ਜਾਮਨਗਰ ਤੋਂ ਫੜਿਆ ਅੰਮ੍ਰਿਤਸਰ ਬਸ ਸਟੈਂਡ ਹੱਤਿਆਕਾਂਡ ਦਾ ਮਾਸਟਰਮਾਈਂਡ, ਗੁਜਰਾਤ ATS ਦੀ ਵੱਡੀ ਕਾਮਯਾਬੀ
ਜਾਂਚ ਤੋਂ ਪਤਾ ਲੱਗਾ ਕਿ ਲਵਪ੍ਰੀਤ ਗੁਜਰਾਤ ਦੇ ਜਾਮਨਗਰ ਭੱਜ ਗਿਆ ਸੀ ਤਾਂ ਪੰਜਾਬ ਪੁਲਿਸ ਨੇ ਤੁਰੰਤ ਉਸਦੀ ਸਥਿਤੀ ਤੇ ਵੇਰਵੇ ਗੁਜਰਾਤ ਏਟੀਐਸ ਨੂੰ ਭੇਜ ਦਿੱਤੇ। ਸੂਚਨਾ ਮਿਲਣ 'ਤੇ ਗੁਜਰਾਤ ਏਟੀਐਸ ਨੇ ਜਾਮਨਗਰ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਸਹਿਯੋਗ ਨਾਲ ਇਕ ਮੁਹਿੰਮ ਸ਼ੁਰੂ ਕੀਤੀ।
Publish Date: Mon, 01 Dec 2025 01:54 PM (IST)
Updated Date: Mon, 01 Dec 2025 02:47 PM (IST)
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਅੰਮ੍ਰਿਤਸਰ ਬੱਸ ਸਟੈਂਡ ਵਿਖੇ ਹੋਏ ਕਤਲ ਕੇਸ 'ਚ ਲੋੜੀਂਦੇ ਮੁਲਜ਼ਮ ਨੂੰ ਗੁਜਰਾਤ ਏਟੀਐਸ ਤੇ ਜਾਮਨਗਰ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਸਾਂਝੇ ਆਪ੍ਰੇਸ਼ਨ 'ਚ ਜਾਮਨਗਰ ਜ਼ਿਲ੍ਹੇ ਦੇ ਮੇਘਪਾਰ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਲਵਪ੍ਰੀਤ ਸਿੰਘ ਹਰਜੀਤ ਸਿੰਘ ਵਜੋਂ ਹੋਈ ਹੈ ਜੋ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਇਕ ਸਥਾਨਕ ਕੰਪਨੀ 'ਚ ਸਹਾਇਕ ਵਜੋਂ ਨੌਕਰੀ ਕਰਦਾ ਸੀ।
ਪਿਛਲੇ ਮਹੀਨੇ ਅੰਮ੍ਰਿਤਸਰ ਦੇ 'ਏ' ਡਿਵੀਜ਼ਨ ਥਾਣਾ ਖੇਤਰ 'ਚ ਇਕ ਬੱਸ ਸਟੈਂਡ 'ਤੇ ਮੱਖਣ ਸਿੰਘ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਇਸ ਮਾਮਲੇ 'ਚ ਧਰਮਵੀਰ ਸਿੰਘ, ਕਰਮਵੀਰ ਸਿੰਘ, ਬਿਕਰਮਜੀਤ ਸਿੰਘ ਤੇ ਜੌਨੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਪੁੱਛਗਿੱਛ ਦੌਰਾਨ ਕਤਲ ਦੀ ਸਾਜ਼ਿਸ਼ 'ਚ ਲਵਪ੍ਰੀਤ ਸਿੰਘ ਦਾ ਨਾਂ ਮੁੱਖ ਸ਼ੱਕੀ ਵਜੋਂ ਸਾਹਮਣੇ ਆਇਆ ਸੀ। ਜਾਂਚ ਤੋਂ ਪਤਾ ਲੱਗਾ ਕਿ ਲਵਪ੍ਰੀਤ ਗੁਜਰਾਤ ਦੇ ਜਾਮਨਗਰ ਭੱਜ ਗਿਆ ਸੀ ਤਾਂ ਪੰਜਾਬ ਪੁਲਿਸ ਨੇ ਤੁਰੰਤ ਉਸਦੀ ਸਥਿਤੀ ਤੇ ਵੇਰਵੇ ਗੁਜਰਾਤ ਏਟੀਐਸ ਨੂੰ ਭੇਜ ਦਿੱਤੇ। ਸੂਚਨਾ ਮਿਲਣ 'ਤੇ ਗੁਜਰਾਤ ਏਟੀਐਸ ਨੇ ਜਾਮਨਗਰ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਸਹਿਯੋਗ ਨਾਲ ਇਕ ਮੁਹਿੰਮ ਸ਼ੁਰੂ ਕੀਤੀ। ਦੋਵਾਂ ਟੀਮਾਂ ਨੇ ਲਵਪ੍ਰੀਤ ਸਿੰਘ ਨੂੰ ਲੱਭ ਲਿਆ, ਜੋ ਮੇਘਪਾਰ ਇੰਡਸਟਰੀਅਲ ਏਰੀਆ 'ਚ ਲੁਕਿਆ ਹੋਇਆ ਸੀ, ਜਿੱਥੇ ਉਹ ਇਕ ਆਰਜ਼ੀ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ।
ਟੀਮਾਂ ਨੇ ਮੌਕੇ 'ਤੇ ਉਸਦੀ ਪਛਾਣ ਦੀ ਪੁਸ਼ਟੀ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੂੰ ਪੁੱਛਗਿੱਛ ਲਈ ਅਹਿਮਦਾਬਾਦ ਦੇ ਏਟੀਐਸ ਦਫ਼ਤਰ ਲਿਜਾਇਆ ਗਿਆ।
ਪੁੱਛਗਿੱਛ ਦੌਰਾਨ ਕਈ ਰਾਜ਼ ਸਾਹਮਣੇ ਆਏ
ਮੁਢਲੀ ਪੁੱਛਗਿੱਛ ਦੌਰਾਨ ਲਵਪ੍ਰੀਤ ਨੇ ਮੰਨਿਆ ਕਿ ਉਹ, ਧਰਮਵੀਰ ਤੇ ਹੋਰ ਸਾਥੀਆਂ ਨਾਲ ਮਿਲ ਕੇ ਅੰਮ੍ਰਿਤਸਰ ਬੱਸ ਸਟੈਂਡ 'ਤੇ ਮੱਖਣ ਸਿੰਘ ਦੇ ਕਤਲ ਦੀ ਸਾਜ਼ਿਸ਼ 'ਚ ਸ਼ਾਮਲ ਸੀ। ਕਤਲ ਦੀ ਯੋਜਨਾ ਆਪਸੀ ਮੁਲਾਕਾਤਾਂ ਅਤੇ ਫ਼ੋਨ ਗੱਲਬਾਤ ਰਾਹੀਂ ਬਣਾਈ ਗਈ ਸੀ।