Amritsar News : ਸਾਲ ਦਾ ਇਕ ਤਿਉਹਾਰ ਅਜਿਹਾ ਜਿਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਹੁੰਦੀ ਘੱਟ, ਪੁਰਾਤਨ ਮਰਿਆਦਾ ਅਨੁਸਾਰ ਅਰਦਾਸ ਉਪਰੰਤ ਬਸੰਤ ਰਾਗ ਦੀ ਹੋਈ ਆਰੰਭਤਾ
ਹਮੇਸ਼ਾ ਹੀ ਜਦੋਂ ਕੋਈ ਵੀ ਖੁਸ਼ੀ ਦਾ ਦਿਨ ਹੋਵੇ ਤਾਂ ਹਰ ਵਿਅਕਤੀ ਪਰਿਮਾਤਮਾ ਦਾ ਸ਼ੁਕਰਾਣਾ ਕਰਨਾ ਚਾਹੁੰਦਾ ਹੈ, ਜਿਸ ਲਈ ਉਹ ਗੁਰੂ ਘਰ ਜਾ ਕੇ ਗੁਰੂ ਚਰਨਾ ਵਿਚ ਸ਼ੁਕਰਾਨਾ ਕਰਦਾ ਹੈ। ਪਰ ਸਾਲ ਦਾ ਇਕ ਖੁਸ਼ੀ ਵਾਲਾ ਤਿਉਹਾਰ ‘ਲੋਹੜੀ’ ਜਦੋਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਗੁਰੂ ਘਰਾਂ ਵਿਚ ਸੰਗਤਾਂ ਦੀ ਆਮਦ ਸਭ ਤੋਂ ਘੱਟ ਹੁੰਦੀ ਹੈ।
Publish Date: Tue, 13 Jan 2026 09:14 PM (IST)
Updated Date: Tue, 13 Jan 2026 09:18 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਹਮੇਸ਼ਾ ਹੀ ਜਦੋਂ ਕੋਈ ਵੀ ਖੁਸ਼ੀ ਦਾ ਦਿਨ ਹੋਵੇ ਤਾਂ ਹਰ ਵਿਅਕਤੀ ਪਰਿਮਾਤਮਾ ਦਾ ਸ਼ੁਕਰਾਣਾ ਕਰਨਾ ਚਾਹੁੰਦਾ ਹੈ, ਜਿਸ ਲਈ ਉਹ ਗੁਰੂ ਘਰ ਜਾ ਕੇ ਗੁਰੂ ਚਰਨਾ ਵਿਚ ਸ਼ੁਕਰਾਨਾ ਕਰਦਾ ਹੈ। ਪਰ ਸਾਲ ਦਾ ਇਕ ਖੁਸ਼ੀ ਵਾਲਾ ਤਿਉਹਾਰ ‘ਲੋਹੜੀ’ ਜਦੋਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਗੁਰੂ ਘਰਾਂ ਵਿਚ ਸੰਗਤਾਂ ਦੀ ਆਮਦ ਸਭ ਤੋਂ ਘੱਟ ਹੁੰਦੀ ਹੈ।
ਇਸ ਦਿਨ ਲੋਕ ਆਪਣਿਆਂ ਵਿਚ ਖੁਸ਼ੀ ਇਸ ਤਰਾਂ ਸਾਂਝੀ ਕਰਦੇ ਹਨ ਕਿ ਪੰਜਾਬ ਅਤੇ ਬਾਹਰੀ ਸੂਬਿਆਂ ਤੋਂ ਵੀ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਘੱਟ ਹੀ ਆਉਂਦੀਆਂ ਹਨ। ਆਮ ਦਿਨਾਂ ਦੀ ਤਰਾਂ ਜਿਥੇ ਰੋਜਾਨਾ ਦਰਸ਼ਨ ਅਤੇ ਸੇਵਾ ਕਰਨ ਵਾਲੀਆਂ ਸੰਗਤਾਂ ਆਪਣੇ ਨੇਮ ਮੁਤਾਬਿਕ ਆਉਂਦੀਆਂ ਹਨ, ਉਥੇ ਹੀ ਦੂਰ ਦਰਾਡੇ ਦੀਆਂ ਸੰਗਤਾਂ ਨਹੀਂ ਪਹੁੰਚਦੀਆਂ। ਇਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਵੀ ਪੁੱਲ ‘ਤੇ ਵੀ ਜਿਆਦਾ ਲੰਬੀਆਂ ਕਤਾਰਾਂ ਨਹੀਂ ਹੁੰਦੀਆਂ। ਜਿਹੜੀਆਂ ਸੰਗਤਾਂ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ ਉਹਨਾਂ ਨੂੰ ਖੁੱਲ੍ਹੇ ਸਮੇਂ ਨਾਲ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ।
ਸਾਲ ਵਿਚ ਇਹ ਇਕ ਦਿਨ ਹੁੰਦਾ ਹੈ ਜਦੋਂ ਸੰਗਤਾਂ ਦਰਸ਼ਨ ਕਰਨ ਲਈ ਘੱਟ ਪਹੁੰਚਦੀਆਂ ਹਨ ਜਦ ਕਿ ਪੂਰੇ ਭਾਰਤ ਵਿਚ ਮਨਾਏ ਜਾਣ ਵਾਲੇ ਦੀਵਾਲੀ ਦੇ ਤਿਉਹਾਰ ਮੌਕੇ ਸੰਗਤਾਂ ਦਾ ਹੜ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਲਈ ਪਹੁੰਚਦਾ ਹੈ।
ਲੋਹੜੀ ਵਾਲੀ ਰਾਤ ਕੀਰਤਨ ਦੀ ਸਮਾਪਤੀ ਤੋਂ ਪਹਿਲਾਂ ਪੁਰਾਤਨ ਮਰਿਆਦਾ ਅਨੁਸਾਰ ਬਸੰਤ ਰਾਗ ਦੀ ਆਰੰਭਤਾ ਦੀ ਅਰਦਾਸ ਉਪਰੰਤ ਸਮਾਪਤੀ ਦੀ ਚੌਕੀ ਸਮੇਂ ਕੀਰਤਨੀ ਜਥੇ ਵੱਲੋਂ ਬਸੰਤ ਰਾਗ ਗਾਇਨ ਕਰਕੇ ਕੀਰਤਨ ਸਮੇਂ ਗਾਇਣ ਕੀਤੇ ਜਾਣ ਵਾਲੇ ਰਾਗ ਦੀ ਮਰਿਆਦਾ ਦੀ ਆਰੰਭਾ ਕੀਤੀ ਗਈ।
ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਪੁਰਾਤਨ ਮਰਿਆਦਾ ਅਨੁਸਾਰ ਬਸੰਤ ਰਾਗ ਦੀ ਆਰੰਭਤਾ ਦੀ ਅਰਦਾਸ ਉਪਰੰਤ ਸਮਾਪਤੀ ਦੀ ਚੌਕੀ ਸਮੇਂ ਕੀਰਤਨੀ ਜਥੇ ਵੱਲੋਂ ਬਸੰਤ ਰਾਗ ਗਾਇਨ ਕੀਤਾ ਗਿਆ। ਹੋਲੇ ਮਹੱਲੇ ਵਾਲੇ ਦਿਨ ਆਸਾ ਦੀ ਵਾਰ ਦੀ ਸਮਾਪਤੀ ਸਮੇਂ ਬਸੰਤ ਰਾਗ ਦੀ ਸਮਾਪਤੀ ਹੋਵੇਗੀ। ਰਾਗੀ ਸਿੰਘ ਇਸ ਸਮੇਂ ਦੌਰਾਨ ਕੀਰਤਨ ਕਰਨ ਸਮੇਂ ਬਸੰਤ ਰਾਗ ਗਾਇਨ ਕਰਨਗੇ, ਇਹ ਪੁਰਾਤਨ ਮਰਿਆਦਾ ਚੱਲਦੀ ਆ ਰਹੀ ਹੈ।