10 ਕਿੱਲੋ ਹੈਰੋਇਨ ਸਣੇ ਪੰਜ ਤਸਕਰ ਗ੍ਰਿਫ਼ਤਾਰ
ਬੀਐਸਐਫ ਦੀ ਵੱਡੀ ਸਫਲਤਾ, ਦੋ ਕਾਰਵਾਈਆਂ ’ਚ ਪੰਜ ਤਸਕਰ ਗ੍ਰਿਫ਼ਤਾਰ, 10 ਕਿਲੋ ਹੈਰੋਇਨ ਬਰਾਮਦ
Publish Date: Thu, 04 Dec 2025 08:51 PM (IST)
Updated Date: Fri, 05 Dec 2025 04:18 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਸਰਹੱਦ ਤੇ ਦੋ ਵੱਖ-ਵੱਖ ਕਾਰਵਾਈਆਂ ’ਚ ਬੀਐੱਸਐੱਫ ਨੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਲਗਭਗ 10 ਕਿੱਲੋ ਹੈਰੋਇਨ ਬਰਾਮਦ ਕੀਤੀ। ਦੋਵਾਂ ਮਾਮਲਿਆਂ ’ਚ ਬੀਐੱਸਐੱਫ ਨੇ ਤਸਕਰਾਂ ਤੋਂ ਮੋਬਾਈਲ ਫੋਨ, ਵਾਹਨ ਤੇ ਹੋਰ ਸਮੱਗਰੀ ਵੀ ਜ਼ਬਤ ਕੀਤੀ। ਅੰਮ੍ਰਿਤਸਰ ਜ਼ਿਲ੍ਹੇ ਦੇ ਬਲੜਵਾਲ ਪਿੰਡ ਨੇੜੇ ਇਹ ਵੱਡਾ ਆਪ੍ਰੇਸ਼ਨ ਕੀਤਾ ਗਿਆ। ਇਹ ਆਪ੍ਰੇਸ਼ਨ ਵੀ ਖੁਫ਼ੀਆ ਜਾਣਕਾਰੀ ਦੇ ਆਧਾਰ ਤੇ ਕੀਤਾ ਗਿਆ ਸੀ। ਬੀਐੱਸਐੱਫ ਇੰਟੈਲੀਜੈਂਸ ਵਿੰਗ ਤੇ ਏਐੱਨਟੀਐੱਫ ਅੰਮ੍ਰਿਤਸਰ ਨੇ ਸਾਂਝੇ ਤੌਰ ਤੇ ਇਕ ਜਾਲ ਵਿਛਾਇਆ ਤੇ ਦੋ ਤਸਕਰਾਂ ਨੂੰ ਕਾਬੂ ਕੀਤਾ। ਉਨ੍ਹਾਂ ਕੋਲੋਂ ਅੱਠ ਪੈਕੇਟ ਹੈਰੋਇਨ (8.643 ਕਿੱਲੋਗ੍ਰਾਮ), ਤਿੰਨ ਮੋਬਾਈਲ ਫੋਨ ਤੇ ਇਕ ਕਾਰ ਬਰਾਮਦ ਕੀਤੀ ਗਈ ਹੈ। ਦੋਵੇਂ ਮੁਲਜ਼ਮ ਅੰਮ੍ਰਿਤਸਰ ਜ਼ਿਲ੍ਹੇ ਦੇ ਵਸਨੀਕ ਦੱਸੇ ਜਾਂਦੇ ਹਨ। ਏਐੱਨਟੀਐੱਫ ਦੀ ਟੀਮ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਟਾਹਲੀਵਾਲਾ ਪਿੰਡ ’ਚ ਸਵੇਰੇ ਤੜਕੇ ਇਕ ਕਾਰਵਾਈ ਦੌਰਾਨ ਤਿੰਨ ਤਸਕਰਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਉਨ੍ਹਾਂ ਤੋਂ ਦੋ ਪੈਕੇਟ ਹੈਰੋਇਨ (8.643 ਕਿੱਲੋਗ੍ਰਾਮ), ਇਕ ਮੋਬਾਈਲ ਫੋਨ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਤਸਕਰ ਫਾਜ਼ਿਲਕਾ ਖੇਤਰ ਦੇ ਵਸਨੀਕ ਦੱਸੇ ਜਾ ਰਹੇ ਹਨ। ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਬੀਐੱਸਐੱਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਤਸਕਰਾਂ ਤੋਂ ਪੁੱਛਗਿੱਛ ਦੇ ਆਧਾਰ ਤੇ ਹੋਰ ਗ੍ਰਿਫ਼ਤਾਰੀਆਂ ਸੰਭਵ ਹਨ।