ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੇ ਸਨ ਮਾਸਟਰ ਬਲਬੀਰ ਸਿੰਘ
ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੇ ਸਨ ਮਾਸਟਰ ਬਲਬੀਰ ਸਿੰਘ
Publish Date: Sun, 18 Jan 2026 06:23 PM (IST)
Updated Date: Sun, 18 Jan 2026 06:25 PM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ
ਮਜੀਠਾ : ਮਾਸਟਰ ਬਲਬੀਰ ਸਿੰਘ ਦਾ ਜਨਮ ਪਿਤਾ ਸ਼ੰਗਾਰਾ ਸਿੰਘ ਦੇ ਘਰ ਮਾਤਾ ਜੋਗਿੰਦਰ ਕੌਰ ਦੀ ਕੁੱਖੋਂ ਅਪ੍ਰੈਲ 1950 ਵਿਚ ਹੋਇਆ ਸੀ। ਮਾਸਟਰ ਬਲਬੀਰ ਸਿੰਘ ਬਹੁਤ ਹੀ ਮਿੱਠ ਬੋਲੜੇ ਤੇ ਸਾਊ ਸੁਭਾਅ ਦੇ ਮਾਲਕ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਮਜੀਠਾ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਕਰਨ ਉਪਰੰਤ ਪੀਟੀਆਈ ਦਾ ਕੋਰਸ ਕੀਤਾ ਅਤੇ ਲੰਮਾ ਸਮਾਂ ਮਜੀਠਾ ਦੇ ਸਰਕਾਰੀ ਸਕੂਲ ਵਿਖੇ ਬਤੌਰ ਪੀਟੀਆਈ ਅਧਿਆਪਕ ਵਜੋਂ ਨੌਕਰੀ ਕੀਤੀ। ਆਪਣੀ ਸਾਰੀ ਨੌਕਰੀ ਦੌਰਾਨ ਉਨ੍ਹਾਂ ਨੇ ਇਲਾਕੇ ਦੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਚੰਗੀ ਸਿਹਤ ਅਤੇ ਚੰਗੀ ਸਿੱਖਿਆ ਦੇ ਤਰੀਕੇ ਦੱਸੇ। ਸੰਨ 1974 ਵਿਚ ਮਾਸਟਰ ਬਲਬੀਰ ਸਿੰਘ ਦਾ ਵਿਆਹ ਸਵਰਨਜੀਤ ਕੌਰ ਨਾਲ ਹੋਇਆ। ਜਿਨ੍ਹਾਂ ਦੀ ਕੁੱਖ ਤੋਂ ਉਨ੍ਹਾਂ ਦੇ ਦੋ ਬੇਟੇ ਨਵਦੀਪ ਸਿੰਘ ਸੋਨਾ ਅਤੇ ਨਵਜੋਤ ਸਿੰਘ ਹਨ।
ਨਵਦੀਪ ਸਿੰਘ ਸੋਨਾ ਫਾਰਮਾਸਿਸਟ ਦੀ ਪੜ੍ਹਾਈ ਕਰਨ ਉਪਰੰਤ ਮਜੀਠਾ ਵਿਖੇ ਸਫਲ ਕੈਮਿਸਟ ਹੈ ਅਤੇ ਇਸ ਦੇ ਨਾਲ-ਨਾਲ ਰਾਜਨੀਤੀ ਵਿਚ ਸ਼ਾਮਲ ਹੁੰਦੇ ਹੋਏ ਨਗਰ ਕੌਸਲ ਮਜੀਠਾ ਵਿਚ ਦੋ ਵਾਰ ਕੌਸਲਰ ਚੁਣੇ ਗਏ। ਇਸ ਵਕਤ ਇੰਡੀਅਨ ਨੈਸ਼ਨਲ ਕਾਂਗਰਸ ਦੇ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਦੇ ਅਤਿ ਨਜਦੀਕੀਆਂ ਵਿਚੋ ਇਕ ਹਨ। ਨਵਜੋਤ ਸਿੰਘ ਵੀ ਫਾਰਮਾਸਿਸਟ ਦੀ ਪੜ੍ਹਾਈ ਕਰ ਕੇ ਕੈਮਿਸਟ ਦਾ ਕੰਮ ਕਰ ਰਿਹਾ ਹੈ ਅਤੇ ਇਨ੍ਹਾਂ ਦੋਵਾਂ ਭਰਾਵਾਂ ਨੇ ਇਲਾਕੇ ਵਿਚ ਚੰਗਾ ਨਾਮਣਾ ਖੱਟਿਆ ਹੈ, ਇਹ ਮਾਸਟਰ ਬਲਬੀਰ ਸਿੰਘ ਦੀ ਚੰਗੀ ਸਿੱਖਿਆ ਦਾ ਨਤੀਜਾ ਹੈ। ਬਹੁਤ ਹੀ ਚੰਗੇ ਅਤੇ ਦਿਆਲੂ ਸੁਭਾ ਵਜੋਂ ਜਾਣੇ ਜਾਂਦੇ ਮਾਸਟਰ ਬਲਬੀਰ ਸਿੰਘ ਜਿਨ੍ਹਾਂ ਨੇ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਕੀਤੀ ਅਤੇ ਸਮਾਜ ਵਿਚ ਚੰਗਾ ਰੁਤਬਾ ਕਾਇਮ ਕੀਤਾ। ਮਾਸਟਰ ਬਲਬੀਰ ਸਿੰਘ ਨੂੰ ਪਿਛਲੇ ਦਿਨੀਂ ਕੁਝ ਤਬੀਅਤ ਢਿੱਲੀ ਹੋਣ ਕਰ ਕੇ ਇਲਾਜ ਵਾਸਤੇ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ, ਪਰ ਪਰਮਾਤਮਾ ਵੱਲੋਂ ਸੌਂਪੀ ਗਈ ਸਵਾਸਾਂ ਦੀ ਪੂੰਜੀ ਖਤਮ ਕਰ ਕੇ ਆਖਰ 10 ਜਨਵਰੀ 2026 ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੇ ਨਮਿਤ ਪਰਿਵਾਰ ਵੱਲੋਂ ਆਪਣੇ ਗ੍ਰਹਿ ਮਜੀਠਾ ਵਿਖੇ ਰਖਵਾਏ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ 19 ਜਨਵਰੀ ਸੋਮਵਾਰ ਨੂੰ ਪੈਣ ਉਪਰੰਤ ਦਾਣਾ ਮੰਡੀ ਮਜੀਠਾ ਵਿਖੇ ਦੁਪਹਿਰ 12 ਤੋਂ 1 ਵਜੇ ਤਕ ਗੁਰਬਾਣੀ ਕੀਰਤਨ ਅਤੇ ਅੰਤਿਮ ਅਰਦਾਸ ਹੋਵੇਗੀ।