਼ਖਮੀ ਹੋ ਗਿਆ। ਇਸ ਦੌਰਾਨ ਸੁਖਰਾਜ ਨੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਮੁਲਾਜ਼ਮ ਦਾ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਹੱਥੋਪਾਈ ਵਿਚ ਗੋਲੀਆਂ ਚੱਲ ਗਈਆਂ ਜਿਨ੍ਹਾਂ ਵਿਚੋਂ ਇਕ ਗੋਲੀ ਪੁਲਿਸ ਦੀ ਗੱਡੀ ਤੇ ਦੋ ਮੁਲਜ਼ਮ ਨੂੰ ਲੱਗ ਗਈਆਂ। ਤਰਨਤਾਰਨ, ਅੰਮ੍ਰਿਤਸਰ ਅਤੇ ਛੱਤੀਸਗੜ੍ਹ ਵਿੱਚ ਸੁਖਰਾਜ ਸਿੰਘ ਵਿਰੁੱਧ ਛੇ ਐੱਫਆਈਆਰ ਦਰਜ ਹਨ।