ਸ੍ਰੀ ਹਰਿਮੰਦਰ ਸਾਹਿਬ ਦੀ ਅਧਿਆਤਮਿਕਤਾ ਤੋਂ ਪ੍ਰਭਾਵਿਤ ਹੋਈ ਫਰਾਂਸਿਸੀ ਔਰਤ
ਸ੍ਰੀ ਹਰਿਮੰਦਰ ਸਾਹਿਬ ਦੀ ਅਧਿਆਤਮਿਕਤਾ ਤੋਂ ਪ੍ਰਭਾਵਿਤ ਹੋਈ ਫਰਾਂਸਿਸੀ ਔਰਤ
Publish Date: Thu, 04 Dec 2025 08:47 PM (IST)
Updated Date: Fri, 05 Dec 2025 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਗਰੀ ’ਚ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫਰਾਂਸਿਸੀ ਔਰਤ ਅਧਿਆਤਮਿਕਤਾ ਨਾਲ ਪ੍ਰਭਾਵਿਤ ਹੋਈ। ਜੂਲੀਆ ਸ਼ਾਨਿਓ ਨਾਮ ਦੀ ਇਹ ਔਰਤ ਗੁਰੂ ਘਰ ਪਹੁੰਚੀ ਤਾਂ ਉਹ ਪਵਿੱਤਰਤਾ ਤੇ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਲੰਗਰ ਘਰ ਦੀ ਸੇਵਾ ਤੋਂ ਹੈਰਾਨ ਰਹਿ ਗਈ। ਜੂਲੀਆ ਪਿਛਲੇ ਦੋ ਸਾਲਾਂ ਤੋਂ ਅਹਿਮਦਾਬਾਦ ’ਚ ਰਹਿ ਰਹੀ ਹੈ ਅਤੇ ਭਾਰਤੀ ਸੱਭਿਆਚਾਰ ਨੂੰ ਨੇੜਿਓਂ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਅਧਿਆਤਮਕ ਯਾਤਰਾ ਨੇ ਉਸ 'ਤੇ ਇਕ ਅਮਿੱਟ ਛਾਪ ਛੱਡੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਜੂਲੀਆ ਨੇ ਸੋਸ਼ਲ ਮੀਡੀਆ 'ਤੇ ਆਪਣੇ ਅਨੁਭਵ ਸਾਂਝੇ ਕੀਤੇ। ਉਸ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਬਹੁਤ ਸੁੰਦਰ ਹੈ, ਇਹ ਇਕ ਅਜਿਹੀ ਜਗ੍ਹਾ ਹੈ ਜੋ ਆਤਮਿਕ ਸ਼ਾਂਤੀ ਪ੍ਰਦਾਨ ਕਰਦੀ ਹੈ। ਦੁਨੀਆ ਦੀ ਸਭ ਤੋਂ ਵੱਡੀ ਕਮਿਊਨਿਟੀ ਰਸੋਈ, ਲੰਗਰ ਘਰ ਅਤੇ ਉੱਥੇ ਇਕ ਆਮ ਸ਼ਰਧਾਲੂ ਵਾਂਗ ਬੈਠਣਾ ਤੇ ਲੰਗਰ ਛਕਣਾ ਇਕ ਅਦੁੱਤੀ ਤੇ ਬ੍ਰਹਮ ਅਨੁਭਵ ਸੀ।
ਜੂਲੀਆ ਨੇ ਕਿਹਾ ਕਿ ਉਸ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਹਰ ਰੋਜ਼ ਲੱਖਾਂ ਲੋਕਾਂ ਨੂੰ ਪੂਰੀ ਤਰ੍ਹਾਂ ਮੁਫਤ ਤੇ ਬਿਨਾਂ ਕਿਸੇ ਭੇਦਭਾਵ ਦੇ ਭੋਜਨ ਪਰੋਸਿਆ ਜਾਂਦਾ ਹੈ। ਉਸ ਨੇ ਲਿਖਿਆ "ਧਰਮ, ਜਾਤ, ਦੇਸ਼ ਜਾਂ ਸਮਾਜਿਕ ਸਥਿਤੀ ਇੱਥੇ ਕੋਈ ਮਹੱਤਵ ਨਹੀਂ ਰੱਖਦਾ ਹੈ। ਆਪਣੀ ਪੋਸਟ ’ਚ ਜੂਲੀਆ ਨੇ ਖਾਸ ਤੌਰ 'ਤੇ ਹੈਰਾਨੀ ਪ੍ਰਗਟ ਕੀਤੀ ਕਿ ਇੰਨੀ ਵੱਡੀ ਪ੍ਰਣਾਲੀ ਦੀ ਨੀਂਹ ਸੇਵਾ ਦੀ ਭਾਵਨਾ ਹੈ। ਹਜ਼ਾਰਾਂ ਲੋਕ ਇੱਥੇ ਲੰਗਰ ਪਕਾਉਣ, ਸੇਵਾ ਕਰਨ, ਭਾਂਡੇ ਧੋਣ ਤੇ ਪ੍ਰਬੰਧਨ ਲਈ ਨਿਰਸਵਾਰਥ ਜੁਟੇ ਹੁੰਦੇ ਹਨ। ਇੰਨੇ ਸਾਰੇ ਲੋਕਾਂ ਨੂੰ ਇਕ ਜਗ੍ਹਾ 'ਤੇ ਨਿਰਸਵਾਰਥ ਲੰਗਰ ਖੁਆਉਂਦੇ ਦੇਖਣਾ ਬਹੁਤ ਪ੍ਰੇਰਨਾਦਾਇਕ ਸੀ।