ਗੈਂਗਸਟਰ ਅੰਕੁਸ਼ ਦੇ ਦੋ ਗੁਰਗੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ
ਗੈਂਗਸਟਰ ਅੰਕੁਸ਼ ਦੇ ਦੋ ਗੁਰਗੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ
Publish Date: Wed, 03 Dec 2025 07:40 PM (IST)
Updated Date: Thu, 04 Dec 2025 04:09 AM (IST)

* ਪੈਸੇ ਵਸੂਲਣ ਲਈ ਘਰਾਂ ਦੇ ਬਾਹਰ ਚਲਾਉਂਦੇ ਸਨ ਗੋਲ਼ੀਆਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਘਰਿੰਡਾ ਪੁਲਿਸ ਥਾਣੇ ਦੀ ਪੁਲਿਸ ਨੇ ਇਕ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਾਰੋਬਾਰੀਆਂ ਨੂੰ ਡਰਾਉਣ ਲਈ ਉਨ੍ਹਾਂ ਦੇ ਘਰਾਂ ਦੇ ਬਾਹਰ ਗੋਲ਼ੀਆਂ ਚਲਾ ਕੇ ਪੈਸੇ ਵਸੂਲਦਾ ਸੀ। ਮੁਲਜ਼ਮਾਂ ਤੋਂ ਇਕ ਗਲੋਕ ਪਿਸਤੌਲ ਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ ਹਨ ਅਤੇ ਮਾਮਲਾ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਰਾਜਬੀਰ ਸਿੰਘ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਭੀ ਤੇ ਮਹਿਕਪ੍ਰੀਤ ਸਿੰਘ ਵਜੋਂ ਕੀਤੀ ਹੈ, ਜੋ ਘਰਿੰਡਾ ਦੇ ਵਾਸੀ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਵਿਦੇਸ਼ ’ਚ ਰਹਿੰਦੇ ਅੰਕੁਸ਼ ਬ੍ਰਾਹਮਣ ਦੇ ਇਸ਼ਾਰੇ ਤੇ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦੇ ਪਿੰਡਾਂ ’ਚ ਕਾਰੋਬਾਰੀਆਂ ਦੇ ਘਰਾਂ ਦੇ ਬਾਹਰ ਗੋਲ਼ੀਆਂ ਚਲਾ ਰਹੇ ਸਨ। ਵਿਦੇਸ਼ ’ਚ ਰਹਿੰਦੇ ਇਸ ਗੈਂਗਸਟਰ ਨੇ ਉਨ੍ਹਾਂ ਨੂੰ ਇਸ ਕੰਮ ਲਈ ਹਦਾਇਤਾਂ ਦਿੱਤੀਆਂ ਸਨ। 30 ਨਵੰਬਰ ਦੀ ਰਾਤ ਨੂੰ ਅੰਕੁਸ਼ ਦੇ ਇਸ਼ਾਰੇ ਤੇ ਉਨ੍ਹਾਂ ਮਨੋਜ ਕੁਮਾਰ ਭੰਡਾਰੀ ਦੇ ਘਰ ਦੇ ਬਾਹਰ ਗੋਲ਼ੀਆਂ ਚਲਾਈਆਂ। ਵਿਦੇਸ਼ ’ਚ ਰਹਿਣ ਵਾਲਾ ਇਹ ਗੈਂਗਸਟਰ ਉਸ ਤੋਂ ਲਗਾਤਾਰ ਫਿਰੌਤੀ ਦੀ ਮੰਗ ਕਰ ਰਿਹਾ ਸੀ। ਕਾਰੋਬਾਰੀ ਦੀ ਖਾਦ ਦੀ ਦੁਕਾਨ ਹੈ। ਪੁਲਿਸ ਨੇ ਦੱਸਿਆ ਕਿ ਅਭੀ ਤੇ ਗੋਲੀਬਾਰੀ ਦਾ ਪਹਿਲਾਂ ਮਾਮਲਾ ਅਤੇ ਮਹਿਕਪ੍ਰੀਤ ਸਿੰਘ ਵਿਰੁੱਧ ਦੋ ਐਫਆਈਆਰ ਦਰਜ ਹਨ। ਇਸ ਗਿਰੋਹ ਦੇ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਅੰਕੁਸ਼ ਨਾਲ ਉਨ੍ਹਾਂ ਦੇ ਮੋਬਾਈਲ ਫੋਨਾਂ ਤੇ ਗੱਲਬਾਤ ਦੇ ਸਬੂਤ ਵੀ ਮਿਲੇ ਹਨ।