ਬਾਈਕ ਸਵਾਰ ਨਕਾਬਪੋਸ਼•ਾਂ ਨੇ ਸ਼ਰੇਬਾਜ਼ਾਰ ਵਿਅਕਤੀ ਨੂੰ ਮਾਰੀ ਗੋਲ਼ੀ, ਮੌਤ
ਨਕਾਬਪੋਸ਼ ਬਾਈਕ ਸਵਾਰ ਨੌਜਵਾਨਾਂ ਨੇ ਦਿਨ-ਦਿਹਾੜੇ ਵਿਅਕਤੀ ਨੂੰ ਮਾਰੀ ਗੋਲੀ, ਮੌਤ
Publish Date: Tue, 18 Nov 2025 08:29 PM (IST)
Updated Date: Wed, 19 Nov 2025 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਪਣੇ ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਅਦ ਘਰ ਪਰਤ ਰਹੇ ਇਕ ਵਿਅਕਤੀ ਨੂੰ ਦੋ ਨਕਾਬਪੋਸ਼ ਬਾਈਕ ਸਵਾਰ ਨੌਜਵਾਨਾਂ ਨੇ ਗੋਲ਼ੀ ਮਾਰ ਕੇ ਜਾਨੋਂ ਮਾਰ ਦਿੱਤਾ। ਛੇਹਰਟਾ ’ਚ ਪੁਲਿਸ ਨੇ ਮੌਕੇ ਤੋਂ ਇਕ ਗੋਲ਼ੀ ਦਾ ਖੋਲ ਬਰਾਮਦ ਕੀਤਾ ਹੈ ਤੇ ਮੁਲਜ਼ਮਾਂ ਨੂੰ ਫੜਣ ਲਈ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸਰੇਆਮ ਹੋਈ ਗੋਲ਼ੀਬਾਰੀ ਨੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਛੇਹਰਟਾ ਦੇ ਪੈਰਿਸ ਐਵੀਨਿਊ ਦੀ ਰਹਿਣ ਵਾਲੀ ਪੀੜਤ ਮਨਿੰਦਰ ਕੌਰ ਨੇ ਕਿਹਾ ਕਿ ਉਸ ਦਾ ਪਤੀ ਵਰਿੰਦਰ ਸਿੰਘ ਸਮਾਰਟ ਸਿਟੀ ਕਾਰਪੋਰੇਸ਼ਨ ’ਚ ਡਰਾਈਵਰ ਸੀ। ਸਵੇਰੇ ਲਗਭਗ 8:15 ਵਜੇ ਵਰਿੰਦਰ ਆਪਣੇ ਬੱਚਿਆਂ ਨੂੰ ਗੁਰੂ ਕੀ ਵਡਾਲੀ ਰੋਡ ’ਤੇ ਸਥਿਤ ਸਕੂਲ ਛੱਡਣ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ ਕਿ ਛੇਹਰਟਾ ਤੋਂ ਆ ਰਹੇ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਉਸ ’ਤੇ ਗੋਲ਼ੀ ਚਲਾ ਦਿੱਤੀ, ਜੋ ਉਸ ਦੀ ਗਰਦਨ ਦੇ ਆਰ-ਪਾਰ ਹੋ ਗਈ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧ ਵਿਚ ਪੁਲਿਸ ਥਾਣਾ ਛੇਹਰਟਾ ਦੇ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਹਮਲਾਵਰਾਂ ਨੂੰ ਫੜਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਜਲਦੀ ਹੀ ਪੁਲਿਸ ਹਿਰਾਸਤ ਵਿੱਚ ਹੋਣਗੇ। ਕੀ ਸੀ ਵਿਵਾਦ ? ਮ੍ਰਿਤਕ ਦੀ ਪਤਨੀ ਮਨਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਭਤੀਜੀ ਅਰਸ਼ਬੀਰ ਕੌਰ ਕਈ ਸਾਲਾਂ ਤੋਂ ਉਨ੍ਹਾਂ ਨਾਲ ਰਹਿ ਰਹੀ ਸੀ। ਉਸ ਨੇ ਡੇਢ ਸਾਲ ਪਹਿਲਾਂ ਡੇਰਾ ਬਾਬਾ ਨਾਨਕ ਸਥਿਤ ਨਿਸ਼ਾਨ ਸਿੰਘ ਨਾਲ ਵਿਆਹ ਕੀਤਾ ਸੀ ਤੇ ਉਸ ਦਾ ਇਕ ਬੱਚਾ ਸੀ। ਕੁਝ ਮਹੀਨਿਆਂ ਬਾਅਦ ਨਿਸ਼ਾਨ ਸਿੰਘ ਤੇ ਉਸ ਦੀ ਭਤੀਜੀ ਅਰਸ਼ਬੀਰ ਕੌਰ ਵਿਚਕਾਰ ਝਗੜਾ ਹੋ ਗਿਆ। ਨਿਸ਼ਾਨ ਸਿੰਘ ਅਕਸਰ ਉਸ ਨਾਲ ਕੁੱਟਮਾਰ ਕਰਦਾ ਸੀ ਤੇ ਉਸ ਨੂੰ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਅਜਿਹਾ ਕਰਦਾ ਰਿਹਾ। ਵਰਿੰਦਰ ਸਿੰਘ ਆਪਣੀ ਭਤੀਜੀ ਅਰਸ਼ਬੀਰ ਕੌਰ ਨੂੰ ਘਰ ਲਿਆਉਣ ਤੋਂ ਬਾਅਦ ਗੁੱਸੇ ਵਿਚ ਆਏ ਨਿਸ਼ਾਨ ਸਿੰਘ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਨਿਸ਼ਾਨ ਸਿੰਘ ਨੇ ਉਸੇ ਰੰਜਿਸ਼ ਕਾਰਨ ਉਸ ਦੇ ਘਰ ’ਤੇ ਗੋਲੀਆਂ ਚਲਾਈਆਂ ਸਨ। ਸੀਸੀਟੀਵੀ ਫੁਟੇਜ ਅਤੇ ਪੁਲਿਸ ਜਾਂਚ ਤੋਂ ਬਾਅਦ ਛੇਹਰਟਾ ਪੁਲਿਸ ਨੇ ਨਿਸ਼ਾਨ ਸਿੰਘ ਵਿਰੁੱਧ ਕੇਸ ਦਰਜ ਕੀਤਾ ਅਤੇ ਢਿੱਲੀ ਕਾਰਵਾਈ ਕੀਤੀ, ਉਸ ਨੂੰ ਗ੍ਰਿਫ਼ਤਾਰ ਕਰਨ ਵਿਚ ਅਸਫਲ ਰਹੀ। ਉਸ ਨੇ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਨਿਸ਼ਾਨ ਸਿੰਘ ਨੇ ਉਨ੍ਹਾਂ ਦੇ ਪਤੀ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ ਅਤੇ ਉਸ ਦੇ ਭਤੀਜੇ ਨੂੰ ਇਕ ਵੀਡੀਓ ਵੀ ਭੇਜਿਆ ਸੀ। ਉਸ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਮਿਲਣ ਤੋਂ ਬਾਅਦ ਨਿਸ਼ਾਨ ਸਿੰਘ ਨੇ ਉਨ੍ਹਾਂ ਦੀ ਰੇਕੀ ਕੀਤੀ ਅਤੇ ਮੌਕਾ ਮਿਲਣ ’ਤੇ ਮੰਗਲਵਾਰ ਨੂੰ ਦਿਨ-ਦਿਹਾੜੇ ਉਸ ਦੇ ਪਤੀ ਨੂੰ ਗੋਲੀ ਮਾਰ ਦਿੱਤੀ। ਬਾਕਸ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ 8:15 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਨੇ ਛੇਹਰਟਾ ਤੋਂ ਬਾਈਕ ’ਤੇ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੂੰ ਐਕਟਿਵਾ ਸਵਾਰ ਵਿਅਕਤੀ ਨੂੰ ਗੋਲ਼ੀ ਮਾਰਦੇ ਦੇਖਿਆ, ਜਿਸ ਨਾਲ ਉਸ ਦੀ ਗਰਦਨ ’ਤੇ ਵਾਰ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਮਹੀਨੇ ਪਹਿਲਾਂ ਉਸੇ ਸਥਾਨ ’ਤੇ ਗੁਰਦੁਆਰਾ ਛੇਹਰਟਾ ਸਾਹਿਬ ਦੇ ਸਾਹਮਣੇ ਕੁਝ ਨੌਜਵਾਨਾਂ ਨੇ ਜੰਡਿਆਲਾ ਦੇ ਇੱਕ ਕੌਂਸਲਰ ਨੂੰ ਗੋਲੀ ਮਾਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਸਾਹਮਣੇ ਅਜਿਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ।