ਮਜੀਠਾ ਪੁਲਿਸ ਨੇ ਦੇਰ ਸ਼ਾਮ ਫੋਨ 'ਤੇ ਫਿਰੌਤੀ ਮੰਗਣ ਵਾਲਾ ਵਿਅਕਤੀ ਸਾਥੀ ਅਤੇ ਪਿਸਤੌਲ ਸਮੇਤ ਕਾਬੂ ਕੀਤਾ ਹੈ। ਮਾਸਟਰ ਹਰਚਰਨ ਸਿੰਘ ਵਾਸੀ ਪਿੰਡ ਸੋਹੀਆਂ ਕਲਾਂ ਨੇ ਥਾਣਾ ਮਜੀਠਾ ਵਿਖੇ ਲਿਖਤੀ ਇਤਲਾਹ ਦਿੱਤੀ ਸੀ ਕਿ ਮਿਤੀ 18 ਜਨਵਰੀ ਨੂੰ ਉਸ ਦੇ ਮੋਬਾਈਲ 'ਤੇ ਇੱਕ ਵਿਅਕਤੀ ਨੇ ਕਾਲ ਕੀਤੀ ਜਿਸਨੇ ਅਪਣਾ ਨਾਮ ਡੌਨੀ ਗੈਂਗਸਟਰ ਦੱਸਿਆ ਤੇ 10 ਲੱਖ ਰੁਪਏ ਦੀ ਫਿਰੌਤੀ ਮੰਗੀ।
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ, ਮਜੀਠਾ : ਮਜੀਠਾ ਪੁਲਿਸ ਨੇ ਦੇਰ ਸ਼ਾਮ ਫੋਨ 'ਤੇ ਫਿਰੌਤੀ ਮੰਗਣ ਵਾਲਾ ਵਿਅਕਤੀ ਸਾਥੀ ਅਤੇ ਪਿਸਤੌਲ ਸਮੇਤ ਕਾਬੂ ਕੀਤਾ ਹੈ। ਮਾਸਟਰ ਹਰਚਰਨ ਸਿੰਘ ਵਾਸੀ ਪਿੰਡ ਸੋਹੀਆਂ ਕਲਾਂ ਨੇ ਥਾਣਾ ਮਜੀਠਾ ਵਿਖੇ ਲਿਖਤੀ ਇਤਲਾਹ ਦਿੱਤੀ ਸੀ ਕਿ ਮਿਤੀ 18 ਜਨਵਰੀ ਨੂੰ ਉਸ ਦੇ ਮੋਬਾਈਲ 'ਤੇ ਇੱਕ ਵਿਅਕਤੀ ਨੇ ਕਾਲ ਕੀਤੀ ਜਿਸਨੇ ਅਪਣਾ ਨਾਮ ਡੌਨੀ ਗੈਂਗਸਟਰ ਦੱਸਿਆ ਤੇ 10 ਲੱਖ ਰੁਪਏ ਦੀ ਫਿਰੌਤੀ ਮੰਗੀ।
ਫਿਰੌਤੀ ਦੀ ਰਕਮ ਨਾ ਦੇਣ 'ਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਅਗਲੇ ਦਿਨ ਰਾਤ ਵਕਤ ਫਿਰ ਕੁਝ ਕਾਲਾਂ ਆਈਆਂ ਜਿਹੜੀਆਂ ਉਸ ਨੇ ਅਟੈਂਡ ਨਹੀਂ ਕੀਤੀਆਂ ਫਿਰ 20 ਜਨਵਰੀ ਨੂੰ ਸਵੇਰ ਵਕਤ ਦੁੱਬਈ ਦੇ ਨੰਬਰ ਤੋਂ ਵਟਸਅਪ 'ਤੇ ਮੈਸੇਜ ਆਏ ਜਿਸ ਵਿਚ ਫਿਰੌਤੀ ਮੰਗਣ ਵਾਲੇ ਨੇ ਕਿਹਾ ਕਿ ਤੂੰ ਅਗਰ 10 ਲੱਖ ਰੁਪਏ ਦਾ ਇੰਤਜ਼ਾਮ ਕਰ ਲਿਆ ਹੈ ਤਾਂ ਸ਼ਾਮ 6 ਵਜੇ ਇਹ ਰਕਮ ਲਵਾਂਗੇ। ਫਿਰ ਦੁਬਾਰਾ ਇਸੇ ਨੰਬਰ ਤੋਂ 8 ਵਜੇ ਦੇ ਕਰੀਬ ਵਟਸਅਪ ਨੰਬਰ 'ਤੇ ਵਾਇਸ ਮੈਸੇਜ ਆਉਣ ਲੱਗੇ ਜਿਹੜੇ ਦੇਰ ਰਾਤ ਤੱਕ ਆਉਂਦੇ ਰਹੇ ਅਤੇ 5 ਲੱਖ ਰੁਪਏ ਹੁਣ ਅਤੇ 5 ਲੱਖ ਰੁਪਏ ਹਫਤੇ ਤੱਕ ਦੇਣ ਲਈ ਕਿਹਾ ਗਿਆ ਨਹੀ ਤਾਂ ਟਰੇਲਰ ਦਿਖਾਉਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਮੈਂ ਤੇਰੇ ਘਰ ਆਪਣੇ ਬੰਦੇ ਭੇਜ ਰਿਹਾ ਹਾਂ।
ਪਿੰਡ ਵਿਚ ਬੱਤੀਆਂ ਜੱਗ ਰਹੀਆਂ ਸਨ ਅਤੇ ਇੱਕ ਮੋਨਾ ਵਿਅਕਤੀ ਜਿਸ ਨੇ ਆਪਣਾ ਮੂੰਹ ਕੱਪੜੇ ਨਾਲ ਬੰਨਿਆ ਸੀ ਡੱਬ ਵਿਚੋਂ ਪਿਸਤੌਲ ਕੱਢ ਕੇ ਕਹਿਣ ਲੱਗਾ ਕਿ ਜਲਦੀ ਨਾਲ ਪੈਸੇ ਹਰਿੰਦਰ ਸਿੰਘ ਮਹਿਤਾ ਨੂੰ ਦੇ ਮੈਂ ਉਕਤ ਵਿਅਕਤੀ ਨੂੰ ਕੱਦ ਕਾਠ ਅਤੇ ਆਵਾਜ ਤੋਂ ਪਛਾਣ ਲਿਆ ਕਿ ਇਹ ਵਿਅਕਤੀ ਪਿੰਡ ਸੋਹੀਆਂ ਕਲਾਂ ਦਾ ਸੁਖਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਹੈ।
ਇਤਲਾਹ ਮਿਲਣ ਤੋਂ ਬਾਅਦ ਥਾਣਾ ਮਜੀਠਾ ਦੀ ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਸੁਖਮਨਪ੍ਰੀਤ ਸਿੰਘ ਵਾਸੀ ਪਿੰਡ ਸੋਹੀਆਂ ਕਲਾਂ ਨੂੰ ਸਮੇਤ ਪਿਸਤੌਲ ਕਾਬੂ ਕਰ ਲਿਆ ਜਿਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਦੇ ਨਾਲ ਹਰਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਅਤੇ ਪ੍ਰਕਾਸ਼ ਸਿੰਘ ਖੁਦ ਵਾਸੀ ਕੁਹਾਟਵਿੰਡ ਹਿੰਦੂਆ ਥਾਣਾ ਮਹਿਤਾ ਵੀ ਉਸ ਨਾਲ ਵਾਰਦਾਤ ਵਿਚ ਸ਼ਾਮਲ ਹਨ।
ਥਾਣਾ ਮਜੀਠਾ ਦੇ ਐੱਸਐੱਚਓ ਇੰਸਪੈਕਟਰ ਕਰਮਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਨਾਲ ਸਬੰਧਤ ਵਿਅਕਤੀ ਸੁਖਮਨਪ੍ਰੀਤ ਸਿੰਘ ਵਾਸੀ ਸੋਹੀਆ ਕਲਾਂ ਅਤੇ ਪ੍ਰਕਾਸ਼ ਸਿੰਘ ਵਾਸੀ ਕੁਹਾਟਵਿੰਡ ਹਿੰਦੂਆਂ ਨੂੰ ਸਮੇਤ ਪਿਸਤੌਲ ਕਾਬੂ ਅਤੇ ਹਰਿੰਦਰ ਸਿੰਘ ਨੂੰ ਨਾਮਜ਼ਦ ਕਰ ਲਿਆ ਹੈ ਅਤੇ ਇਨ੍ਹਾਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਹੈ।