ਪੰਜਾਬੀ ਸਾਹਿਤਕਾਰ ਪਿਆਰਾ ਸਿੰਘ ਕੁੱਦੋਵਾਲ ਨਾਲ ਰੁਬਰੂ ਸਮਾਗਮ ਕਰਵਾਇਆ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਖ਼ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਯੋਗ ਰਹਿਨੁਮਾਈ ਤੇ ਡਾ. ਮਨਜਿੰਦਰ ਸਿੰਘ ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾਈ ਹੇਠ
Publish Date: Wed, 19 Nov 2025 04:23 PM (IST)
Updated Date: Wed, 19 Nov 2025 04:25 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਖ਼ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਯੋਗ ਰਹਿਨੁਮਾਈ ਤੇ ਡਾ. ਮਨਜਿੰਦਰ ਸਿੰਘ ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾਈ ਹੇਠ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਸਿੱਧ ਪਰਵਾਸੀ ਪੰਜਾਬੀ ਸਾਹਿਤਕਾਰ ਪਿਆਰਾ ਸਿੰਘ ਕੁੱਦੋਵਾਲ ਨਾਲ ਰੁਬਰੂ ਦਾ ਆਯੋਜਨ ਕੀਤਾ ਗਿਆ। ਆਰੰਭ ਵਿਚ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਪੌਦੇ ਭੇਟ ਕਰਕੇ ਸਵਾਗਤ ਕੀਤਾ। ਆਪਣੇ ਸਵਾਗਤੀ ਸ਼ਬਦਾਂ ਵਿਚ ਉਹਨਾਂ ਕਿਹਾ ਕਿ ਪਰਵਾਸ ਕੇਵਲ ਭੌਤਿਕ ਹੀ ਨਹੀਂ ਬਲਕਿ ਇਸ ਤੋਂ ਵੀ ਵਧੇਰੇ ਇਕ ਮਨੋਵਿਿਗਆਨਕ ਵਰਤਾਰਾ ਹੈ। ਇਸ ਲਈ ਵਰਤਮਾਨ ਸਮੇਂ ਵਿੱਚ ਇਸਦਾ ਬਹੁਖ਼ਅਨੁਸ਼ਾਸਨੀ ਅਧਿਐਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਪਿਆਰਾ ਸਿੰਘ ਕੁੱਦੋਵਾਲ ਨਾਮਵਰ ਪਰਵਾਸੀ ਪੰਜਾਬੀ ਸਾਹਿਤਕਾਰ ਹਨ । ਉਹਨਾਂ ਦੀਆਂ ਦੀਆ ਰਚਨਾਵਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਪਰਵਾਸੀਆਂ ਦੇ ਜੀਵਨ ਅਨੁਭਵ ਦੀ ਮੌਲਿਕ ਤਸਵੀਰਕਸ਼ੀ ਕਰਦੀਆਂ ਹਨ। ਇਸ ਉਪਰੰਤ ਸ੍ਰੀ ਪਿਆਰਾ ਸਿੰਘ ਕੁੱਦੋਵਾਲ ਨੇ ਕਿਹਾ ਕਿ ਉਹਨਾਂ ਦਾ ਪਿਛੋਕੜ ਪੇਂਡੂ ਰਹਿਤਲ ਨਾਲ ਜੁੜਿਆ ਹੋਣ ਕਰਕੇ ਸ਼ੁਰੂ ਤੋਂ ਹੀ ਪੰਜਾਬੀਅਤ ਨਾਲ ਮੁਹੱਬਤ ਰਹੀ ਹੈ। ਉਹਨਾਂ ਦੀ ਜ਼ਿੰਦਗੀ ਦਾ ਮਕਸਦ ਪੰਜਾਬੀ ਸਾਹਿਤ ਦਾ ਗਲੋਬਲ ਪੱਧਰ ਉੱਤੇ ਪ੍ਰਸਾਰ ਕਰਨਾ ਸੀ। ਉਹਨਾਂ ਅਧਿਆਪਨ ਕਾਰਜ ਥਾਈਲੈਂਡ ਵਿਚ ਇਕ ਸਕੂਲ ਨਾਲ 1985 ਈ ਵਿੱਚ ਆਰੰਭ ਕੀਤਾ। ਇਸ ਉਪਰੰਤ ਉਹਨਾਂ ਅਮਰੀਕਾ ਵਿਚ ਕੁਝ ਸਮਾਂ ਗੁਜ਼ਾਰਿਆ ਅਤੇ ਵਰਤਮਾਨ ਸਮੇਂ ਵਿਚ ਉਹ ਕੈਨੇਡਾ ਵਿਚ ਸੇਵਾਵਾਂ ਦੇ ਰਹੇ ਹਨ। ਉਹਨਾਂ ਇਰਾਕ ਯੁੱਧ ਸਮੇਂ ਪਹਿਲੀ ਪੁਸਤਕ “ਸਮਿਆਂ ਤੋਂ ਪਾਰ” ਲਿਖੀ। ਉਹਨਾਂ ਕਿਹਾ ਕਿ ਭਾਰਤਖ਼ਪਾਕਿ ਵੰਡ ਵਰਗੀ ਇਤਿਹਾਸਕ ਘਟਨਾ ਨੂੰ ਇਕਹਿਰੇ ਅਤੇ ਪਰੰਪਰਾਗਤ ਮਾਪਦੰਡਾਂ ਤੋਂ ਪਾਰ ਜਾ ਕੇ ਵੇਖਣ ਦੀ ਲੋੜ ਹੈ। ਉਹਨਾਂ ਦੁਆਰਾ ਸੁਣਾਈਆਂ ਗਈਆਂ ਕਵਿਤਾਵਾਂ ਨੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਮੰਚ ਸੰਚਾਲਨ ਦੀ ਭੂਮਿਕਾ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਬਲਜੀਤ ਕੌਰ ਰਿਆੜ ਨੇ ਬਾਖ਼ੂਬੀ ਨਿਭਾਈ। ਵਿਭਾਗ ਦੇ ਪੂਰਵ ਅਧਿਆਪਕ ਡਾ. ਸੁਹਿੰਦਰਬੀਰ ਵਿਸ਼ੇਸ਼ ਤੌਰ ਉੱਤੇ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਏ। ਉਨ੍ਹਾਂ ਨੇ ਵਿਭਾਗ ਨਾਲ ਸਬੰਧਿਤ ਆਪਣੀਆਂ ਪੁਰਾਣੀਆਂ ਸਾਹਿਤਕ ਸਿਮਰਤੀਆਂ ਵੀ ਸਾਂਝੀਆਂ ਕੀਤੀਆਂ। ਇਸ ਸਮੇਂ ਡਾ. ਰਾਜਵਿੰਦਰ ਕੌਰ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਚੰਦਨਪ੍ਰੀਤ ਸਿੰਘ ਅਤੇ ਡਾ. ਅੰਜੂ ਬਾਲਾ ਤੋਂ ਇਲਾਵਾ ਕਈ ਵਿਦਵਾਨ ਅਤੇ ਮਾਹਿਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਕੈਪਸ਼ਨ: ਪੰਜਾਬੀ ਸਾਹਿਤਕਾਰ ਪਿਆਰਾ ਸਿੰਘ ਕੁੱਦੋਵਾਲ ਤੇ ਹੋਰਨਾ ਸ਼ਖਸ਼ੀਅਤਾਂ ਦਾ ਸਨਮਾਨ ਕਰਦੇ ਵਿਭਾਗ ਮੁੱਖੀ ਪ੍ਰੋ. ਡਾ. ਮਨਜਿੰਦਰ ਸਿੰਘ ਤੇ ਪ੍ਰੋ. ਡਾ. ਬਲਜੀਤ ਕੌਰ ਤੇ ਹੋਰ।