ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਸੈਮੀਨਾਰ ਕਰਵਾਇਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ, ਸਰੀਰਕ ਸਿੱਖਿਆ ਵਿਭਾਗ ਤੇ ਫਾਰਮਾਸਿਊਟੀਕਲ ਸਾਇੰਸਿਜ਼ ਵਿਭਾਗ ਨੇ ਸਾਂਝੇ ਤੌਰ ’ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ
Publish Date: Sun, 23 Nov 2025 04:25 PM (IST)
Updated Date: Sun, 23 Nov 2025 04:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ, ਸਰੀਰਕ ਸਿੱਖਿਆ ਵਿਭਾਗ ਤੇ ਫਾਰਮਾਸਿਊਟੀਕਲ ਸਾਇੰਸਿਜ਼ ਵਿਭਾਗ ਨੇ ਸਾਂਝੇ ਤੌਰ ’ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਸੈਮੀਨਾਰ ਕਰਵਾਇਆ। ‘ਹਿੰਦ ਦੀ ਚਾਦਰ’ ਮਹਾਨ ਗੁਰੂ ਸਾਹਿਬ ਦੀ ਇਸ ਲ੍ਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਇਸ ਸਮਾਗਮ ਵਿੱਚ ਮਨੁੱਖਤਾ, ਨਿਆਂ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਕੀਤੀ ਗਈ ਸ਼ਹਾਦਤ ਨੂੰ ਨਮਨ ਕੀਤਾ ਗਿਆ। ਸਮਾਗਮ ਦਾ ਮਕਸਦ ਗੁਰੂ ਸਾਹਿਬ ਦੀ ਸਾਂਝੀ ਵਿਰਾਸਤ, ਸ਼ਾਂਤੀ ਤੇ ਸਹਿਣਸ਼ੀਲਤਾ ਦੇ ਸੁਨੇਹੇ ਨੂੰ ਯਾਦ ਕਰਨਾ ਅਤੇ ਵਿਿਦਆਰਥੀਆਂ-ਅਧਿਆਪਕਾਂ ਨੂੰ ਉਨ੍ਹਾਂ ਦੇ ਸਿਧਾਂਤਾਂ ’ਤੇ ਚੱਲਣ ਲਈ ਪ੍ਰੇਰਿਤ ਕਰਨਾ ਸੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਵੱਲੋਂ ਮਨੁੱਖੀ ਹੱਕਾਂ ਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਕੀਤੀ ਗਈ ਸ਼ਹਾਦਤ ਨੂੰ ਮਨੁੱਖਤਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਬਲੀਦਾਨ ਦੱਸਿਆ। ਉਨ੍ਹਾਂ ਕਿਹਾ ਅੱਜ ਦੇ ਸਮੇਂ ਵਿੱਚ ਵੀ ਗੁਰੂ ਸਾਹਿਬ ਦੇ ਸਿਧਾਂਤ ਭਾਈਚਾਰਕ ਸਾਂਝ, ਆਪਸੀ ਸਤਿਕਾਰ ਅਤੇ ਮੁੱਢਲੇ ਮੁਲਾਂ ਦੀ ਰਾਖੀ ਲਈ ਬਹੁਤ ਪ੍ਰਸੰਗਿਕ ਹਨ। ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਰਸਾਇਣ ਵਿਗਿਆਨ ਵਿਭਾਗ ਦੇ ਮੁਖੀ ਤੇ ਡੀਨ ਅਕਾਦਮਿਕ ਅਫ਼ੇਅਰਜ਼ ਪ੍ਰੋ. (ਡਾ.) ਪਲਵਿੰਦਰ ਸਿੰਘ ਵੱਲੋਂ ਸਵਾਗਤ ਭਾਸ਼ਨ ਨਾਲ ਹੋਈ। ਉਨ੍ਹਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਵੱਖ-ਵੱਖ ਰੰਗਾਂ ਨੂੰ ਸੁੰਦਰ ਢੰਗ ਨਾਲ ਉਜਾਗਰ ਕੀਤਾ ਅਤੇ ਧਰਮ ਦੀ ਰਾਖੀ, ਦੱਬੇ-ਕੁਚਲੇ ਵਰਗ ਦੀ ਰੱਖਿਆ ਤੇ ਨਿਡਰਤਾ ਦੇ ਸੁਨੇਹੇ ’ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਅੱਜ ਵੀ ਨੈਤਿਕ ਪ੍ਰੇਰਨਾ ਦਾ ਸਰੋਤ ਹੈ। ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਦੇ ਪ੍ਰਿੰਸੀਪਲ ਪ੍ਰੋ. (ਡਾ.) ਇੰਦਰਜੀਤ ਸਿੰਘ ਗੋਗੋਆਨੀ ਨੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਇਤਿਹਾਸਕ ਪਿਛੋਕੜ ਤੇ ਉਸ ਵਿੱਚੋਂ ਮਿਲਣ ਵਾਲੇ ਸਦੀਵੀ ਸਬਕਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਬਲੀਦਾਨ ਸਿਰਫ਼ ਸਿੱਖ ਇਤਿਹਾਸ ਦੀ ਘਟਨਾ ਨਹੀਂ ਸਗੋਂ ਮਨੁੱਖੀ ਹੱਕਾਂ, ਨੈਤਿਕ ਮਜ਼ਬੂਤੀਤੇ ਸੱਚ ਦੀ ਜਿੱਤ ਦਾ ਵਿਸ਼ਵ ਪੱਧਰੀ ਪ੍ਰਤੀਕ ਹੈ। ਡਾ. ਕੰਵਲਜੀਤ ਸਿੰਘ, ਸਹਾਇਕ ਪ੍ਰੋਫ਼ੈਸਰ ਤੇ ਮੁਖੀ, ਪੰਜਾਬੀ ਵਿਭਾਗ, ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਨੇ ਗੁਰੂ ਸਾਹਿਬ ਦੀ ਬਾਣੀ ਦੀ ਸਾਹਿਤਕ ਤੇ ਆਧਿਆਤਮਿਕ ਡੂੰਘਾਈ ’ਤੇ ਚਰਚਾ ਕੀਤੀ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਗੁਰੂ ਸਾਹਿਬ ਦੀ ਬਾਣੀ ਦੇ ਵੈਰਾਗ, ਸੰਤੋਖ, ਨਿਡਰਤਾ ਤੇ ਦਇਆ ਦੇ ਸੁਨੇਹੇ ਨੂੰ ਵਿਸਤਾਰ ਨਾਲ ਸਮਝਾਇਆ। ਉਨ੍ਹਾਂ ਕਿਹਾ ਗੁਰੂ ਸਾਹਿਬ ਦੀ ਬਾਣੀ ਵਿਅਕਤੀਗਤ ਤੇ ਸਮਾਜਿਕ ਸਦਭਾਵਨਾ ਪੈਦਾ ਕਰਨ ਵਿੱਚ ਅੱਜ ਵੀ ਸਹਾਈ ਹੈ। ਸਮਾਗਮ ਦਾ ਸਮਾਪਨ ਡਾ. ਤੇਜਵੰਤ ਸਿੰਘ ਕੰਗ ਵੱਲੋਂ ਧੰਨਵਾਦ ਭਾਸ਼ਨ ਨਾਲ ਹੋਇਆ। ਉਨ੍ਹਾਂ ਮੁੱਖ ਮਹਿਮਾਨ, ਵਿਦਵਾਨ ਵਕਤਾ, ਫੈਕਲਟੀ ਮੈਂਬਰ, ਵਿਦਿਆਰਥੀ ਤੇ ਸਟਾਫ਼ ਦਾ ਧੰਨਵਾਦ ਕੀਤਾ ਤੇ ਤਿੰਨਾਂ ਵਿਭਾਗਾਂ ਦੀ ਸਾਂਝੀ ਮਿਹਨਤ ਨੂੰ ਸਲਾਘਾ ਦਿੱਤੀ। ਉਨ੍ਹਾਂ ਯੂਨੀਵਰਸਿਟੀ ਵੱਲੋਂ ਸਿੱਖ ਗੁਰੂਆਂ ਦੀ ਵਿਰਾਸਤ ਨੂੰ ਸੰਭਾਲਣ ਤੇ ਪ੍ਰਚਾਰਨ ਦੇ ਸੰਕਲਪ ਨੂੰ ਦੁਹਰਾਇਆ।