Amritsar News : ਗੁਰੂ ਸਾਹਿਬ ਦੀ ਕੁਰਬਾਨੀ ਸਵੈ-ਧਰਮ, ਸਹਿਣਸ਼ੀਲਤਾ ਤੇ ਮਨੁੱਖਤਾ ਦਾ ਪ੍ਰਤੀਕ : ਫੜਨਵੀਸ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਾਗਪੁਰ ਦੇ ਨਾਰਾ ਸਥਿਤ ਸੁਰੇਸ਼ ਚੰਦਰ ਸੂਰੀ ਮੈਦਾਨ ਵਿਚ ਵਿਸ਼ਾਲ ਰਾਜ ਪੱਧਰੀ ਸਮਾਗਮ ਕੀਤਾ ਗਿਆ। ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ।
Publish Date: Mon, 08 Dec 2025 09:13 PM (IST)
Updated Date: Mon, 08 Dec 2025 09:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਾਗਪੁਰ ਦੇ ਨਾਰਾ ਸਥਿਤ ਸੁਰੇਸ਼ ਚੰਦਰ ਸੂਰੀ ਮੈਦਾਨ ਵਿਚ ਵਿਸ਼ਾਲ ਰਾਜ ਪੱਧਰੀ ਸਮਾਗਮ ਕੀਤਾ ਗਿਆ। ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮੁਗਲ ਕਾਲ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਢਾਲ ਬਣ ਕੇ ਸਮਾਜ ਅਤੇ ਸੱਭਿਆਚਾਰ ਦੀ ਰੱਖਿਆ ਕੀਤੀ। ਗੁਰੂ ਸਾਹਿਬ ਦੀ ਕੁਰਬਾਨੀ ਸਵੈ-ਧਰਮ, ਸਹਿਣਸ਼ੀਲਤਾ ਅਤੇ ਮਨੁੱਖਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਇਸ ਸ਼ਾਨਦਾਰ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਸੰਕਲਪ ਪ੍ਰਗਟ ਕੀਤਾ।
ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਮਨੁੱਖਤਾ ਅਤੇ ਸੱਚ ਦੀ ਰੱਖਿਆ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਯਾਦ ਦਿਵਾਇਆ ਕਿ ਜਦੋਂ ਵੀ ਅਧਰਮ ਵਧਦਾ ਹੈ, ਕੋਈ ਨਾ ਕੋਈ ਧਰਮ ਦੀ ਰੱਖਿਆ ਲਈ ਉੱਠਦਾ ਹੈ ਅਤੇ ਗੁਰੂ ਸਾਹਿਬ ਜੀ ਨੇ ਆਪਣੀ ਕੁਰਬਾਨੀ ਰਾਹੀਂ ਇਸ ਨੂੰ ਸਾਬਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਰਾਜ ਭਰ ਦੇ ਸ਼ਰਧਾਲੂਆਂ ਨੂੰ ਇਕੱਠੇ ਕਰਨ ਲਈ ਇੱਕ ਮਹੱਤਵਪੂਰਨ ਯਤਨ ਹੈ।
ਇਸ ਮੌਕੇ ਗਿਆਨੀ ਹਰਨਾਮ ਸਿੰਘ ਨੇ ਕਿਹਾ ਕਿ ਭਾਰਤ ਵਿਭਿੰਨਤਾ ਅਤੇ ਸਦਭਾਵਨਾ ਦਾ ਦੇਸ਼ ਰਿਹਾ ਹੈ ਪਰ ਮੁਗਲਾਂ ਨੇ ਸੱਭਿਆਚਾਰ ਅਤੇ ਦੇਸ਼ ’ਤੇ ਸਖਤ ਹਮਲੇ ਕੀਤੇ। ਮਹਾਰਾਸ਼ਟਰ ਅਤੇ ਪੰਜਾਬ ਨੇ ਇਨ੍ਹਾਂ ਹਮਲਿਆਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਭਾਰਤੀ ਸੱਭਿਆਚਾਰ ਦੀ ਰੱਖਿਆ ਦਾ ਇਤਿਹਾਸ ਹੈ। ਇਸ ਮੌਕੇ ਬਲ ਮਲਕੀਤ ਸਿੰਘ ਨਿਮੰਨਤ੍ਰਿਕ ਰਾਜ ਪੱਧਰੀ ਕਮੇਟੀ ਅਤੇ ਚੇਅਰਮੈਨ ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਬਾਰੇ ਕਿਤਾਬ ਰਿਲੀਜ਼ ਕੀਤੀ ਗਈ ਅਤੇ ਗੁਰੂ ਸਾਹਿਬ ਜੀ ਦੇ ਜੀਵਨੀ ਬਾਰੇ ਡਾਕੂਮੇਂਟਰੀ ਫਿਲਮ ਲਾਂਚ ਕੀਤੀ ਗਈ। ਗੁਰੂ ਸਾਹਿਬ ਦੇ ਇਤਿਹਾਸ ਬਾਰੇ ਪ੍ਰਦਰਸ਼ਨੀ ਲਗਾਈ ਗਈ। ਇਸ ਸਮਾਗਮ ਵਿਚ ਕੈਬਨਿਟ ਮੰਤਰੀ, ਸੰਤ, ਸਮਾਜਿਕ ਆਗੂ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ।