ਰਾਸਾ ਨੇ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੀ ਚੁੱਕੀ ਮੰਗ

- ਸਾਲ 2025-26 ਦੌਰਾਨ ਹਾਲੇ ਤਕ 150 ਤੋਂ ਵੀ ਘੱਟ ਦਿਨ ਸਕੂਲ ਲੱਗੇ : ਸੁਜੀਤ ਸ਼ਰਮਾ
ਅਮਨਦੀਪ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਰਾਸਾ ਪੰਜਾਬ ਦੀ ਹੰਗਾਮੀ ਮੀਟਿੰਗ ਰਾਸਾ (ਪੰਜਾਬ) ਦੇ ਪ੍ਰਧਾਨ ਜਗਤਪਾਲ ਮਹਾਜਨ ਅਤੇ ਜਨਰਲ ਸਕੱਤਰ ਸੁਜੀਤ ਸ਼ਰਮਾ ਬੱਬਲੂ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਸਰਵ ਸਹਿਮਤੀ ਨਾਲ ਇਹ ਨਿਰਣਾ ਲਿਆ ਗਿਆ ਕਿ ਰਾਸਾ (ਪੰਜਾਬ), ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਬੇਨਤੀ ਕਰਦੀ ਹੈ ਕਿ ਫਰਵਰੀ 2026 ਵਿਚ ਸ਼ੁਰੂ ਹੋ ਰਹੀਆਂ ਅੱਠਵੀਂ, ਦਸਵੀ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਪ੍ਰਯੋਗੀ ਅਤੇ ਲਿਖਤੀ ਬੋਰਡ ਪ੍ਰੀਖਿਆਵਾਂ ਨੂੰ 15-20 ਦਿਨ ਲਈ ਮੁਲਤਵੀ ਕੀਤਾ ਜਾਵੇ। ਕਿਉਂਕਿ ਸਾਲ 2025-26 ਦੌਰਾਨ ਜ਼ਿਆਦਾ ਸਮੇਂ ਤਕ ਸਕੂਲ ਨਹੀਂ ਲੱਗ ਪਾਏ, ਜਿਸ ਕਰ ਕੇ ਵਿਦਿਆਰਥੀਆਂ ਨੂੰ ਸਿਲੇਬਸ ਪੂਰਾ ਕਰਨ ਅਤੇ ਰਵੀਜ਼ਨ ਕਰਨ ਦਾ ਪੂਰਾ ਮੌਕਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ ਪ੍ਰੈਕਟੀਕਲ ਪ੍ਰੀਖਿਆਵਾਂ 2 ਫਰਵਰੀ 2026 ਤੋਂ ਅਤੇ ਅੱਠਵੀਂ, ਬਾਰ੍ਹਵੀਂ ਤੇ ਸ਼੍ਰੇਣੀ ਦੀ ਲਿਖਤੀ ਪ੍ਰੀਖਿਆਵਾਂ 17 ਫਰਵਰੀ 2026 ਤੋਂ ਸ਼ੁਰੂ ਹੋ ਰਹੀਆਂ ਹਨ।
ਇਸ ਤੋਂ ਇਲਾਵਾ ਮਈ 2025 ਵਿਚ ਆਪ੍ਰੇਸ਼ਨ ਸਿੰਦੂਰ ਕਾਰਨ ਕਈ ਦਿਨ ਸਕੂਲ ਬੰਦ ਰਹੇ ਸਨ। ਇਸ ਤੋਂ ਬਾਅਦ ਭਾਰੀ ਵਰਖਾ ਅਤੇ ਹੜ੍ਹਾਂ ਕਾਰਨ ਵੀ ਸਕੂਲ ਕਈ ਦਿਨ ਬੰਦ ਰਹੇ। ਹੁਣ ਵੀ ਸਰਦੀ ਦੀਆਂ ਛੁੱਟੀਆਂ ਦੌਰਾਨ ਘੱਟੋ ਘੱਟ 21-22 ਦਿਨ ਸਕੂਲ ਬੰਦ ਰਹੇ ਹਨ। ਅੱਜ ਕੱਲ ਜਦੋਂ ਸਰਕਾਰ ਛੁੱਟੀਆਂ ਦੀ ਘੋਸ਼ਣਾ ਕਰਦੀ ਹੈ ਤਾਂ ਸਕੂਲਾਂ ਵਿਚ ਕਰਫਿਊ ਵਰਗਾ ਮਾਹੌਲ ਹੁੰਦਾ ਹੈ, ਪੜ੍ਹਾਉਣਾ ਤਾਂ ਦੂਰ ਕਿਸੇ ਨੂੰ ਸਕੂਲ ਅੰਦਰ ਦਾਖਲ ਹੋਣ ਦੀ ਆਗਿਆ ਵੀ ਨਹੀਂ ਹੁੰਦੀ। ਗਰੀਬ ਵਿਦਿਆਰਥੀਆਂ ਕੋਲ ਮੋਬਾਈਲ ਫੋਨ/ਲੈਪਟਾਪ ਵੀ ਨਹੀਂ ਹੁੰਦੇ ਤਾਂ ਜੋ ਉਹ ਆਨਲਾਈਨ ਕਲਾਸਾਂ ਲਗਾ ਸਕਣ। ਸਕੂਲਾਂ ਨੇ ਤਾਂ ਹਾਲੇ ਤਕ ਪ੍ਰੀ ਬੋਰਡ ਪ੍ਰੀਖਿਆ ਵੀ ਨਹੀਂ ਲਈ ਹੈ। ਸਾਲ 2025-26 ਦੌਰਾਨ ਹਾਲੇ ਤਕ 150 ਤੋਂ ਵੀ ਘੱਟ ਦਿਨ ਸਕੂਲ ਲੱਗੇ ਹਨ। ਇਸ ਲਈ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਨਾਲ ਵਿਦਿਆਰਥੀਆਂ ਨੂੰ ਕਾਫੀ ਰਾਹਤ ਮਿਲੇਗੀ। ਇਸ ਮੌਕੇ ਰਾਸਾ (ਪੰਜਾਬ) ਦੇ ਪ੍ਰਧਾਨ ਜਗਤਪਾਲ ਮਹਾਜਨ ਜਨਰਲ ਸਕੱਤਰ ਸੁਜੀਤ ਸ਼ਰਮਾ ਬੱਬਲੂ, ਸੀਨੀਅਰ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਭੱਲਾ ਅਤੇ ਚੀਫ ਐਡਵਾਈਜ਼ਰ ਜਗਜੀਤ ਸਿੰਘ ਤੋਂ ਇਲਾਵਾ ਡਾ. ਵਿਨੋਦ ਕਪੂਰ, ਸੋਹਣ ਸਿੰਘ, ਕਮਲਜੋਤ ਸਿੰਘ, ਦਵਿੰਦਰ ਪਿਪਲਾਨੀ, ਸੁਸ਼ੀਲ ਅਗਰਵਾਲ, ਗਿਆਨ ਸਾਗਰ ਅਰੋੜਾ, ਨਰਿੰਦਰਪਾਲ ਸਿੰਘ, ਅਰੁਣ ਮਨਸੋਤਰਾ, ਰਾਜੇਸ਼ ਪ੍ਰਭਾਕਰ, ਕੁਨਾਲ ਕਪੂਰ, ਸੁਮਿਤ ਪੁਰੀ, ਮਿਅੰਕ ਕਪੂਰ, ਦਿਨੇਸ਼ ਕਪੂਰ, ਸਮੀਰ ਭਾਟੀਆ, ਪੁਨੀਤ ਗੁਪਤਾ, ਯਾਦਵਿੰਦਰ ਸਿੰਘ, ਸਲਿਲ ਅਰੋੜਾ, ਸੰਦੀਪ ਸਿੰਘ, ਕੁਲਵਿੰਦਰ ਸਿੰਘ, ਹਰਸਿਮਰਨ ਸਿੰਘ, ਅਮਰਜੀਤ ਕੁਮਾਰ, ਰਾਜੀਵ ਪੁੰਜ, ਗਗਨਦੀਪ ਸਿੰਘ, ਰਿਤੇਸ਼ ਪੁਰੀ, ਅਭਿਸ਼ੇਕ ਪੁਰੀ, ਦਵਿੰਦਰ ਸਿੰਘ, ਸਕੂਲਾਂ ਦੇ ਪ੍ਰਿੰਸੀਪਲ ਆਦਿ ਮੌਜੂਦ ਸਨ।