ਭਾਰਤ ਵਿਚ ਔਰਤਾਂ ਜਿਨ੍ਹਾਂ ਤਿੰਨ ਕਿਸਮ ਦੇ ਕੈਂਸਰਾਂ ਨਾਲ ਸਭ ਤੋਂ ਵੱਧ ਪੀੜਤ ਹਨ, ਉਨ੍ਹਾਂ ਵਿਚ ਬ੍ਰੈਸਟ ਕੈਂਸਰ ਸ਼ਾਮਲ ਹੈ। ਦੇਸ਼ ਵਿਚ ਬ੍ਰੈਸਟ ਕੈਂਸਰ ਦੇ ਮਾਮਲਿਆਂ ਦੀ ਗਿਣਤੀ ਹਰ ਸਾਲ ਲਗਪਗ 5.6 ਫ਼ੀਸਦੀ ਵਧਣ ਦੀ ਸੰਭਾਵਨਾ ਹੈ। ਆਈਸੀਐੱਮਆਰ ਦੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਇਨਫਾਰਮੈਟਿਕਸ ਐਂਡ ਰਿਸਰਚ (ਐੱਨਸੀਡੀਆਈਆਰ), ਬੈਂਗਲੁਰੂ ਦੀ ਟੀਮ ਨੇ 31 ਅਧਿਐਨਾਂ ਦੀ ਸਮੀਖਿਆ ਕੀਤੀ।

ਨਵੀਂ ਦਿੱਲੀ (ਏਜੰਸੀ) : ਵੱਡੀ ਉਮਰ ਵਿਚ ਵਿਆਹ ਕਰਨ ਵਾਲੀਆਂ ਔਰਤਾਂ ਨੂੰ ਬ੍ਰੈਸਟ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। 30 ਸਾਲ ਦੀ ਉਮਰ ਤੋਂ ਬਾਅਦ ਪਹਿਲੀ ਗਰਭ ਅਵਸਥਾ ਅਤੇ ਮੋਟਾਪੇ ਨਾਲ ਵੀ ਬ੍ਰੈਸਟ ਕੈਂਸਰ ਦਾ ਖ਼ਤਰਾ ਵਧਦਾ ਹੈ। ਇਹ ਜਾਣਕਾਰੀ ਭਾਰਤੀ ਚਿਕਿਤਸਾ ਖੋਜ ਪ੍ਰੀਸ਼ਦ (ਆਈਸੀਐੱਮਆਰ) ਦੇ ਵਿਗਿਆਨੀਆਂ ਵੱਲੋਂ ਕੀਤੇ ਗਏ ਇਕ ਅਧਿਐਨ ਵਿਚ ਸਾਹਮਣੇ ਆਈ ਹੈ। ਇਸ ਅਧਿਐਨ ਵਿਚ ਭਾਰਤੀ ਔਰਤਾਂ ਵਿਚ ਬ੍ਰੈਸਟ ਕੈਂਸਰ ਦੇ ਖ਼ਤਰੇ ਦੇ ਕਾਰਨਾਂ ਨੂੰ ਵਿਸਥਾਰ ਨਾਲ ਦੱਸਿਆ ਗਿਆ ਹੈ।
ਭਾਰਤ ਵਿਚ ਔਰਤਾਂ ਜਿਨ੍ਹਾਂ ਤਿੰਨ ਕਿਸਮ ਦੇ ਕੈਂਸਰਾਂ ਨਾਲ ਸਭ ਤੋਂ ਵੱਧ ਪੀੜਤ ਹਨ, ਉਨ੍ਹਾਂ ਵਿਚ ਬ੍ਰੈਸਟ ਕੈਂਸਰ ਸ਼ਾਮਲ ਹੈ। ਦੇਸ਼ ਵਿਚ ਬ੍ਰੈਸਟ ਕੈਂਸਰ ਦੇ ਮਾਮਲਿਆਂ ਦੀ ਗਿਣਤੀ ਹਰ ਸਾਲ ਲਗਪਗ 5.6 ਫ਼ੀਸਦੀ ਵਧਣ ਦੀ ਸੰਭਾਵਨਾ ਹੈ। ਆਈਸੀਐੱਮਆਰ ਦੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਇਨਫਾਰਮੈਟਿਕਸ ਐਂਡ ਰਿਸਰਚ (ਐੱਨਸੀਡੀਆਈਆਰ), ਬੈਂਗਲੁਰੂ ਦੀ ਟੀਮ ਨੇ 31 ਅਧਿਐਨਾਂ ਦੀ ਸਮੀਖਿਆ ਕੀਤੀ। ਇਨ੍ਹਾਂ ਵਿਚ 27,925 ਹਿੱਸੇਦਾਰ ਸ਼ਾਮਲ ਸਨ। ਇਨ੍ਹਾਂ ਵਿਚੋਂ 45 ਫ਼ੀਸਦੀ ਨੂੰ ਬ੍ਰੈਸਟ ਕੈਂਸਰ ਦਾ ਪਤਾ ਲੱਗਿਆ ਸੀ।
ਕੈਂਸਰ ਐਪੀਡੈਮੀਓਲੋਜੀ ਜਰਨਲ ਵਿਚ ਛਪੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਪ੍ਰਜਣਨ ਸਮਾਂ, ਹਾਰਮੋਨ, ਮੋਟਾਪਾ ਤੇ ਪਰਿਵਾਰਕ ਇਤਿਹਾਸ ਮੁੱਖ ਤੌਰ ’ਤੇ ਭਾਰਤੀ ਔਰਤਾਂ ਵਿਚ ਬ੍ਰੈਸਟ ਕੈਂਸਰ ਦੇ ਖ਼ਤਰੇ ਨੂੰ ਪ੍ਰਭਾਵਿਤ ਕਰਦੇ ਹਨ। ਸ਼ੋਧਕਰਤਾਵਾਂ ਨੇ ਕਿਹਾ ਕਿ ਜਿਨ੍ਹਾਂ ਔਰਤਾਂ ਦੀ ਉਮਰ 50 ਸਾਲ ਤੋਂ ਵੱਧ ਹੋਣ ’ਤੇ ਮੈਨੋਪਾਜ਼ (ਮਾਹਵਾਰੀ ਬੰਦ ਹੋਣਾ) ਹੁੰਦੀ ਹੈ, ਉਨ੍ਹਾਂ ਵਿਚ ਬ੍ਰੈਸਟ ਕੈਂਸਰ ਦਾ ਖ਼ਤਰਾ ਵੱਧ ਹੁੰਦਾ ਹੈ। ਵੱਡੀ ਉਮਰ ਵਿਚ ਵਿਆਹ ਕਰਨ ਵਾਲੀਆਂ ਔਰਤਾਂ ਅਤੇ 30 ਸਾਲ ਦੀ ਉਮਰ ਤੋਂ ਬਾਅਦ ਮਾਂ ਬਣਨ ਵਾਲੀਆਂ ਔਰਤਾਂ ਨੂੰ ਵੀ ਬ੍ਰੈਸਟ ਕੈਂਸਰ ਦਾ ਖ਼ਤਰਾ ਹੁੰਦਾ ਹੈ। ਕਈ ਵਾਰੀ ਗਰਭਪਾਤ ਕਰਨ ਵਾਲੀਆਂ ਅਤੇ ਮੋਟਾਪੇ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ਨੂੰ ਵੀ ਬ੍ਰੈਸਟ ਕੈਂਸਰ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਚੰਗੀ ਨੀਂਦ ਨਾ ਆਉਣ, ਰੋਸ਼ਨੀ ਵਾਲੇ ਕਮਰੇ ਵਿਚ ਸੌਣ ਅਤੇ ਵੱਧ ਤਣਾਅ ਜਾਂ ਟੈਂਸ਼ਨ ਨਾਲ ਵੀ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
ਵਿਸ਼ਲੇਸ਼ਣ ਵਿਚ ਪਤਾ ਲੱਗਾ ਕਿ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦਾ ਜੋਖ਼ਮ ਤਿੰਨ ਗੁਣਾ ਵੱਧ ਸੀ। 35-50 ਸਾਲ ਦੀ ਉਮਰ ਦੀਆਂ ਔਰਤਾਂ ਵਿਚ ਜੋਖ਼ਮ ਵਿਚ 1.63 ਗੁਣਾ ਵਾਧਾ ਹੋਇਆ। ਇਸ ਨਾਲ 30 ਤੋਂ 40 ਸਾਲ ਦੀ ਉਮਰ ਦੀਆਂ ਔਰਤਾਂ ਲਈ ਮੁੱਢਲੀ ਸਕ੍ਰੀਨਿੰਗ ਦਾ ਮਹੱਤਵ ਉਜਾਗਰ ਹੁੰਦਾ ਹੈ ਤਾਂ ਜੋ ਸਮੇਂ ’ਤੇ ਪਛਾਣ ਅਤੇ ਦਖ਼ਲ ਦਿੱਤਾ ਜਾ ਸਕੇ। ਉੱਚ ਆਮਦਨ ਵਾਲੇ ਦੇਸ਼ਾਂ ਵਿਚ ਜਿੱਥੇ 50 ਸਾਲ ਦੀ ਉਮਰ ਤੋਂ ਬਾਅਦ ਬ੍ਰੈਸਟ ਕੈਂਸਰ ਦਾ ਖ਼ਤਰਾ ਵਧਦਾ ਹੈ, ਭਾਰਤ ਵਿਚ ਨੌਜਵਾਨ ਔਰਤਾਂ ਵਿੱਚ, ਆਮ ਤੌਰ ’ਤੇ 40 ਤੋਂ 50 ਸਾਲ ਦੀ ਉਮਰ ਦਰਮਿਆਨ, ਬ੍ਰੈਸਟ ਕੈਂਸਰ ਦੀ ਘਟਨਾ ਤੁਲਨਾਤਮਕ ਤੌਰ ’ਤੇ ਵੱਧ ਹੈ। ਇਸ ਸਮੀਖਿਆ ਵਿਚ ਭਾਰਤ ਵਿਚ ਵਿਸ਼ਾਲ, ਆਬਾਦੀ ਆਧਾਰਤ ਅਧਿਐਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਬ੍ਰੈਸਟ ਕੈਂਸਰ ਦੀ ਰੋਕਥਾਮ ਤੇ ਸ਼ੁਰੂਆਤੀ ਪਛਾਣ ਅਤੇ ਇਲਾਜ ਹੋ ਸਕੇ।