NIA ਦੇ ਸੂਤਰਾਂ ਮੁਤਾਬਕ ਹਮਲੇ ’ਚ ਵਰਤੀ ਗਈ ਆਈ-20 ਦੇ ਖ਼ਰਾਬ ਹੋਏ ਟੁੱਕੜਿਆਂ ’ਚੋਂ ਮਿਲਿਆ ਇਕ ਵੱਢਿਆ ਪੈਰ ਇਸ ਗੱਲ ਦੀ ਸੰਭਾਵਨਾ ਵੱਲ ਇਸ਼ਾਰਾ ਕਰਦਾ ਹੈ ਕਿ ਕਾਰ ਚਲਾ ਰਹੇ ਉਮਰ ਨੇ ਆਪਣੇ ਜੁੱਤਿਆਂ ਦੇ ਅੰਦਰ ਟ੍ਰਿਗਰਿੰਗ ਮੈਕੈਨਿਜ਼ਮ ਛੁਪਾ ਰੱਖਿਆ ਹੋਵੇ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਲਾਲ ਕਿਲ੍ਹੇ (Red Fort) ’ਤੇ ਹੋਏ ਭਿਆਨਕ ਧਮਾਕੇ ਦੀ ਜਾਂਚ ਕਰ ਰਹੀ NIA ਨੂੰ ਇਕ ਨਵੀਂ ਅਤੇ ਦਹਿਲਾਉਣ ਵਾਲੀ ਜਾਣਕਾਰੀ ਮਿਲੀ ਹੈ। ਐੱਨਆਈਏ ਨੂੰ ਸ਼ੱਕ ਹੈ ਕਿ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਡਾ. ਉਮਰ ਨਬੀ ਬਟ ਦੇ ਬੂਟਾਂ ’ਚ ਬੰਬ ਦਾ ਟ੍ਰਿਗਰ ਸੀ ਅਤੇ ਉਸਨੇ ‘ਸ਼ੂ ਬੰਬਰ’ ਬਣ ਕੇ ਧਮਾਕੇ ਨੂੰ ਅੰਜਾਮ ਦਿੱਤਾ। ਸੂਤਰਾਂ ਦੇ ਅਨੁਸਾਰ ਉਮਰ ਦੀ ਖ਼ਰਾਬ ਹੋਈ ਆਈ-20 ਕਾਰ ਤੋਂ ਬੂਟਾਂ ਦੇ ਕੁਝ ਹਿੱਸੇ ਮਿਲੇ, ਜਿਸ ਵਿਚ ਮੈਟਲ ਦੇ ਟੁੱਕੜੇ ਸਨ। ਘਟਨਾ ਸਥਾਨ ਤੋਂ ਉਮਰ ਦੀ ਕਾਰ ’ਚ ਡ੍ਰਾਈਵਿੰਗ ਸੀਟ ਦੇ ਹੇਠਾਂ ਦੇ ਸੱਜੇ ਅੱਗੇ ਦੇ ਟਾਇਰ ਤੋਂ ਬੂਟ ਦਾ ਹਿੱਸਾ ਬਰਾਮਦ ਹੋਇਆ ਹੈ। ਉੱਥੇ ਬੰਬ ਬਣਾਉਣ ’ਚ ਵਰਤੇ ਜਾਣ ਵਾਲੇ ਟ੍ਰਾਈਐਸੀਟੋਨ ਟ੍ਰਾਈਪਰਾਕਸਾਈਡ (ਟੀਏਟੀਪੀ) ਦੇ ਟੁੱਕੜੇ ਵੀ ਮਿਲੇ ਹਨ। ਜਾਂਚ ਨਾਲ ਜੁੜੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਧਮਾਕਾ ਦੇਸ਼ ’ਚ ਹੁਣ ਤੱਕ ਹੋਏ ਜਾਨਲੇਵਾ ਹਮਲਿਆਂ ਵਿੱਚੋਂ ਸਭ ਤੋਂ ਵੱਖਰਾ ਹੈ।
ਐੱਨਆਈਏ ਨੂੰ ‘ਬੂਟ ਬੰਬ’ ਨੇ ਹੋਰ ਹੈਰਾਨ ਕਰ ਦਿੱਤਾ ਹੈ। ਐੱਨਆਈਏ ਦੇ ਸੂਤਰਾਂ ਮੁਤਾਬਕ ਹਮਲੇ ’ਚ ਵਰਤੀ ਗਈ ਆਈ-20 ਦੇ ਖ਼ਰਾਬ ਹੋਏ ਟੁੱਕੜਿਆਂ ’ਚੋਂ ਮਿਲਿਆ ਇਕ ਵੱਢਿਆ ਪੈਰ ਇਸ ਗੱਲ ਦੀ ਸੰਭਾਵਨਾ ਵੱਲ ਇਸ਼ਾਰਾ ਕਰਦਾ ਹੈ ਕਿ ਕਾਰ ਚਲਾ ਰਹੇ ਉਮਰ ਨੇ ਆਪਣੇ ਜੁੱਤਿਆਂ ਦੇ ਅੰਦਰ ਟ੍ਰਿਗਰਿੰਗ ਮੈਕੈਨਿਜ਼ਮ ਛੁਪਾ ਰੱਖਿਆ ਹੋਵੇ। ਏਜੰਸੀਆਂ ਜਾਂਚ ਕਰ ਰਹੀਆਂ ਹਨ ਕਿ ਕੀ ਜੈਸ਼ ਦਾ ਅੱਤਵਾਦੀ ਉਮਰ ਜੁੱਤਾ ਬੰਬ ਬਣਾਉਣ ਵਾਲਾ ਸੀ। ਇਹ ਤਰੀਕਾ ਅਲ-ਕਾਇਦਾ ਦੇ ਬ੍ਰਿਟਿਸ਼ ਅੱਤਵਾਦੀ ਰਿਚਰਡ ਰੀਡ ਦੁਆਰਾ 2001 ’ਚ ਆਪਣੇ ਬੂਟਾਂ ਵਿਚ ਲੁਕੇ ਟੀਏਟੀਪੀ ਦਾ ਇਸਤੇਮਾਲ ਕਰਕੇ ਇਕ ਟ੍ਰਾਂਸ-ਅਟਲਾਂਟਿਕ ਉਡਾਣ ਨੂੰ ਉਡਾਉਣ ਦੀ ਕੋਸ਼ਿਸ਼ ਨਾਲ ਮਿਲਦਾ ਜੁਲਦਾ ਹੈ।
ਸੂਤਰਾਂ ਦੇ ਅਨੁਸਾਰ ਜਾਂਚ ’ਚ ਇਹ ਵੀ ਜਾਣਕਾਰੀ ਮਿਲੀ ਹੈ ਕਿ ਧਮਾਕੇ ਦੀ ਸਾਜ਼ਿਸ਼ ਲਈ 20 ਲੱਖ ਰੁਪਏ ਗ੍ਰਿਫ਼ਤਾਰ ਔਰਤ ਡਾਕਟਰ ਸ਼ਾਹੀਨ ਨੇ ਇਸ ਮਾਡਿਊਲ ਨੂੰ ਦਿੱਤੇ ਸਨ। ਕਾਰ ’ਚ ਪਿੱਛੇ ਦੀ ਸੀਟ ਦੇ ਹੇਠਾਂ ਦੇ ਹਿੱਸੇ ’ਚ ਵੀ ਧਮਾਕਾਖੇਜ਼ ਹੋਣ ਦੇ ਸਬੂਤ ਮਿਲੇ ਹਨ।
ਧਮਾਕੇ ਦੀ ਫੋਰੈਂਸਿਕ ਸਾਇੰਸ ਲੈਬ (ਐੱਫਐੱਸਐੱਲ) ਦੀ ਫਾਈਨਲ ਰਿਪੋਰਟ ਮੰਗਲਵਾਰ ਸ਼ਾਮ ਤੱਕ ਆ ਜਾਣ ਦੀ ਸੰਭਾਵਨਾ ਹੈ। ਐੱਫਐੱਸਐੱਲ ਦੇ ਰੋਹਿਣੀ, ਸੈਕਟਰ 14 ਅਤੇ ਸੈਕਟਰ-23 ਸਥਿਤ ਸੈਂਟਰਾਂ ’ਚ 20 ਮੈਂਬਰਾਂ ਦੀ ਵੱਖ-ਵੱਖ ਤਿੰਨ ਟੀਮਾਂ ਜਾਂਚ ’ਚ ਲੱਗੀਆਂ ਹਨ। ਰਸਾਇਣ ਵਿਗਿਆਨ ਵਿਭਾਗ ਦੀ ਵਿਸਫੋਟਕ ਯੂਨਿਟ ’ਚ ਧਮਾਕੇ ’ਚ ਵਰਤੇ ਗਏ ਰਸਾਇਣਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਧਮਾਕਾਖੇਜ਼ ਯੂਨਿਟ ਨੇ ਖ਼ਰਾਬ ਹੋਏ ਵਾਹਨਾਂ ਅਤੇ ਮੌਕੇ ਤੋਂ ਉਠਾਏ ਗਏ ਸੱਤ ਨਮੂਨਿਆਂ ਦੀ ਜਾਂਚ ਕੀਤੀ ਹੈ, ਜਿਨ੍ਹਾਂ ’ਚ ਐਮੋਨਿਯਮ ਨਾਈਟਰੇਟ ਅਤੇ ਟੀਏਟੀਪੀ ਦੀ ਪੁਸ਼ਟੀ ਹੋਈ ਹੈ। ਐੱਫਐੱਸਐੱਲ ਦੇ ਪ੍ਰਿੰਸੀਪਲ ਡਾਇਰੈਕਟਰ ਡਾ. ਅਨਿਲ ਅਗਰਵਾਲ ਨੇ ਦੈਨਿਕ ਜਾਗਰਣ ਨਾਲ ਗੱਲਬਾਤ ’ਚ ਧਮਾਕਾਖੇਜ਼ ਸਮੱਗਰੀ ’ਚ ਵਰਤੇ ਗਏ ਰਸਾਇਣਾਂ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਇਹ ਪੁਸ਼ਟੀ ਕੀਤੀ ਕਿ ਫਾਈਨਲ ਰਿਪੋਰਟ ਮੰਗਲਵਾਰ ਤੱਕ ਐੱਨਆਈਏ ਨੂੰ ਸੌਂਪ ਦਿੱਤੀ ਜਾਵੇਗੀ।
ਐੱਫਐੱਸਐੱਲ ਦੇ ਇਕ ਅਧਿਕਾਰੀ ਮੁਤਾਬਕ ਧਮਾਕਾਖੇਜ਼ ਪਦਾਰਥ ਦੀ ਜਾਂਚ ਲਈ ਐੱਫਐੱਸਐੱਲ ਦੇ ਰੋਹਿਣੀ, ਸੈਕਟਰ-23 ਵਿਚ ਵਿਸ਼ੇਸ਼ ਦਫਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਰੋਹਿਣੀ ਸੈਕਟਰ 14 ਸਥਿਤ ਐੱਫਐੱਸਐੱਲ ਦੇ ਫਿਜਿਕਸ ਵਿਭਾਗ ਵਿਚ ਖ਼ਰਾਬ ਹੋਏ ਵਾਹਨਾਂ ਦੀ ਚੈਸੀ ਅਤੇ ਇੰਜਣ ਨੰਬਰ ਆਦਿ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਜੈਸ਼ ਅੱਤਵਾਦੀ ਉਮਰ ਦੀ ਕਾਰ ਦੇ ਚੈਸੀ ਅਤੇ ਇੰਜਣ ਨੰਬਰ ਬਾਰੇ ਵਿਗਿਆਨੀਆਂ ਨੂੰ ਹਾਲੇ ਜਾਣਕਾਰੀ ਨਹੀਂ ਮਿਲੀ ਹੈ। ਧਮਾਕੇ ’ਚ 15 ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਦੇ ਸਰੀਰ ਦੇ ਚਿੱਥੜੇ ਉੱਡ ਗਏ ਹਨ। ਅਜਿਹੇ ਮਨੁੱਖੀ ਅੰਗਾਂ ਦੀ ਡੀਐੱਨਏ ਜਾਂਚ ਐੱਫਐੱਸਐੱਲ ਦੇ ਜੀਵ ਵਿਗਿਆਨ ਵਿਭਾਗ ਵਿਚ ਕੀਤੀ ਜਾ ਰਹੀ ਹੈ।
ਧਮਾਕਾ ਸਥਾਨ ਦੇ ਨੇੜੇ ਤੋਂ ਨੌਂ ਐੱਮਐੱਮ ਗੰਨ ਦੇ ਦੋ ਕਾਰਤੂਸ ਅਤੇ ਇਕ ਖੋਖਾ ਵੀ ਬਰਾਮਦ ਹੋਇਆ ਹੈ। ਇਹ ਕਾਰਤੂਸ ਆਮ ਲੋਕਾਂ ਦੇ ਇਸਤੇਮਾਲ ਲਈ ਰੋਕਿਆ ਗਿਆ ਹੈ ਅਤੇ ਇਹ ਸਿਰਫ ਪੁਲਿਸ ਬਲ ਨੂੰ ਹੀ ਜਾਰੀ ਕੀਤਾ ਜਾਂਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਪੁਲਿਸ ਦੁਆਰਾ ਹਾਲ ਹੀ ਵਿਚ ਗ੍ਰਿਫ਼ਤਾਰ ਕੀਤਾ ਗਿਆ 'ਸਫੈਦਪੋਸ਼' ਅੱਤਵਾਦੀ ਮਾਡਿਊਲ, ਜਿਸਨੂੰ ਕੱਟੜਪੰਥੀ ਡਾਕਟਰਾਂ ਦੇ ਇਕ ਸਮੂਹ ਦੁਆਰਾ ਚਲਾਇਆ ਜਾ ਰਿਹਾ ਸੀ, ਪਿਛਲੇ ਸਾਲ ਤੋਂ ਆਤਮਘਾਤੀ ਹਮਲਾਵਰ ਦੀ ਤਲਾਸ਼ ਵਿਚ ਸੀ। ਮੁੱਖ ਯੋਜਕ ਉਮਰ ਨਬੀ ਇਸ ਸਾਜ਼ਿਸ਼ ਨੂੰ ਚੰਗੇ ਢੰਗ ਨਾਲ ਅੱਗੇ ਵਧਾ ਰਿਹਾ ਸੀ।
ਟੀਏਟੀਪੀ (ਟ੍ਰਾਈਐਸੀਟੋਨ ਟ੍ਰਾਈਪਰਾਕਸਾਈਡ) ਇਕ ਸ਼ਕਤੀਸ਼ਾਲੀ ਧਮਾਕਾਖੇਜ਼ ਸਮੱਗਰੀ ਹੈ। ਇਸਨੂੰ ਸਾਧਾਰਣ ਰਸਾਇਣਾਂ ਐਸੀਟੋਨ, ਹਾਈਡ੍ਰੋਜਨ ਪੈਰਾਕਸਾਈਡ ਅਤੇ ਕਿਸੇ ਮਜ਼ਬੂਤ ਐਸਿਡ ਦੀ ਮਦਦ ਨਾਲ ਬਣਾਇਆ ਜਾ ਸਕਦਾ ਹੈ। ਆਸਾਨੀ ਨਾਲ ਤਿਆਰ ਹੋ ਜਾਣ ਅਤੇ ਇਸਦੀ ਖਤਰਨਾਕ ਪ੍ਰਕਿਰਤੀ ਦੇ ਕਾਰਨ ਇਸਨੂੰ ‘ਮਦਰ ਆਫ ਸੈਟਨ’ (ਸ਼ੈਤਾਨ ਦੀ ਮਾਂ) ਕਿਹਾ ਜਾਂਦਾ ਹੈ। ਧਾਤੂ-ਰਹਿਤ ਸੰਰਚਨਾ ਦੇ ਕਾਰਨ ਟੀਏਟੀਪੀ ਪਰੰਪਰਿਕ ਮੈਟਲ ਡਿਟੈਕਟਰ ਦੀ ਜਾਂਚ ਵਿਚ ਫੜ ਵਿਚ ਨਹੀਂ ਆਉਂਦਾ, ਜਿਸ ਨਾਲ ਇਹ ਅੱਤਵਾਦੀ ਮਾਡਿਊਲ ਲਈ ਪਸੰਦੀਦਾ ਧਮਾਕਾਖੇਜ਼ ਸਮੱਗਰੀ ਬਣ ਗਿਆ ਹੈ। ਦੁਨੀਆ ਭਰ ’ਚ ਕਈ ਵੱਡੇ ਅੱਤਵਾਦੀ ਹਮਲਿਆਂ ਵਿਚ ਟੀਏਟੀਪੀ ਦਾ ਇਸਤੇਮਾਲ ਹੋ ਚੁੱਕਾ ਹੈ, ਜਿਸ ਵਿਚ 2005 ਦਾ ਲੰਡਨ ਅੰਡਰਗ੍ਰਾਊਂਡ ਧਮਾਕਾ ਅਤੇ 2015 ਦਾ ਪੈਰਿਸ ਹਮਲਾ ਪ੍ਰਮੁੱਖ ਹਨ। ਭਾਰਤ ਵਿਚ ਵੀ ਸੁਰੱਖਿਆ ਏਜੰਸੀਆਂ ਕਈ ਮਾਡਿਊਲਾਂ ਤੋਂ ਟੀਏਟੀਪੀ ਬਰਾਮਦ ਕਰ ਚੁੱਕੀਆਂ ਹਨ।