ਅਕੈਡਮੀ ਹੈਲਥ ਦੇ ਅਨੁਸਾਰ, ਨਿਸ਼ਾ ਵਰਮਾ ਅਮੈਰੀਕਨ ਕਾਲਜ ਆਫ ਔਬਸਟੈਟ੍ਰੀਸ਼ੀਅਨਜ਼ ਐਂਡ ਗਾਇਨੀਕੋਲੋਜਿਸਟਸ (ACOG) 'ਚ ਰੀਪ੍ਰੋਡਕਟਿਵ ਹੈਲਥ ਪਾਲਿਸੀ ਤੇ ਐਡਵੋਕੇਸੀ ਦੀ ਸੀਨੀਅਰ ਐਡਵਾਈਜ਼ਰ ਹਨ। ਇਸ ਤੋਂ ਇਲਾਵਾ, ਉਹ ਐਮੋਰੀ ਯੂਨੀਵਰਸਿਟੀ ਸਕੂਲ ਆਫ ਮੈਡੀਸਨ 'ਚ ਐਡਜੰਕਟ ਅਸਿਸਟੈਂਟ ਪ੍ਰੋਫੈਸਰ ਵਜੋਂ ਵੀ ਕੰਮ ਕਰ ਰਹੇ ਹਨ।

ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ ਦੀ ਸੈਨੇਟ 'ਚ ਗਰਭਪਾਤ ਦੀ ਦਵਾਈ ਨੂੰ ਲੈ ਕੇ ਹੋਈ ਸੁਣਵਾਈ ਦੌਰਾਨ ਇਕ ਸਵਾਲ ਨੇ ਬਹਿਸ ਛੇੜ ਦਿੱਤੀ। ਇਸ ਬਹਿਸ ਦੇ ਕੇਂਦਰ 'ਚ ਭਾਰਤੀ ਮੂਲ ਦੀ ਡਾਕਟਰ ਨਿਸ਼ਾ ਵਰਮਾ ਜਿਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਮਰਦ ਗਰਭਵਤੀ ਹੋ ਸਕਦੇ ਹਨ? ਇਸ ਸਵਾਲ ਦਾ ਜਵਾਬ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਤੇ ਸਿਆਸੀ ਬਹਿਸ ਦਾ ਵਿਸ਼ਾ ਬਣ ਗਿਆ ਹੈ। ਇਹ ਮਾਮਲਾ ਅਮਰੀਕੀ ਸੈਨੇਟ ਦੀ ਹੈਲਥ, ਐਜੂਕੇਸ਼ਨ, ਲੇਬਰ ਐਂਡ ਪੈਨਸ਼ਨ (HELP) ਕਮੇਟੀ ਦੀ ਸੁਣਵਾਈ ਦਾ ਹੈ, ਜਿੱਥੇ ਗਰਭਪਾਤ ਦੀ ਦਵਾਈ 'ਮਿਫੇਪ੍ਰਿਸਟੋਨ' ਦੀ ਸੁਰੱਖਿਆ ਤੇ ਇਸਦੀ ਦੁਰਵਰਤੋਂ 'ਤੇ ਚਰਚਾ ਹੋ ਰਹੀ ਸੀ। ਇਸੇ ਦੌਰਾਨ ਰਿਪਬਲਿਕਨ ਸੰਸਦ ਮੈਂਬਰਾਂ ਨੇ ਡਾਕਟਰ ਵਰਮਾ ਤੋਂ ਇਹ ਸਵਾਲ ਕੀਤਾ।
ਪਹਿਲਾਂ ਸੈਨੇਟਰ ਐਸ਼ਲੇ ਮੂਡੀ ਤੇ ਫਿਰ ਸੈਨੇਟਰ ਜੋਸ਼ ਹਾਲੇ ਨੇ ਉਨ੍ਹਾਂ ਤੋਂ ਸਿੱਧੇ ਤੌਰ 'ਤੇ ਪੁੱਛਿਆ ਕਿ ਕੀ ਮਰਦ ਗਰਭਵਤੀ ਹੋ ਸਕਦੇ ਹਨ। ਡਾਕਟਰ ਵਰਮਾ ਨੇ ਇਸ ਦਾ ਸਿੱਧਾ 'ਹਾਂ' ਜਾਂ 'ਨਾਂਹ' ਵਿਚ ਜਵਾਬ ਨਹੀਂ ਦਿੱਤਾ। ਡਾਕਟਰ ਨਿਸ਼ਾ ਵਰਮਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਲਈ ਸਿੱਧਾ ਜਵਾਬ ਦੇਣ ਤੋਂ ਗੁਰੇਜ਼ ਕੀਤਾ ਕਿਉਂਕਿ ਗੱਲਬਾਤ ਦੀ ਦਿਸ਼ਾ ਤੇ ਮਕਸਦ ਉਨ੍ਹਾਂ ਨੂੰ ਸਪੱਸ਼ਟ ਨਹੀਂ ਲੱਗ ਰਿਹਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਵੱਖ-ਵੱਖ ਪਛਾਣ ਵਾਲੇ ਮਰੀਜ਼ਾਂ ਦਾ ਇਲਾਜ ਕਰਦੇ ਹਨ।
ਸੈਨੇਟਰ ਜੋਸ਼ ਹਾਲੇ ਨੇ ਇਸ 'ਤੇ ਇਤਰਾਜ਼ ਜਤਾਇਆ ਤੇ ਕਿਹਾ ਕਿ ਸਵਾਲ ਰਾਜਨੀਤੀ ਦਾ ਨਹੀਂ ਸਗੋਂ ਜੀਵ-ਵਿਗਿਆਨ (ਬਾਇਓਲੋਜੀ) ਤੇ ਵਿਗਿਆਨ ਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਡਾਕਟਰ ਵਰਮਾ ਇਹ ਮੰਨਣ ਤੋਂ ਬਚ ਰਹੇ ਹਨ ਕਿ ਜੈਵਿਕ ਤੌਰ 'ਤੇ ਮਰਦ ਗਰਭਵਤੀ ਨਹੀਂ ਹੁੰਦੇ। ਇਸ ਦੇ ਜਵਾਬ 'ਚ ਡਾਕਟਰ ਵਰਮਾ ਨੇ ਕਿਹਾ, "ਮੈਡੀਕਲ 'ਚ ਵਿਗਿਆਨ ਅਤੇ ਪ੍ਰਮਾਣਾਂ ਦਾ ਮਾਰਗਦਰਸ਼ਨ ਹੋਣਾ ਚਾਹੀਦਾ ਹੈ, ਪਰ ਅਜਿਹੇ ਹਾਂ-ਨਾਂਹ ਵਾਲੇ ਸਵਾਲਾਂ ਦੀ ਵਰਤੋਂ ਅਕਸਰ ਸਿਆਸੀ ਹਥਿਆਰ ਵਜੋਂ ਕੀਤੀ ਜਾਂਦੀ ਹੈ।"
ਨਿਸ਼ਾ ਵਰਮਾ ਦਾ ਜਨਮ ਅਮਰੀਕਾ ਦੇ ਨਾਰਥ ਕੈਰੋਲੀਨਾ ਦੇ ਗ੍ਰੀਨਸਬੋਰੋ ਸ਼ਹਿਰ ਵਿਚ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਭਾਰਤੀ ਮੂਲ ਦੇ ਹਨ। ਉਨ੍ਹਾਂ ਜੀਵ-ਵਿਗਿਆਨ ਤੇ ਮਨੁੱਖੀ ਵਿਗਿਆਨ (ਐਂਥਰੋਪੋਲੋਜੀ) 'ਚ ਗ੍ਰੈਜੂਏਸ਼ਨ ਕੀਤੀ ਅਤੇ ਇਸ ਤੋਂ ਬਾਅਦ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਤੋਂ ਮੈਡੀਕਲ ਡਿਗਰੀ (MD) ਹਾਸਲ ਕੀਤੀ।
ਸਿੱਖਿਆ ਅਤੇ ਟ੍ਰੇਨਿੰਗ : ਉਨ੍ਹਾਂ ਬੈਥ ਇਜ਼ਰਾਈਲ ਡੀਕੋਨੇਸ ਮੈਡੀਕਲ ਸੈਂਟਰ ਤੋਂ ਔਬਸਟੈਟ੍ਰਿਕਸ ਅਤੇ ਗਾਇਨੀਕੋਲੋਜੀ 'ਚ ਰੈਜ਼ੀਡੈਂਸੀ ਪੂਰੀ ਕੀਤੀ। ਇਸ ਤੋਂ ਬਾਅਦ ਕੰਪਲੈਕਸ ਫੈਮਿਲੀ ਪਲਾਨਿੰਗ 'ਚ ਫੈਲੋਸ਼ਿਪ ਕੀਤੀ ਅਤੇ ਐਮੋਰੀ ਯੂਨੀਵਰਸਿਟੀ ਤੋਂ ਪਬਲਿਕ ਹੈਲਥ ਦੀ ਡਿਗਰੀ ਲਈ। ਡਾਕਟਰ ਵਰਮਾ ਇਕ ਡਬਲ ਬੋਰਡ-ਸਰਟੀਫਾਈਡ ਇਸਤਰੀ ਰੋਗ ਮਾਹਿਰ ਹਨ ਤੇ ਫਿਲਹਾਲ ਜਾਰਜੀਆ 'ਚ ਪ੍ਰਜਣਨ ਸਿਹਤ ਸੇਵਾਵਾਂ (reproductive health services) ਦਿੰਦੇ ਹਨ। ਉਹ 'ਫਿਜ਼ੀਸ਼ੀਅਨਜ਼ ਫਾਰ ਰੀਪ੍ਰੋਡਕਟਿਵ ਹੈਲਥ' ਦੀ ਫੈਲੋ ਵੀ ਹਨ।
ਅਕੈਡਮੀ ਹੈਲਥ ਦੇ ਅਨੁਸਾਰ, ਨਿਸ਼ਾ ਵਰਮਾ ਅਮੈਰੀਕਨ ਕਾਲਜ ਆਫ ਔਬਸਟੈਟ੍ਰੀਸ਼ੀਅਨਜ਼ ਐਂਡ ਗਾਇਨੀਕੋਲੋਜਿਸਟਸ (ACOG) 'ਚ ਰੀਪ੍ਰੋਡਕਟਿਵ ਹੈਲਥ ਪਾਲਿਸੀ ਤੇ ਐਡਵੋਕੇਸੀ ਦੀ ਸੀਨੀਅਰ ਐਡਵਾਈਜ਼ਰ ਹਨ। ਇਸ ਤੋਂ ਇਲਾਵਾ, ਉਹ ਐਮੋਰੀ ਯੂਨੀਵਰਸਿਟੀ ਸਕੂਲ ਆਫ ਮੈਡੀਸਨ 'ਚ ਐਡਜੰਕਟ ਅਸਿਸਟੈਂਟ ਪ੍ਰੋਫੈਸਰ ਵਜੋਂ ਵੀ ਕੰਮ ਕਰ ਰਹੇ ਹਨ।