ਅੰਮ੍ਰਿਤਸਰ 'ਚ ਦਿਨ-ਦਿਹਾੜੇ ਵਕੀਲ ਦੀ ਚਲਾਈਆਂ ਗੋਲੀਆਂ, ਬਾਈਕ ਸਵਾਰ ਬਦਮਾਸ਼ ਹਮਲਾ ਕਰਕੇ ਫਰਾਰ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਦੋਸ਼ੀ ਆਪਣੀਆਂ ਬਾਈਕਾਂ 'ਤੇ ਭੱਜ ਗਏ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਹੈ ਕਿ ਲਖਵਿੰਦਰ ਨੂੰ ਚਾਰ ਗੋਲੀਆਂ ਲੱਗੀਆਂ ਹਨ। ਮੁਲਜ਼ਮਾਂ ਵੱਲੋਂ ਕੁੱਲ ਪੰਜ ਗੋਲੀਆਂ ਚਲਾਈਆਂ ਗਈਆਂ।
Publish Date: Mon, 21 Jul 2025 12:47 PM (IST)
Updated Date: Mon, 21 Jul 2025 01:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ : 25 ਮਈ ਨੂੰ ਜੰਡਿਆਲਾ ਗੁਰੂ ਦੇ ਕੌਂਸਲਰ ਹਰਜਿੰਦਰ ਸਿੰਘ ਬਾਮਨ ਦੇ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਨੂੰ ਲੋਕ ਅਜੇ ਭੁੱਲੇ ਨਹੀਂ ਸਨ ਕਿ ਸੋਮਵਾਰ ਸਵੇਰੇ ਲਗਭਗ 8:45 ਵਜੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਅਣਪਛਾਤੇ ਨੌਜਵਾਨਾਂ ਨੇ ਸਾਬਕਾ ਕੌਂਸਲਰ ਅਵਤਾਰ ਸਿੰਘ ਕਾਲਾ ਦੇ ਭਰਾ ਐਡਵੋਕੇਟ ਲਖਵਿੰਦਰ ਸਿੰਘ 'ਤੇ ਗੋਲੀਆਂ ਚਲਾਈਆਂ। ਲਖਵਿੰਦਰ ਸਿੰਘ ਦੋ ਗੋਲੀਆਂ ਲੱਗਣ ਤੋਂ ਬਾਅਦ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ। ਉੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਗੋਲੀਆਂ ਲੱਗਣ ਕਾਰਨ ਉਸ ਦੀ ਕਾਰ ਬੇਕਾਬੂ ਹੋ ਗਈ ਅਤੇ ਸਾਈਕਲ 'ਤੇ ਜਾ ਰਹੇ ਇਕ ਮਿਸਤਰੀ ਨਾਲ ਟਕਰਾ ਗਈ ਅਤੇ ਇਕ ਬੰਦ ਦੁਕਾਨ ਦੇ ਸ਼ਟਰ ਨਾਲ ਟਕਰਾ ਗਈ। ਜਿਸ ਕਾਰਨ ਮਿਸਤਰੀ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਹੈ। ਦੂਜੇ ਪਾਸੇ ਗੋਲੀਆਂ ਚਲਾਉਣ ਤੋਂ ਬਾਅਦ ਨੌਜਵਾਨ ਮੌਕੇ ਤੋਂ ਭੱਜ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਰਵਿੰਦਰ ਸਿੰਘ ਅਤੇ ਐਸਐਚਓ ਹਰਚੰਦ ਸਿੰਘ ਤੁਰੰਤ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚ ਗਏ।
ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਕੌਂਸਲਰ ਅਵਤਾਰ ਸਿੰਘ ਕਾਲਾ ਦੇ ਭਰਾ ਐਡਵੋਕੇਟ ਲਖਵਿੰਦਰ ਸਿੰਘ ਸੋਮਵਾਰ ਸਵੇਰੇ ਆਪਣੀ ਕਾਰ ਨੰਬਰ ਪੀਬੀ 02 ਸੀਈ 6897 ਵਿਚ ਅੰਮ੍ਰਿਤਸਰ ਅਦਾਲਤ ਵਿਚ ਆਪਣੇ ਕੰਮ ਲਈ ਨਿਕਲੇ ਸਨ। ਗੁਰਦੁਆਰਾ ਬਾਬਾ ਹੁੰਦਲ ਜੀ ਰੋਡ 'ਤੇ ਐਵਰਗ੍ਰੀਨ ਕਲੋਨੀ ਨੇੜੇ ਮੋਟਰਸਾਈਕਲ 'ਤੇ ਸਵਾਰ ਤਿੰਨ ਨਕਾਬਪੋਸ਼ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਮੌਕੇ ਤੋਂ ਪੰਜ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ।
ਕੁੱਲ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਗੋਲੀਆਂ ਚਲਾਉਣ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਨੇੜੇ ਕੰਮ ਕਰਨ ਵਾਲੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਮੁਲਜ਼ਮਾਂ ਦਾ ਪਤਾ ਲਗਾ ਲਿਆ ਜਾਵੇਗਾ।