ਧੁੰਦ ਦੌਰਾਨ ਹਾਦਸਿਆਂ ਤੋਂ ਬਚਣ ਲਈ ਚੌਕਸੀ ਤੇ ਜਾਗਰੂਕਤਾ ਜ਼ਰੂਰੀ
ਧੁੰਦ ਦੌਰਾਨ ਹਾਦਸਿਆਂ ਤੋਂ ਬਚਣ ਲਈ ਚੌਕਸੀ ਤੇ ਜਾਗਰੂਕਤਾ ਜਰੂਰੀ
Publish Date: Mon, 19 Jan 2026 05:56 PM (IST)
Updated Date: Mon, 19 Jan 2026 05:57 PM (IST)

- ਖ਼ਰਾਬ ਮੌਸਮ ’ਚ ਵਾਹਨ ਹਮੇਸ਼ਾ ਹੌਲੀ ਚਲਾਉਣਾ ਚਾਹੀਦਾ : ਰਾਜੂ ਕਿੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੰਘਦੀ ਧੁੰਦ ਅਤੇ ਕੋਹਰੇ ਕਾਰਨ ਹੋ ਰਹੇ ਸੜਕ ਹਾਦਸੇ ਵੱਡੀ ਚਿੰਤਾ ਦਾ ਵਿਸ਼ਾ ਹਨ। ਇਹ ਪ੍ਰਗਟਾਵਾ ਅੰਮ੍ਰਿਤਸਰ ਸਟੀਲ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਮਾਜ ਸੇਵਕ ਰਾਜੂ ਕਿੰਗ ਨੇ ਕੀਤਾ। ਉਨ੍ਹਾਂ ਕਿਹਾ ਕਿ ਕਈ ਸੜਕਾਂ ਅਤੇ ਹਾਈਵੇ ਨਿਰਮਾਣ ਅਧੀਨ ਚੱਲ ਰਹੇ ਹਨ, ਉਨ੍ਹਾਂ ਉੱਪਰ ਕਈ ਜਗ੍ਹਾ ਓਵਰਬ੍ਰਿਜ ਜਾਂ ਕੋਈ ਹੋਰ ਕੰਮ ਚੱਲ ਰਿਹਾ ਹੈ, ਉਸ ਸੜਕ ’ਤੇ ਸਫ਼ਰ ਕਰਨ ਲੱਗਿਆਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਵਾਹਨ ਚਾਲਕਾਂ ਵੱਲੋਂ ਵਰਤੀਆਂ ਗਈਆਂ ਸਾਵਧਾਨੀਆਂ ਸਿਰਫ ਉਨ੍ਹਾਂ ਨੂੰ ਹੀ ਨਹੀਂ ਸਗੋਂ ਦੂਸਰਿਆਂ ਨੂੰ ਵੀ ਦੁਰਘਟਨਾ ਤੋਂ ਬਚਾਅ ਸਕਦੀਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜੀਆਂ ਸੜਕਾਂ ਖਰਾਬ ਹਨ, ਉਨ੍ਹਾਂ ਦੀ ਮੁਰੰਮਤ ਕਰਵਾਉਣ ਅਤੇ ਸੜਕਾਂ ਉੱਤੇ ਚਿੱਟੀ ਪੱਟੀ ਅਤੇ ਰਿਫਲੈਕਟਰ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਸਫ਼ਰ ਕਰਨ ’ਚ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਸੜਕੀ ਹਾਦਸੇ ਅਣਗਹਿਲੀ ਕਾਰਨ ਹੁੰਦੇ ਹਨ ਜਿਸ ਕਰ ਕੇ ਸਾਨੂੰ ਆਪਣਾ ਵਾਹਨ ਸੁਚੇਤ ਹੋ ਕੇ ਚਲਾਉਣਾ ਚਾਹੀਦਾ ਹੈ। ਧੁੰਦ ਤੇ ਖਰਾਬ ਮੌਸਮ ਦੌਰਾਨ ਸਾਨੂੰ ਆਪਣੀ ਲੋੜ ਅਨੁਸਾਰ ਹੀ ਸੜਕ ’ਤੇ ਸਫ਼ਰ ਕਰਨਾ ਚਾਹੀਦਾ ਹੈ ਅਤੇ ਸੜਕੀ ਹਾਦਸਿਆਂ ਤੋਂ ਬਚਣ ਲਈ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਈ ਵਾਰ ਤਾਂ ਗੂਗਲ ਲੋਕੇਸ਼ਨ ਵੀ ਸਾਨੂੰ ਗਲਤ ਰਸਤੇ ਲੈ ਜਾਂਦੀ ਹੈ। ਬੀਤੇ ਕੁਝ ਦਿਨ ਪਹਿਲਾਂ ਵੀ ਗੂਗਲ ਲੋਕੇਸ਼ਨ ਦੇ ਆਧਾਰ ’ਤੇ ਜਾਂਦੇ ਨੌਜਵਾਨਾਂ ਦੀ ਕਾਰ ਅਧੂਰੇ ਫਲਾਈਓਵਰ ਤੋਂ ਹੇਠਾਂ ਡਿੱਗਣ ਕਰ ਕੇ ਵੱਡਾ ਹਾਦਸਾ ਵਾਪਰਿਆ ਸੀ। ਇਸ ਅਜਿਹੇ ਮੌਸਮ ਵਿਚ ਵਾਹਨ ਹਮੇਸ਼ਾ ਹੌਲੀ ਚਲਾਉਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਵਿਚ ਗੱਡੀ ਨੂੰ ਕੰਟਰੋਲ ਕੀਤਾ ਜਾ ਸਕੇ। ਰਾਜੂ ਕਿੰਗ ਨੇ ਕਿਹਾ ਕਿ ਧੁੰਦ ਦੇ ਮੌਸਮ ਵਿਚ ਲਾਵਾਰਿਸ ਪਸ਼ੂ ਵੀ ਹਾਦਸਿਆਂ ਦਾ ਕਾਰਨ ਬਣਦੇ ਹਨ। ਸੜਕ ਹਾਦਸਿਆਂ ਤੋਂ ਬਚਣ ਲਈ ਧੁੰਦ ਦੇ ਮੌਸਮ ਵਿਚ ਵਾਹਨ ਚਾਲਕ ਹਮੇਸ਼ਾ ਹੌਲੀ ਰਫ਼ਤਾਰ ਨਾਲ ਗੱਡੀ ਚਲਾਉਣ। ਕਿਉਂਕਿ ਲਾਵਾਰਿਸ ਪਸ਼ੂ ਕਈ ਵਾਰ ਇਕਦਮ ਅੱਗੇ ਆ ਜਾਣ ਕਾਰਨ ਗੱਡੀ ਬੇਕਾਬੂ ਹੋ ਜਾਂਦੀ ਹੈ ਅਤੇ ਅਜਿਹੀ ਸਥਿਤੀ ਵਿਚ ਸੜਕ ਹਾਦਸਾ ਵਾਪਰ ਜਾਂਦਾ ਹੈ। ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਪਹਿਲਾਂ ਹੀ ਚੌਕਸੀ ਅਤੇ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ।