ਭਗਤ ਸਿੰਘ ਦੇ ਵਡੇਰੇ ਤਕੜੇ ਜਗੀਰਦਾਰ ਹੋਣ ਕਾਰਨ ਇਨ੍ਹਾਂ ਨੂੰ ਸਰਕਾਰ ਪਾਸੋਂ ਇਲਾਕੇ ਵਿੱਚ ਕਚਹਿਰੀ ਲਗਾਉਣ ਦਾ ਹੱਕ ਮਿਲਿਆ ਹੋਇਆ ਸੀ। ਪਿੰਡ ਖਟਗੜ੍ਹਕਲਾਂ ਵਿਖੇ ਝੰਡਾ ਸ਼ਹਿਰ ਦਾ ਸਥਾਨ ਜਿੱਥੇ ਸਾਰਾ ਪਿੰਡ ਸੇਵਾ ਕਰਦਾ ਸੀ ਇਹ ਥਾਂ ਵੀ ਇਨਾਂ ਨੇ ਗੁਰੂ ਘਰ ਨੂੰ ਦਿੱਤੀ ਹੋਈ ਸੀ। ਇਹ ਪਰਿਵਾਰ ਮਾਨਵਤਾ ਲਈ ਬਣਾਏ ਹੋਏ ਕਾਨੂੰਨਾਂ-ਅਸੂਲਾਂ ਪ੍ਰਤੀ ਬੜਾ ਵਚਨਬੱਧ ਸੀ।
ਸਦੀਆਂ ਦੀ ਗ਼ਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਨਵੇਂ ਰਾਸ਼ਟਰ ਦੇ ਨਿਰਮਾਣ ਹਿੱਤ ਆਪਣਾ ਆਪਾ ਕੁਰਬਾਨ ਕਰ ਦੇਣ ਵਾਲਾ ਨੌਜਵਾਨ ਭਗਤ ਸਿੰਘ ਆਪਣੀ ਭੂਮੀ ਭਾਰਤ ਮਾਤਾ ਦਾ ਸੱਚਾ ਸਪੂਤ ਸਾਬਤ ਹੋਇਆ ਜਿਸ ਦੀ ਕੁਰਬਾਨੀ ਦਾ ਉਹ ਮੁਲ ਨਹੀਂ ਪਿਆ ਜਿਹੜਾ ਸਹੀ ਅਰਥਾਂ ਵਿਚ ਪੈਣਾ ਚਾਹੀਦਾ ਸੀ। ਸਿਰ ’ਤੇ ਪੀਲੀਆਂ ਪੱਗਾਂ ਸਜਾ ਕੇ ਮੁੱਛਾਂ ਨੂੰ ਵੱਟ ਦੇ ਕੇ ਅੱਜ ਦੇ ਨੌਜਵਾਨ ਭਾਵੇਂ ਉਸ ਪ੍ਰਤੀ ਆਪਣੀ ਸ਼ਰਧਾ ਵਿਅਕਤ ਕਰਦੇ ਹਨ ਪ੍ਰੰਤੂ ਉਸ ਦੇ ਜਜ਼ਬਿਆਂ, ਉਸ ਦੀ ਸੋਚ ਅਤੇ ਉਸ ਦੀ ਸਮਝ ਤੋਂ ਅਜੇ ਕੋਹਾਂ ਪਰ੍ਹੇ ਹਨ। ਕਿਵੇਂ ਉਹ ਧਰਤੀ ਮਾਂ ਦੀਆਂ ਅੱਖਾਂ ਦਾ ਤਾਰਾ ਬਣਿਆ? ਕਿਸ ਪਿਛੋਕੜ ’ਚ ਪਲ ਕੇ, ਕਿਨ੍ਹਾਂ ਪਰਸਥਿਤੀਆਂ ’ਚ ਵਿਚਰ ਕੇ ਸ਼ਹੀਦ-ਏ-ਆਜ਼ਮ ਬਣਿਆ? ਇਸ ਸਭ ਦਾ ਬਿਰਤਾਂਤ ਦਰਸਾਉਂਦੇ ਹਨ ਸ਼ਹੀਦੇ ਏ ਆਜ਼ਮ ਦੇ ਪਿੰਡ ਖਟਕੜਕਲਾਂ ’ਚ ਬਣੇ ਅਜਾਇਬ ਘਰ।
ਕਹਾਵਤ ਹੈ ਕਿ ‘ਜਿਸ ਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਨਹੀਂ...ਪਰ ਜੇ ਕੋਈ ਪੰਜਾਬ ’ਚ ਪੈਦਾ ਹੋ ਕੇ ਸ਼ਹੀਦ ਭਗਤ ਸਿੰਘ ਨਗਰ (ਪਹਿਲਾਂ ਨਵਾਂਸ਼ਹਿਰ ਸੀ) ਦੇ ਬੰਗਾ ਸ਼ਹਿਰ ਲਾਗੇ ਸਥਿਤ ਖਟਕੜ ਕਲਾਂ ਸਥਿਤ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਤੇ ਉਸ ਦੀਆਂ ਯਾਦਾਂ ਸਾਂਭਣ ਲਈ ਬਣਾਏ ਅਜਾਇਬ ਘਰ ’ਚ ਨਹੀਂ ਗਿਆ, ਉਸ ’ਤੇ ਵੀ ਇਹੀ ਕਹਾਵਤ ਢੁੱਕਦੀ ਹੈ। ਬਰਤਾਨਵੀ ਹਕੂਮਤ ਦੀਆਂ ਜੜ੍ਹਾਂ ਹਲਾਉਣ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਚੜ੍ਹਦੀ ਉਮਰੇ ਕਿਹੜੇ ਤਸ਼ੱਦਦ ਝੱਲੇ ਤੇ ਉਨ੍ਹਾਂ ਨੇ ‘ਇਨਲਾਬ ਜ਼ਿੰਦਾਬਾਦ’ ਦੀ ਬੜ੍ਹਕ ਨਾਲ ਕਿਸ ਤਰੀਕੇ ਫਿਰੰਗੀਆਂ ਦੇ ਪਸੀਨੇ ਛੁਡਾਏ।
ਮਾਤਾ ਵਿਦਿਆਵਤੀ ਦੀ ਇੱਛਾ
ਮਾਤਾ ਵਿਦਿਆਵਤੀ ਦੀ ਦਿਲੀ ਇੱਛਾ ਸੀ ਕਿ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇੱਥੇ ਇਕ ਅਜਾਇਬ ਘਰ ਬਣਾਇਆ ਜਾਵੇ। ਉਨ੍ਹਾਂ ਦੀ ਦਿਲੀ ਇੱਛਾ ’ਤੇ ਸ਼ਹੀਦ ਭਗਤ ਸਿੰਘ ਦੀਆਂ ਯਾਦਾਂ ਸੰਜੋ ਕੇ ਪਿੰਡ ਦੇ ਐਂਟਰੀ ਪੁਆਇੰਟ ਦੇ ਮੁੱਖ ਸੜਕ ’ਤੇ ਅਜਾਇਬ ਘਰ ਬਣਾਇਆ ਗਿਆ। ਇਸ ਅਜਾਇਬ ਘਰ ’ਚ ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਅਮਰ ਕੌਰ ਵੱਲੋਂ 23 ਮਾਰਚ 1931 ਨੂੰ ਫਾਂਸੀ ਤੋਂ ਬਾਅਦ 24 ਮਾਰਚ ਨੂੰ ਸਸਕਾਰ ਤੋਂ ਬਾਅਦ ਇਕੱਠੀਆਂ ਕੀਤੀਆਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਅਸਥੀਆਂ ਪਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੱਥ ਲਿਖਤ ਚਿੱਠੀਆਂ, ਜਨਮ ਪੱਤਰੀ, ਪਰਿਵਾਰ ਦੀਆਂ ਤਸਵੀਰਾਂ ਅਤੇ 24 ਮਾਰਚ 1931 ਨੂੰ ਪ੍ਰਕਾਸ਼ਤ ‘ਦਿ ਟ੍ਰਿਬਿਊਨ ਅਖਬਾਰ’ ਜਿਸ ਵਿਚ ਸ਼ਹਾਦਤ ਦੀ ਗਾਥਾ ਛਪੀ ਹੈ। ਸ਼ਹੀਦ ਸੁਖਦੇਵ ਦੀ ਟੋਪੀ, ਸ਼ਹੀਦ ਭਗਤ ਸਿੰਘ ਦੀ ਸੁਰਮੇਦਾਨੀ, ਗੀਤਾ, ਬਟੂਆ, ਭਗਤ ਸਿੰਘ, ਸੁਖਦੇਵ, ਰਾਜਗੁਰੂ ਦੀ ਫਾਂਸੀ ਦਾ ਫਰਮਾਨ ਲਿਖਣ ਵਾਲੀ ਕਲਮ, ਜੇਲ੍ਹ ਡਾਇਰੀ, ਸ਼ਹੀਦ ਭਗਤ ਸਿੰਘ ਦੀ ਜਿੰਦਗੀ ਨੂੰ ਦਰਸਾਉਣ ਵਾਲੇ ਚਿੱਤਰ, 12 ਸਾਲ ਦੇ ਭਗਤ ਸਿੰਘ ਦੀ ਤਸਵੀਰ, ਆਪਣੀ ਮਾਤਾ ਵਿਦਿਆਵਤੀ ਤੇ ਚਾਚੀ ਨਾਲ ਬੈਠੇ ਭਗਤ ਸਿੰਘ ਦੀ ਤਸਵੀਰ, ਮਾਤਾ ਵਿਦਿਆਵਤੀ ਨੂੰ ਸਨਮਾਨ ਦਿੰਦੇ ਹੋਏ ਗਿਆਨੀ ਜੈਲ ਸਿੰਘ ਦੀਆਂ ਤਸਵੀਰਾਂ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹਨ।
ਅਜਾਇਬ ਘਰ ’ਚ ਹੈ ਆਜ਼ਾਦੀ ਦਾ ਇਤਿਹਾਸ
ਜਦੋਂ ਸੜਕ ’ਤੇ ਖਲੋ ਕੇ ਖਟਕੜ ਕਲਾਂ ਪਿੰਡ ਵੱਲ ਝਾਤ ਮਾਰੀਏ ਤਾਂ ਇਹ ਅਜਾਇਬ ਘਰ ਦੇਖਦਿਆਂ ਇੰਜ ਲੱਗਦਾ ਹੈ ਕਿ ਕਿਸੇ ਸ਼ਾਂਤ ਸਮੁੰਦਰ ਦੇ ਦਰਸ਼ਨ ਕਰਦੇ ਹੋਈਏ... ਪਰ ਅੰਦਰ ਵੜ ਕੇ ਜੋ ਲੂ ਕੰਢੇ ਖੜ੍ਹੇ ਹੁੰਦੇ ਹਨ, ਉਨ੍ਹਾਂ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਮੁਸ਼ਕਲ ਕੰਮ ਹੈ। ਅਜਾਇਬ ਘਰ ਦਾ ਪਹਿਲਾ ਸ਼ੀਸ਼ੇ ਦਾ ਬਣਿਆ ਦਰਵਾਜਾ ਲੰਘਦਿਆਂ ਸੱਜੇ ਹੱਥ ਤਿੰਨਾਂ ਸੂਰਬੀਰਾਂ, ਸ਼ਹੀਦ ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਦੀਆਂ ਤਸਵੀਰਾਂ ਨੂੰ ਆਪ ਮੁਹਾਰੇ ਸਿੱਜਦਾ ਕਰਨ ਨੂੰ ਮਨ ਕਰਦਾ ਹੈ। ਖੱਬੇ ਹੱਥ ਵੀਡੀਓਗ੍ਰਾਫੀ ਰਾਹੀਂ ਅਜਾਇਬ ਘਰ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਅੱਗੇ ਫਿਰ ਖੱਬੇ ਹੱਥ ਐਨ ਸਾਹਮਣੇ ਅੰਦਰ ਵੜਦਿਆਂ ‘ਇਨਕਲਾਬੀ ਹੱਥ’ ਬਹੁਤ ਹੀ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਉਸ ਦੇ ਚਾਰੇ ਪਾਸੇ ਤਕਰੀਬਨ 8 ਤੋਂ 10 ਭਾਸ਼ਾਵਾਂ ’ਚ ‘ਇਨਕਲਾਬ ਜ਼ਿੰਦਾਬਾਦ’ ਲਿਖਿਆ ਗਿਆ ਹੈ। ਇਸ ਤੋਂ ਅੱਗੇ ਖੱਬੇ ਹੱਥ ਕਮਰਾ ਬਣਾ ਕੇ ਸ਼ਹੀਦ ਦੀ ਯਾਦ ਤਾਜ਼ਾ ਕੀਤੀ ਗਈ ਹੈ। ਇਸੇ ਥਾਂ ਪਿੱਛੇ ਦੇਖਣਾ ਬਿਲਕੁਲ ਨਹੀਂ ਭੁੱਲਣਾ ਕਿਉਂਕਿ ਇੱਥੇ ਥ੍ਰੀਡੀ ਆਰਟ ਰਾਹੀਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ ਹੈ। ਪੰਜ ਤੋਂ 10 ਮਿੰਟ ਦੀ ਇਸ ਕਲਿਪ ’ਚ ਤੁਸੀਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਬਾਰੇ ਤੇ ਹੋਰ ਜਾਣਕਾਰੀਆਂ ਲੈ ਸਕਦੇ ਹੋ।
ਇਸ ਤੋਂ ਅੱਗੇ ਬਣਾਇਆ ਕਮਰਾ ਵੀ ਬਹੁਤ ਅਹਿਮ ਹੈ। ਇੱਥੇ ਇਕ ਪਾਸੇ ਤੋਪ ਰੱਖ ਕੇ ਕੂਕਾ ਲਹਿਰ ਤੇ ਦੂਜੇ ਪਾਸੇ ਜਹਾਜ਼ ਦੇ ਮਾਡਲ ਨਾਲ ਕਾਮਾ ਗਾਟਾ ਮਾਰੂ ਘਟਨਾ ਦਰਸਾਈ ਗਈ ਹੈ। ਕੰਧ ’ਤੇ ਇਨ੍ਹਾਂ ਦੋਵੇਂ ਅਹਿਮ ਘਟਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਉਕਰੀ ਗਈ ਹੈ। ਮਈ 1914 ਨੂੰ ਭਾਫ ਨਾਲ ਚੱਲਣ ਵਾਲਾ ਇੱਕ ਜਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾ ਮਾਰੂ 376 ਭਾਰਤੀ ਯਾਤਰੀ ਨੂੰ ਲੈ ਕੇ ਕੈਨੇਡਾ ਦੇ ਕੰਢੇ ਪਹੁੰਚਿਆ ਪਰ ਕੈਨੇਡਾ ਦੀ ਸਰਕਾਰ ਨੇ ਇਹਨਾਂ ਨੂੰ ਕੈਨੇਡਾ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ। ਕਿਉਂਕਿ ਅਸ਼ਵੇਤਾਂ ਨੂੰ ਪਰਵਾਸ ਤੋਂ ਰੋਕਣ ਲਈ ਉਹਨਾਂ ਨੇ 1910 ਦੇ ਪਰਵਾਸ ਕਾਨੂੰਨ ’ਚ ਤਬਦੀਲੀ ਕਰ ਕੇ ਹੁਣ ਪਰਵਾਸ ਕਰ ਕੇ ਆਉਣ ਵਾਲੇ ਅਸ਼ਵੇਤ ਲੋਕਾਂ ਲਈ ਇਹ ਸ਼ਰਤ ਲਗਾ ਦਿੱਤੀ ਸੀ ਕਿ ਕੈਨੇਡਾ ਪਹੁੰਚਣ ’ਤੇ ਉਹਨਾਂ ਕੋਲ ਘੱਟੋ-ਘੱਟ 200 ਡਾਲਰ ਹੋਣੇ ਚਾਹੀਦੇ ਸੀ। ਗੋਰੇ ਪਰਵਾਸੀਆਂ ਕੋਲ ਹੋਣ ਵਾਲੀ ਘੱਟੋ ਘੱਟ ਰਕਮ ਤੋਂ ਇਹ ਅੱਠ ਗੁਣਾ ਜ਼ਿਆਦਾ ਸੀ। ਦੂਸਰੀ ਸ਼ਰਤ ਇਹ ਸੀ ਕਿ ਅਸ਼ਵੇਤ ਪਰਵਾਸੀ ਸਿੱਧੇ ਹੀ ਆਪਣੇ ਮੂਲ ਨਿਵਾਸ ਵਾਲੇ ਦੇਸ਼ ਤੋਂ ਸਫ਼ਰ ਕਰ ਕੇ ਕੈਨੇਡਾ ਪਹੁੰਚੇ ਹੋਣ, ਕਿਸੇ ਹੋਰ ਦੇਸ਼ ਤੋਂ ਨਹੀਂ। ਕੈਨੇਡਾ ਦੀ ਸਰਕਾਰ ਦੀ ਨਜ਼ਰ ’ਚ ਇਹ ਪਰਵਾਸੀ ਭਾਰਤੀ ਬਰਤਾਨਵੀ ਸਾਮਰਾਜ ਦੇ ਗ਼ੁਲਾਮ ਸਨ, ਨਾਗਰਿਕ ਨਹੀਂ। ਇਹ ਮਾਮਲਾ ਦੋ ਮਹੀਨੇ ਤੱਕ ਲਟਕ ਗਿਆ। ਕੈਨੇਡਾ ਵਸਦੇ ਭਾਰਤੀਆਂ ਨੇ ਵੈਨਕੂਵਰ ਦੀ ਅਦਾਲਤ ’ਚ ਇਸ ਸਬੰਧੀ ਮੁਕੱਦਮਾ ਵੀ ਲੜਿਆ ਪਰ ਕਾਮਯਾਬੀ ਨਹੀਂ ਮਿਲੀ। ਇਸ ਦੌਰਾਨ ਇਹ ਸਾਰੇ ਯਾਤਰੀ ਬੜੇ ਮੁਸ਼ਕਿਲ ਹਾਲਾਤਾਂ ’ਚ ਜਹਾਜ਼ ’ਤੇ ਹੀ ਫਸੇ ਰਹੇ ਸਨ। ਕੈਨੇਡਾ ਦੇ ਅਧਿਕਾਰੀਆਂ ਨੇ ਇਹਨਾਂ ਯਾਤਰੀਆਂ ਨੂੰ ਕੁਝ ਥੋੜ੍ਹਾ ਖਾਣਾ ਤੇ ਪਾਣੀ ਦਿੱਤਾ ਜੋ ਲੋੜ ਮੁਤਾਬਕ ਘੱਟ ਸੀ। ਅਖ਼ੀਰ ਕੇਵਲ 24 ਯਾਤਰੀਆਂ ਨੂੰ ਹੀ ਕੈਨੇਡਾ ਉਤਰਨ ਦੀ ਇਜਾਜ਼ਤ ਮਿਲੀ। ਬਾਕੀਆਂ ਨੂੰ ਜਬਰਨ ਆਪਣੇ ਗੁਲਾਮ ਮੁਲਕ ਵੱਲ ਵਾਪਸ ਮੋੜਨਾ ਪਿਆ ਸੀ। ਵਾਪਸੀ ਦਾ ਸਫ਼ਰ ਤੈਅ ਕਰਕੇ ਇਹ ਜਹਾਜ਼ 27 ਸਤੰਬਰ 1914 ਨੂੰ ਕਲਕੱਤਾ ਬੰਦਰਗ ਤੋਂ 27 ਕਿਲੋਮੀਟਰ ਦੂਰ ਸਥਿਤ ਬਜ-ਬਜ ਘਾਟ ਪਹੁੰਚਿਆ। ਇੱਥੇ ਪਹੁੰਚਣ ’ਤੇ ਪੁਲਿਸ ਅਤੇ ਜਹਾਜ਼ ’ਤੇ ਸਵਾਰ 321 ਯਾਤਰੀਆਂ ’ਚ ਝਗੜਾ ਫਸਾਦ ਹੋ ਗਿਆ, ਜਿਸ ਦੇ ਨਤੀਜੇ ਵਜੋਂ ਪੁਲਿਸ ਦੀਆਂ ਗੋਲ਼ੀਆਂ ਨਾਲ 22 ਯਾਤਰੀ ਮਾਰੇ ਗਏ। ਕਾਮਾਗਾਟਾ ਮਾਰੂ ਜਹਾਜ਼ ਦੀ ਇਸ ਘਟਨਾ ਦੌਰਾਨ ਜਿਸ ਤਰ੍ਹਾਂ ਭਾਰਤੀਆਂ ਨਾਲ ਅਣਮਨੁੱਖੀ ਵਤੀਰਾ ਅਤੇ ਵਰਤਾਰਾ ਹੋਇਆ, ਉਸ ਨਾਲ ਭਾਰਤ ਅਤੇ ਦੁਨੀਆ ਦੇ ਹੋਰ ਦੇਸ਼ਾਂ ’ਚ ਵਸਦੇ ਪਰਵਾਸੀ ਭਾਰਤੀਆਂ ਵਿਚ ਬਹੁਤ ਰੋਹ ਫੈਲਿਆ ਅਤੇ ਇਸ ਸਦਕਾ ਫੈਲਿਆ ਰੋਹ ਭਾਰਤ ਦੀ ਆਜ਼ਾਦੀ ਦੀ ਲਹਿਰ ਦੀਆਂ ਰਗਾਂ ’ਚ ਖ਼ੂਨ ਬਣ ਕੇ ਉਤਰਿਆ। ਕਲਾਤਮਿਕ ਤਰੀਕੇ ਨਾਲ ਕੀਤੀਆਂ ਗਈਆਂ ਇਹ ਦੋਵੇਂ ਪੇਸ਼ਕਾਰੀਆਂ ਤੁਹਾਡੇ ਚੇਤਿਆਂ ਨੂੰ ਅਤੀਤ ਦੇ ਵਰਕੇ ਪਲਟਣ ਲਈ ਮਜ਼ਬੂਰ ਕਰ ਦਿੰਦੀਆਂ ਹਨ।
ਇਸ ਤੋਂ ਬਾਅਦ ਅਗਲੇ ਕਮਰੇ ਵਿਚ ਪੈਰ ਧਰਨਾ ਵੀ ਵੱਡੇ ਹੌਂਸਲੇ ਵਾਲਾ ਕੰਮ ਹੈ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਜ਼ਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ ਮਾਡਲਾਂ ਰਾਹੀਂ ਪੇਸ਼ਕਾਰੀ ਇੰਨੀ ਦੁਖਾਂਤਕ ਹੈ ਕਿ ਤੁਹਾਡਾ ਦਿਲ ਖ਼ੌਫ਼ ਨਾਲ ਭਰ ਜਾਂਦਾ ਹੈ। ਇੰਜ ਲੱਗਦਾ ਹੈ ਕਿ ਇਸ ਘਟਨਾ ਦੀ ਗਵਾਹੀ ਭਰਦੇ ਜੋ ਬੁੱਤ ਬਣਾਏ ਗਏ, ਉਹ ਬੋਲ ਕੇ ਦੱਸ ਦੇਣਗੇ ਕਿ ਉਸ ਦਿਨ ਜਨਰਲ ਡਾਇਰ ਨੇ ਕਿਵੇਂ ਨਿਹੱਥੇ ਲੋਕਾਂ ਦਾ ਖ਼ੂਨ ਪੀਤਾ। ਕਿਵੇਂ ਗੋਲੀਆਂ ਤੋਂ ਬਚਣ ਤੇ ਘਬਰਾਏ ਹੋਏ ਲੋਕਾਂ ਨੂੰ ਖੂਹ ’ਚ ਛਾਲ ਮਾਰਨ ਲਈ ਮਜ਼ਬੂਰ ਹੋਣਾ ਪਿਆ। ਇਹ ਬੁੱਤ ਦੇਖ ਕੇ ਰੂਹ ਕੰਬਦੀ ਹੈ। ਟੁੱਟੀਆਂ ਚੂੜੀਆਂ, ਖਿੱਲਰੀਆਂ ਜੁੱਤੀਆਂ ਤੇ ਸਮਾਨ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਦਿਨ ਕਿਵੇਂ ਲੋਕ ਇਕ ਦੂਜੇ ਹੇਠਾਂ ਦਰੜੇ ਗਏ। ਇਸ ਭੱਜ-ਨੱਠ ਵਿਚ ਹਿੰਦੂ, ਮੁਸਲਮਾਨ, ਸਿੱਖ ਤੇ ਹੋਰ ਭਾਈਚਾਰਿਆਂ ਦਾ ਸਾਂਝਾ ਖ਼ੂਨ ਡੁੱਲ੍ਹਿਆ। ਇਸ ਕਮਰੇ ਵਿਚ ਜਿਸ ਵੀ ਕਲਾਕਾਰ ਨੇ ਬੁੱਤ ਬਣਾਏ ਹਨ, ਉਸ ਕੋਲੋਂ ਸਿਰਫ਼ ਇਨ੍ਹਾਂ ਵਿਚ ਜਾਨ ਨਹੀਂ ਪਈ ਗਈ, ਬਾਕੀ ਉਹ ਸੱਚ ਦਰਸਾਉਣ ’ਚ ਸਫਲ ਰਿਹਾ ਹੈ।
ਇਸ ਤੋਂ ਅਗਲੇ ਕਮਰਿਆਂ ਵਿੱਚ ਵੱਖ-ਵੱਖ ਮਾਡਲ ਪੇਸ਼ ਕਰਕੇ ਰੇਲ ਕਾਰਵਾਈ, ਨੌਜਵਾਨ ਭਾਰਤ ਸਭਾ, ਸਾਈਮਨ ਕਮਿਸ਼ਨ, ਜੇ ਪੀਸ ਸਾਂਡਰਸ ਦਾ ਮਾਰਿਆ ਜਾਣ ਦੀ ਘਟਨਾ ਨੂੰ ਤਸਵੀਰਾਂ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਥੇ ਬਣਾਏ ਗਏ ਮਾਡਲ ਮੂੰਹੋਂ ਬੋਲਦੇ ਨੇ ਕਿ ਕਿਵੇਂ ਉਸ ਵੇਲੇ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਅੰਗਰੇਜ਼ੀ ਹਕੂਮਤ ਦੇ ਖ਼ਿਲਾਫ਼ ਰੋਹ ਵਿੱਢਿਆ ਗਿਆ ਸੀ। ਇਸ ਤੋਂ ਅੱਗੇ ਇਕ ਥਿਏਟਰ ਬਣਾਇਆ ਗਿਆ, ਜਿੱਥੇ ਡਿਜਿਟਲੀ ਤਰੀਕੇ ਤੇ ਵੀਡੀਓ ਰਾਹੀਂ ਸ਼ਹੀਦ ਭਗਤ ਸਿੰਘ ਨਾਲ ਜੁੜੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਉਸ ਵੇਲੇ ਦਿੱਲੀ ਅਸੈਂਬਲੀ ’ਤੇ ਜੋ ਬੰਬ ਕਾਂਡ ਹੋਇਆ ਸੀ ਤੇ 1929 ਦੀਆਂ ਕੁਝ ਘਟਨਾਵਾਂ ਦਾ ਵਰਣਨ ਥ੍ਰੀਡੀ ਤਰੀਕੇ ਨਾਲ ਦੱਸਿਆ ਗਿਆ ਹੈ। ਇਸ ਤੋਂ ਅੱਗੇ ਕਮਰੇ ਵਿਚ ਕੁਝ ਅਖ਼ਬਾਰਾਂ ਦੀਆਂ ਕਾਤਰਾਂ ਦੀਵਾਰ ’ਤੇ ਲਾਈਆਂ ਗਈਆਂ ਹਨ, ਜਿਨਾਂ ’ਚ ਉਸ ਵੇਲੇ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਅੰਗਰੇਜ਼ੀ ਹਕੂਮਤ ਦੇ ਖ਼ਿਲਾਫ਼ ਕੀਤੀਆਂ ਗਈਆਂ ਕਾਰਵਾਈਆਂ ਦਾ ਜ਼ਿਕਰ ਹੈ। ਇਨ੍ਹਾਂ ’ਚ ਉਸ ਵੇਲੇ ਸ਼ਹੀਦਾਂ ਬਾਰੇ ਕੀ ਕੁਝ ਛਪ ਰਿਹਾ ਸੀ, ਉਹ ਵੀ ਦੱਸਿਆ ਗਿਆ ਹੈ। ਇਕ ਪਾਸੇ ਅਖ਼ਬਾਰਾਂ ਦੀਆਂ ਕਾਤਰਾਂ ਦਾ ਡਿਸਪਲੇ ਹੈ ਤੇ ਦੂਜੇ ਪਾਸੇ ਉਨ੍ਹਾਂ ਦਾ ਮੌਲਿਕ ਰੂਪ ਸਾਂਭਿਆ ਗਿਆ ਹੈ।
ਇਸ ਤੋਂ ਅੱਗੇ ਕਮਰੇ ’ਚ ਜੇਲ੍ਹ ਦਾ ਦ੍ਰਿਸ਼ ਹੈ, ਜਿੱਥੇ ਭਗਤ ਸਿੰਘ ਨਾਲ ਜੁੜਿਆ ਸਮਾਨ ਕਿਤਾਬ, ਪੈੱਨ, ਲਾਲਟੈੱਨ ਤੇ ਬਿਸਤਰਾ ਰੱਖਿਆ ਗਿਆ ਹੈ। ਸਿਰਾਹਣੇ ’ਤੇ ਰੱਖਿਆ ਗਿਆ ਪੁਰਾਣੇ ਵੇਲਿਆਂ ਦਾ ਝੋਲਾ ਤੁਹਾਨੂੰ ਪੁਰਾਣੇ ਦੌਰ ਤੱਕ ਲੈ ਜਾਂਦਾ ਹੈ।
ਇਸ ਤੋਂ ਅਗਲਾ ਕਮਰਾ ਬਹੁਤ ਅਹਿਮ ਹੈ। ਇੱਥੇ ਸ਼ੀਸ਼ੇ ਦੇ ਬਕਸੇ ’ਚ 31 ਮਾਰਚ 1931 ਦਾ ਇੰਗਲਿਸ਼ ਟ੍ਰਬਿਊਨ ਦਾ ਲਹੂ ਨਾਲ ਭਿੱਜਿਆ ਅਖ਼ਬਾਰ ਪਿਆ ਹੈ। 12 ਸਤੰਬਰ 1929 ਨੂੰ ਡਾਇਰੀ ’ਤੇ ਕੀਤੇ ਹੋਏ ਸ਼ਹੀਦ ਭਗਤ ਸਿੰਘ ਦੇ ਦਸਤਖ਼ਤ ਹਨ। ਸ਼ਹੀਦ ਭਗਤ ਸਿੰਘ ਵੱਲੋਂ ਜੇਲ੍ਹ ’ਚ ਪੜ੍ਹੀ ਜਾਣ ਵਾਲੀ ਗੀਤਾ ਰੱਖੀ ਗਈ ਹੈ, ਜਿਸ ਦੇ ਨਾਲ ਹੀ ਸ਼ਹੀਦਾਂ ਦੀ ਰਾਖ ਵੀ ਇਕ ਕਾਂਸੇ ਦੇ ਬਰਤਨ ’ਚ ਸਾਂਭ ਕੇ ਸ਼ੀਸ਼ੇ ’ਚ ਸਜਾਈ ਗਈ ਹੈ। ਇੱਥੇ ਹੀ ਸ਼ੀਸ਼ੇ ਸ਼ੋਕੇਸ ’ਚ ਅੱਧ ਜਲੀਆਂ ਹੱਡੀਆਂ ਰੱਖੀਆਂ ਗਈਆਂ ਹਨ ਜੋ ਬੀਬੀ ਅਮਰ ਕੌਰ ਵੱਲੋਂ ਸੰਸਕਾਰ ਵਾਲੀ ਥਾਂ ਤੋਂ ਇਕੱਠੀਆਂ ਕਰਕੇ ਸਾਂਭੀਆਂ ਗਈਆਂ ਸਨ।
ਇਸ ਤੋਂ ਅਗਲੇ ਕਮਰੇ ’ਚ ਉਹ ਕਲਮ ਰੱਖੀ ਗਈ ਹੈ, ਜਿਸ ਨਾਲ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਲਿਖਿਆ ਗਿਆ ਸੀ। ਇੱਥੇ ਤਿੰਨਾਂ ਸ਼ਹੀਦਾਂ ਦੇ ਬੁੱਤ ਲਗਾਏ ਗਏ ਹਨ, ਜਿਨ੍ਹਾਂ ’ਤੇ ਉਨ੍ਹਾਂ ਦੀ ਜਨਮ ਮਿਤੀ ਅੰਕਿਤ ਕੀਤੀ ਗਈ ਹੈ। ਇਸ ਮੁਤਾਬਕ ਸ਼ਹੀਦ ‘ਸ਼੍ਰੀ ਰਾਮ ਹਰੀ ਰਾਜਗੁਰੂ’ ਜਨਮ 1908 ਤੇ ਫਾਂਸੀ 1931, ‘ਸ਼ਹੀਦ ਭਗਤ ਸਿੰਘ’ ਜਨਮ 1907 ਤੇ ਫਾਂਸੀ 1931, ‘ਸੁਖਦੇਵ ਥਾਪਰ’ 1907 ਜਨਮ ਅਤੇ 1931 ਵਾਲੇ ਦਿਨ ਫਾਂਸੀ।
ਮਿਊਜ਼ੀਅਮ ਦੇ ਅਗਲੇ ਕਮਰੇ ’ਚ ਸੈਂਟਰਲ ਜੇਲ੍ਹ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਸਬੰਧੀ ਤਸਵੀਰਾਂ ਲਗਾਈਆਂ ਗਈਆਂ ਹਨ। ਕੁਝ ਅਖ਼ਬਾਰਾਂ ਦੀਆਂ ਕਾਤਰਾਂ ਵੀ ਹਨ ਤੇ ਉਹ ਫੋਟੋ ਵੀ ਲਗਾਈ ਗਈ ਹੈ, ਜਿਸ ’ਚ ਉਹ ਤਖ਼ਤਾ ਹੈ, ਜਿਸ ’ਤੇ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦੇ ਫੰਦੇ ’ਤੇ ਚਾੜ੍ਹਿਆ ਗਿਆ ਸੀ। ਇਸੇ ਕਮਰੇ ’ਚ ਉਹ ਕਾਤਰਾਂ ਵੀ ਦੀਵਾਰ ’ਤੇ ਲਾਈਆਂ ਗਈਆਂ ਹਨ, ਜਿਨ੍ਹਾਂ ’ਚ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦੇਣ ਤੋਂ ਬਾਅਦ ਅਖ਼ਬਾਰਾਂ ਨੇ ਇਸ ਖ਼ਬਰ ਨੂੰ ਛਾਪਿਆ ਸੀ। ਬਾਕੀ ਤਸਵੀਰਾਂ ਨਾਲ ਟੰਗਿਆ ਸ਼ਹੀਦ ਭਗਤ ਸਿੰਘ ਦਾ ਮੌਤ ਦਾ ਸਰਟੀਫਿਕੇਟ ਤੁਹਾਡੀਆਂ ਅੱਖਾਂ ਨਮ ਕਰ ਦਿੰਦਾ ਹੈ।
ਭਗਤ ਸਿੰਘ ਦੇ ਜੀਵਨ ਦਾ ਲਾਸਾਨੀ ਸਮਾਂ
ਜਨਮ : ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ ਜਿਲ੍ਹਾ ਲਾਇਲਪੁਰ ਪੰਜਾਬ ’ਚ ਹੋਇਆ। ਅੱਜ ਕੱਲ੍ਹ ਇਹ ਇਲਾਕਾ ਪਾਕਿਸਤਾਨ ਵਿਚਲੇ ਪੰਜਾਬ ਦਾ ਫੈਸਲਾਬਾਦ ਹੈ।
ਪੜ੍ਹਾਈ : 1911 ਪਿੰਡ ਬੰਗਾ ਦੇ ਡਿਸਟਰਿਕਟ ਬੋਰਡ ਪ੍ਰਾਇਮਰੀ ਸਕੂਲ ’ਚ ਦਾਖਲਾ ਲਿਆ ਸੀ। 1917 ਲਾਹੌਰ ਦੇ ਡੀਏਵੀ ਹਾਈ ਸਕੂਲ ’ਚ ਦਾਖਲਾ ਲਿਆ ਸੀ।
ਜਲ੍ਹਿਆਂਵਾਲਾ ਬਾਗ਼ ਦੀ ਘਟਨਾ : 1919 ਨੂੰ ਜਲ੍ਹਿਆਂਵਾਲਾ ਬਾਗ਼ ਦੀ ਮੰਦਭਾਗੀ ਘਟਨਾ ਤੋਂ ਕੁਝ ਦਿਨ ਬਾਅਦ ਉਹ ਇਕ ਦਿਨ ਸਕੂਲ ਜਾ ਕੇ ਅੰਮ੍ਰਿਤਸਰ ਸ਼ਹਿਰ ਸਥਿਤ ਇਸ ਬਾਗ਼ ਪਹੁੰਚਿਆ ਅਤੇ ਉੱਥੇ ਖੂਨ ਨਾਲ ਸਨੀ ਹੋਈ ਮਿੱਟੀ ਨੂੰ ਇੱਕ ਡੱਬੀ ’ਚ ਪਾ ਕੇ ਆਪਣੇ ਨਾਲ ਘਰ ਲੈ ਆਇਆ।
1920 : ਮਹਾਤਮਾ ਗਾਂਧੀ ਦੇ ਸੱਦੇ ਤੇ ਉਸ ਨੇ ਨਾ ਮਿਲਵਰਤਨ ਲਹਿਰ ’ਚ ਹਿੱਸਾ ਲਿਆ ਅਤੇ ਬਰਤਾਨਵੀ ਬਸਤੀਵਾਦ ਦੇ ਵਿਰੋਧ ’ਚ ਗਾਂਧੀ ਜੀ ਦੇ ਕਹੇ ਮੁਤਾਬਿਕ ਸਰਕਾਰ ਦੀਆਂ ਸਕੂਲੀ ਕਿਤਾਬਾਂ ਤੇ ਇੰਗਲੈਂਡ ਤੋਂ ਦਰਾਮਦ ਹੋਏ ਕੱਪੜੇ ਸਾੜੇ।
1931 : ਨੈਸ਼ਨਲ ਕਾਲਜ ਲਾਹੌਰ ’ਚ ਦਾਖ਼ਲਾ ਲਿਆ, ਜਿੱਥੇ ਉਸ ਨੇ ਸਾਹਿਤ ਤੇ ਵਿਦਿਅਕ ਪ੍ਰੋਗਰਾਮ ’ਚ ਹਿੱਸਾ ਲਿਆ।
1924 : ਇੰਟਰਮੀਡੀਏਟ ਐੱਫਏ ਦਾ ਇਮਤਿਹਾਨ ਪਾਸ ਕੀਤਾ। ਇਸ ਤੋਂ ਬਾਅਦ ਉਹ ਵਿਆਹ ਤੋਂ ਬਚਣ ਦਾ ਮਾਰਾ ਘਰੋਂ ਭੱਜ ਕੇ ਕਾਨਪੁਰ ਚਲਾ ਗਿਆ ਜਿੱਥੇ ਉਹ ਤਕਰੀਬਨ ਛੇ ਮਹੀਨੇ ਰਿਹਾ। ਤਕਰੀਬਨ ਛੇ ਮਹੀਨੇ ਬਾਅਦ ਉਹ ਘਰ ਵਾਪਸ ਪਰਤਿਆ ਜਿੱਥੇ ਉਸ ਨੇ ਆਪਣੇ ਪਿੰਡ ਵਿਚ ਜੈਤੋ ਮੋਰਚੇ ਦੌਰਾਨ ਲੰਗਰ ਦਾ ਪ੍ਰਬੰਧ ਕੀਤਾ। ਜਿਸ ਕਾਰਨ ਉਸ ਦਾ ਿਗ੍ਰਫ਼ਤਾਰੀ ਵਰੰਟ ਜਾਰੀ ਹੋਇਆ, ਇਸ ਸਮੇਂ ਦੌਰਾਨ ਉਸ ਨੇ ਅਲੀਗੜ੍ਹ ਦੇ ਸ਼ਾਦੀਪੁਰ ਵਿਚ ਨੈਸ਼ਨਲ ਸਕੂਲ ਦੇ ਮੁੱਖ ਅਧਿਆਪਕ ਵਜੋਂ ਕੰਮ ਕੀਤਾ ਇੱਥੇ ਰਹਿਣ ਦੌਰਾਨ ਹੀ ਉਹ ਕ੍ਰਾਂਤੀਕਾਰੀ ਸਚਿੰਦਰ ਨਾਥ ਸਾਨੀਆਲ ਦੇ ਸੰਪਰਕ ’ਚ ਆਇਆ ਤੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਨਾਲ ਜੁੜ ਗਿਆ। ਇੱਥੇ ਹੀ ਉਸ ਦੀ ਮੁਲਾਕਾਤ ਚੰਦਰਸ਼ੇਖਰ ਆਜ਼ਾਦ ਨਾਲ ਵੀ ਹੋਈ।
1926 : ਭਗਤ ਸਿੰਘ ਨੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਇਸ ਜਥੇਬੰਦੀ ਦਾ ਮੰਤਵ ਨੌਜਵਾਨ ਵਿਦਿਆਰਥੀਆਂ ਤੇ ਕਾਮੇ ਵਰਗ ਨੂੰ ਬਰਤਾਨਵੀ ਸਰਕਾਰ ਦੇ ਖ਼ਿਲਾਫ਼ ਕ੍ਰਾਂਤੀ ਲਈ ਪ੍ਰੇਰਣਾ ਸੀ।
1927 : ਕਕੋਰੀ ਕੇਸ ਨਾਲ ਸਬੰਧਿਤ ਇਲਜ਼ਾਮਾਂ ਅਧੀਨ ਭਗਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਵੀ ਇਲਜ਼ਾਮ ਸੀ ਕਿ ਉਹ ਵਰਜੀ ਨਾਮ ਵਿਦਰੋਹੀ ਹੇਠ ਸਿਆਸੀ ਮਾਮਲਿਆਂ ਤੇ ਭੜਕਾਊ ਲੇਖ ਲਿਖਦਾ ਹੈ।
1928 : ਭਗਤ ਸਿੰਘ ਦੀ ਪਹਿਲ ’ਤੇ ਹਿੰਦੁਸਤਾਨ ਨੇ ਪਬਲਿਕ ਐਸੋਸੀਏਸ਼ਨ ਦਾ ਨਾਮ ਬਦਲ ਕੇ ਹਿੰਦੁਸਤਾਨ ਸੋਸ਼ਲ ਰਿਪਬਲਿਕਨ ਐਸੋਸੀਏਸ਼ਨ ਰੱਖਣ ਬਾਰੇ ਸੁਖਦੇਵ ਥਾਪਰ ਅਤੇ ਚੰਦਰਸ਼ੇਖਰ ਆਜ਼ਾਦ ਨਾਲ ਮਿਲ ਕੇ ਹੋਰ ਇਨਕਲਾਬੀਆਂ ਨਾਲ ਵਿਚਾਰ ਚਰਚਾ ਕੀਤੀ ਗਈ ਹੈ ਤੇ ਸਹਿਮਤੀ ਬਣਨ ’ਤੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦਾ ਨਾਂ ਬਦਲ ਕੇ ਹੁਣ ਹਿੰਦੁਸਤਾਨ ਸੋਸ਼ਲ ਰਿਪਬਲਿਕਨ ਐਸੋਸੀਏਸ਼ਨ ਹੋ ਗਿਆ ਸੀ। ਇਸੇ ਹੀ ਸਾਲ ਸਾਈਮਨ ਕਮਿਸ਼ਨ ਦੇ ਵਿਰੋਧ ’ਚ ਲਾਹੌਰ ’ਚ ਹੋਏ ਇਕ ਰੋਸਮੁਜਾਰੇ ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਕਾਰਨ ਕੁਝ ਦਿਨਾਂ ਬਾਅਦ ਲਾਲਾ ਲਾਜਪਤ ਰਾਏ ਜੋ ਇਸ ਦੀ ਅਗਵਾਈ ਕਰ ਰਹੇ ਸਨ ਦੀ ਮੌਤ ਹੋ ਗਈ। ਭਗਤ ਸਿੰਘ ਨੇ ਆਪਣੇ ਇਨਕਲਾਬੀ ਸਾਥੀਆਂ ਨਾਲ ਮਿਲ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ਲਾਹੌਰ ਤੇ ਪੁਲਿਸ ਕਪਤਾਨ ਐੱਸਪੀ ਜੇਮਸ ਏ ਸਕਾਟ ਨੂੰ ਮਾਰਨ ਦਾ ਮਨਸੂਬਾ ਬਣਾਇਆ ਕਿਉਂਕਿ ਉਸ ਨੇ ਹੀ ਲਾਠੀਚਾਰਜ ਦਾ ਹੁਕਮ ਦਿੱਤਾ ਸੀ।
1929 : ਦਿੱਲੀ ਦੀ ਕੇਂਦਰੀ ਲੈਜ਼ੀਸਲੇਟਿਵ ਅਸਬਲੀ ’ਚ ਪਬਲਿਕ ਸੇਫਟੀ ਬਿੱਲ ਤੇ ਟਰੇਡ ਡਿਸਪਿਊਟਸ ਬਿੱਲ ਬਾਰੇ ਚੱਲਦੀ ਬਹਿਸ ਦੌਰਾਨ ਭਗਤ ਸਿੰਘ ਅਤੇ ਬਟਕੇਸ਼ਵਰ ਦੱਤ ਨੇ ਦੋ ਬੰਬ ਸੁੱਟੇ। ਦੇਸ਼ ਭਰ ’ਚ ਅਜਿਹੇ ਕਾਨੂੰਨ ਬਣਾਏ ਜਾਣ ਦਾ ਵਿਰੋਧ ਹੋ ਰਿਹਾ ਸੀ। ਕਿਉਂਕਿ ਇਹਨਾਂ ਦੇ ਬਣਨ ਨਾਲ ਭਾਰਤੀਆਂ ਦੇ ਨਾਗਰਿਕ ਅਧਿਕਾਰਾਂ ਤੇ ਹੋਰ ਪਾਬੰਦੀਆਂ ਲੱਗ ਜਾਣੀਆਂ ਸਨ। ਬੰਬ ਬਾਬਾ ਸੁੱਟਣ ਤੋਂ ਬਾਅਦ ਭਗਤ ਸਿੰਘ ਅਤੇ ਬਦਕੇਸ਼ਵਰ ਦੱਤ ਨੇ ਉੱਥੇ ਹੀ ਖ਼ੁਦ ਹੀ ਪੁਲਿਸ ਨੂੰ ਗ੍ਰਿਫ਼ਤਾਰੀ ਦਿੱਤੀ ਸੀ।
1930 : ਸਮਾਂ ਪਾ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ 1930 ’ਚ ਇਸ ਦੇ ਬਹੁਤ ਸਾਰੇ ਨੇਤਾ ਜੇਲ੍ਹਾਂ ’ਚ ਜਾ ਚੁੱਕੇ ਸਨ ਤੇ ਉਹਨਾਂ ਨੂੰ ਸਜਾ-ਏ-ਮੌਤ ਦਿੱਤੀ ਜਾ ਸਕਦੀ ਸੀ।
1931 : 27 ਫਰਵਰੀ 1931 ਨੂੰ ਚੰਦਰਸ਼ੇਖਰ ਆਜ਼ਾਦ ਦੇ ਸ਼ਹੀਦ ਹੋ ਜਾਣ ਉਪਰੰਤ ਹਿੰਦੁਸਤਾਨ ਨੂੰ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀ ਲੀਡਰਸ਼ਿਪ ਹੁਣ ਤਕਰੀਬਨ ਖ਼ਤਮ ਹੋ ਚੁੱਕੀ ਸੀ। ਇਸੇ ਹੀ ਸਾਲ 23 ਮਾਰਚ ਨੂੰ ਲਾਹੌਰ ਸਾਜਿਸ਼ ਕੇਸ ’ਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।
ਭਾਗਾਂ ਵਾਲਾ
ਭਾਰਤ ਦੇ ਮੋਹਰੀ ਇਨਕਲਾਬੀ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ (ਫੈਸਲਾਬਾਦ) ਜ਼ਿਲ੍ਹੇ ਦੇ ਪਿੰਡ ਬੰਗਾ ਵਿਚ ਹੋਇਆ। ਜੋ ਕਿ ਹੁਣ ਪਾਕਿਸਤਾਨ ਵਿਚ ਹੈ। ਉਸ ਦਾ ਜੱਦੀ ਘਰ ਭਾਰਤ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤਹਿਸੀਲ ਬੰਗਾ ਦੇ ਪਿੰਡ ਖਟਕੜ ਕਲਾਂ ਵਿਚ ਸਥਿਤ ਹੈ। ਉਸ ਦੇ ਪਿਤਾ ਸ. ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਸੀ। ਇਹ ਇਕ ਜੱਟ ਸਿੱਖ ਪਰਿਵਾਰ ਸੀ। ਜਿਸ ਨੇ ਆਰੀਆ ਸਮਾਜ ਦੇ ਵਿਚਾਰਾਂ ਨੂੰ ਅਪਣਾ ਲਿਆ ਸੀ। ਉਸ ਦੇ ਜਨਮ ਵੇਲੇ ਉਸ ਦੇ ਪਿਤਾ ਅਤੇ ਦੋ ਚਾਚਿਆਂ ਅਜੀਤ ਸਿੰਘ ਅਤੇ ਸਵਰਨ ਸਿੰਘ ਵੀ ਜੇਲ੍ਹ ’ਚੋਂ ਰਿਹਾ ਹੋਏ ਸੀ। ਜਿਸ ਕਾਰਨ ਉਸ ਨੂੰ ਭਾਗਾਂ ਵਾਲਾ ਕਿਹਾ ਜਾਂਦਾ ਸੀ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਗ਼ਦਰ ਪਾਰਟੀ ਦੇ ਕਾਰਕੁੰਨ ਸਨ। ਭਗਤ ਸਿੰਘ ਦਾ ਝੁਕਾਅ ਸਮਾਜਵਾਦ ਵੱਲ ਕਾਫੀ ਜ਼ਿਆਦਾ ਸੀ। ਉਨ੍ਹਾਂ ਨੇ ਭਾਰਤ ਦੇ ਮੁੱਢਲੇ ਮਾਰਕਸਵਾਦੀ ਵਿੱਚੋਂ ਇਕ ਮੰਨਿਆ ਜਾਂਦਾ ਹੈ। ਭਗਤ ਸਿੰਘ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਬਾਨੀਆਂ ’ਚੋਂ ਇਕ ਸਨ। ਭਾਰਤ ਪਾਕਿਸਤਾਨ ਵੰਡ ਸਮੇਂ ਭਗਤ ਸਿੰਘ ਦੇ ਮਾਤਾ ਪਿਤਾ ਅਤੇ ਹੋਰ ਪਰਿਵਾਰਿਕ ਮੈਂਬਰ ਭਾਰਤ ਵਿਚ ਆ ਗਏ ਸਨ। ਜਿੱਥੇ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਖਟਕੜ ਕਲਾਂ, ਤਹਿਸੀਲ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ’ਚ ਰਹਿਣਾ ਸ਼ੁਰੂ ਕਰ ਦਿੱਤਾ।
ਵਿਆਹ ਲਈ ਜ਼ੋਰ ਪਾਉਣ ’ਤੇ ਛੱਡਿਆ ਘਰ
ਹੁਣ ਪਰਿਵਾਰ ਦਾ ‘ਭਾਗਾਂ ਵਾਲਾ’ ਗੱਭਰੂ ਹੋ ਗਿਆ ਸੀ ਤੇ ਵਿਆਹ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸਨ। ਦਾਦੀ ਦਾ ਭਗਤ ਸਿੰਘ ਨਾਲ ਮੋਹ ਬਹੁਤ ਸੀ ਤੇ ਉਹ ਆਪਣੇ ਪੋਤੇ ਦੀ ਜੰਞ ਚੜ੍ਹਦੀ ਵੇਖਣਾ ਚਾਹੁਦੀ ਸੀ ਪਰ ਉਹ ਤਾਂ ਦੇਸ਼ ਦੀ ਖ਼ਾਤਰ ਕੁਰਬਾਨ ਹੋ ਆਪਣਾ ਵਿਆਹ ਲਾੜੀ ਮੌਤ ਨਾਲ ਕਰਾਉਣਾ ਧਾਰੀ ਬੈਠਿਆਂ ਸੀ। ਘਰਦਿਆਂ ਵੱਲੋਂ ਵਿਆਹ ਲਈ ਜ਼ੋਰ ਪਾਉਣ ’ਤੇ ਉਸ ਨੇ ਘਰ ਛੱਡ ਦਿੱਤਾ ਤੇ ਕਾਨਪੁਰ ਚਲਿਆ ਗਿਆ। ਉੱਥੇ ਆਪਣਾ ਨਾਂ ਬਦਲ ਕੇ ਕੁਝ ਦੇਰ ਪ੍ਰਤਾਪ ਪ੍ਰੈੱਸ ’ਚ ਕੰਮ ਕੀਤਾ ਤੇ ਮੁੜ 1925 ਵਿਚ ਦਾਦੀ ਮਾਂ ਦੀ ਬਿਮਾਰੀ ਕਾਰਨ ਵਾਪਸ ਲਾਹੌਰ ਆਪਣੇ ਪਿੰਡ ਆਉਣਾ ਪਿਆ। ਇਸ ਮਗਰੋਂ ਉਨ੍ਹਾਂ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਭਾਰਤ ਸਭਾ ਬਣਾਈ।
ਕਿਤਾਬਾਂ ਦਾ ਦੀਵਾਨਾ
ਆਜ਼ਾਦੀ ਸਭ ਦਾ ਜਨਮ ਸਿੱਧ ਅਧਿਕਾਰ ਹੈ। ਇਹ ਵਿਚਾਰ ਸ਼ਹੀਦ ਭਗਤ ਸਿੰਘ ਨੇ ਕਹੇ। ਇਨ੍ਹਾਂ ਇਨਕਲਾਬੀ ਵਿਚਾਰਾਂ ਦੇ ਪ੍ਰਭਾਵ ਹੇਠ ਭਾਰਤ ਦੇ ਸੁਤੰਤਰਤਾ ਅੰਦੋਲਨ ਵਿਚ ਰਾਸ਼ਟਰੀ ਜਜ਼ਬੇ ਦੀ ਇਕ ਨਵੀਂ ਲਹਿਰ ਦੌੜ ਗਈ ਸੀ। ਨੌਜਵਾਨ, ਦ੍ਰਿੜ ਅਤੇ ਨਿਡਰ ਦੇਸ਼ ਭਗਤ ਸ਼ਹੀਦ ਭਗਤ ਸਿੰਘ ਦਾ ਆਪਣੇ ਬਚਪਨ ’ਚ ਦੇਖਿਆ ਆਜ਼ਾਦ ਭਾਰਤ ਦਾ ਸੁਪਨਾ ਉਸ ਨੂੰ ਹਮੇਸ਼ਾ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਦੇ ਰਾਹ ਤੇ ਤੁਰਨ ਲਈ ਪ੍ਰੇਰਦਾ ਰਿਹਾ ਸੀ। ਫੇਰ ਪੂਰੀ ਦੁਨੀਆ ਨੇ ਦੇਖਿਆ-ਇੱਕ ਬੇਹੱਦ ਪ੍ਰਭਾਵਸ਼ਾਲੀ ਨੌਜਵਾਨ ਰਹਿਨੁਮਾ-ਉਸ ਦੇ ਸ਼ਕਤੀਸ਼ਾਲੀ ਵਿਚਾਰ ਅਤੇ ਉਭਰਦੀ ਹੋਈ ਸੁਜਗ ਨੌਜਵਾਨ ਪੀੜ੍ਹੀ, ਜਿਸ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਨਵੀਂ ਰੂਹ ਫੂਕ ਦਿੱਤੀ ਸੀ। ਭਗਤ ਸਿੰਘ ਕਿਤਾਬਾਂ ਦਾ ਦੀਵਾਨਾ ਸੀ ਅਤੇ ਕਲਮ ਦਾ ਧਨੀ ਵੀ ਸੀ। ਆਪਣੇ ਛੋਟੇ ਜਿਹੇ ਜੀਵਨ ਕਾਲ ਦੌਰਾਨ ਉਸ ਨੇ ਆਪਣੇ ਹੱਥੀ ਬਹੁਤ ਕੁਝ ਲਿਖਿਆ ਜੋ ਮੌਜੂਦ ਹੈ। ਸ਼ਹੀਦ ਭਗਤ ਸਿੰਘ ਨੇ ਆਪਣੇ ਛੋਟੇ ਜਿਹੇ ਜੀਵਨ ਕਾਲ ਦੌਰਾਨ ਹੀ ਆਪਣੀ ਦਲੇਰੀ, ਜ਼ਿੰਦਾਦਿਲੀ ਅਤੇ ਉਸ ਦੇ ਵਿਚਾਰਾਂ ਨੇ ਭਾਰਤ ਦੇ ਪ੍ਰਮੁੱਖ ਰਾਜਨੀਤਕ ਨੇਤਾਵਾਂ ਨੂੰ ਹਲਇਆ ਹੀ ਨਹੀਂ ਬਲਕਿ ਉਨ੍ਹਾਂ ਨੂੰ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦਾ ਇੱਕ ਸਮਾਨਾਂਤਰ ਨਜ਼ਰੀਆ ਵੀ ਦਿੱਤਾ ਸੀ।
ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ
ਭਾਰਤ ’ਚ ਆਜ਼ਾਦੀ ਦੀ ਲਹਿਰ ਜ਼ੋਰ ਫੜਦੀ ਜਾ ਰਹੀ ਸੀ। ਇਸ ਲਹਿਰ ਨੂੰ ਜ਼ੋਰ ਫੜਦਿਆਂ ਦੇਖ ਅੰਗਰੇਜ਼ ਸਰਕਾਰ ਦਾ ਸੱਤ ਮੈਂਬਰੀ ਵਫ਼ਦ ਸਾਈਮਨ ਦੀ ਰਹਿਨੁਮਾਈ ਹੇਠ ਵਿਚਾਰ-ਚਰਚਾ ਕਰਨ 30 ਅਕਤੂਬਰ 1928 ਨੂੰ ਲਾਹੌਰ ਪਹੁੰਚਿਆ। ਇਸ ਕਮਿਸ਼ਨ ਖ਼ਿਲਾਫ਼ ਨੌਜਵਾਨ ਭਾਰਤ ਸਭਾ ਨੇ ਜਲੂਸ ਕੱਢਿਆ ਤੇ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਅਰੇ ਲਗਾਏ। ਅੰਗਰੇਜ਼ ਸਰਕਾਰ ਦੇ ਇਸ ਵਫ਼ਦ ਨੂੰ ਹੀ ਸਾਈਮਨ ਕਮਿਸ਼ਨ ਕਿਹਾ ਗਿਆ। ਭਾਰਤ ਦੇ ਲੋਕਾਂ ਨੇ ਕਾਲੇ ਝੰਡਿਆਂ ਨਾਲ ਲਾਲਾ ਲਾਜਪਤ ਰਾਏ ਜੀ ਦੀ ਰਹਿਨੁਮਾਈ ਹੇਠ ਇਸ ਦਾ ਵਿਰੋਧ ਕੀਤਾ। ਪੁਲਿਸ ਭੀੜ ਨੂੰ ਭਜਾਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਭੀੜ ਹਿੰਸਕ ਹੋ ਗਈ। ਇਸ ਵਿਰੋਧ ’ਚ ਹਿੱਸਾ ਲੈਣ ਵਾਲਿਆਂ ’ਤੇ ਅੰਗਰੇਜ਼ ਸੁਪਰਡੈਂਟ ਸਕਾਟ ਨੇ ਲਾਠੀਚਾਰਜ ਕਰਨ ਦਾ ਹੁਕਮ ਦੇ ਦਿੱਤਾ। ਇਸ ਲਾਠੀਚਾਰਜ ਨਾਲ ਜ਼ਖ਼ਮੀ ਹੋਣ ਕਰਕੇ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦਾ ਬਦਲਾ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਜੈ ਗੋਪਾਲ ਨੇ ਅੰਗਰੇਜ਼ ਪੁਲਿਸ ਅਫ਼ਸਰ ਸਾਂਡਰਸ ਨੂੰ ਗੋਲ਼ੀ ਮਾਰ ਕੇ ਲਿਆ।
ਅਸੈਂਬਲੀ ’ਚ ਬੰਬ ਸੁੱਟਣਾ
ਭਗਤ ਸਿੰਘ ਖ਼ੂਨ-ਖ਼ਰਾਬੇ ਦੇ ਬਿਲਕੁਲ ਹੱਕ ’ਚ ਨਹੀਂ ਸੀ। ਉਨ੍ਹਾਂ ਨੇ ਲੋਕਾਂ ਦੀ ਸੁਰੱਖਿਆ ਲਈ ਬਿੱਲ ਤੇ ਟਰੇਡ ਡਿਸਪਿਊਟਸ ਬਿੱਲ ਖ਼ਿਲਾਫ਼ ਅਸੈਂਬਲੀ ’ਚ ਨਕਲੀ ਬੰਬ ਸੁੱਟ ਕੇ ਅੰਗਰੇਜ਼ ਹਕੂਮਤ ਦਾ ਵਿਰੋਧ ਕਰਨਾ ਚਾਹਿਆ। ਇਸ ਲਈ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ ਦੇ ਸੈਂਟਰਲ ਹਾਲ ’ਚ ਖ਼ਾਲੀ ਥਾਂ ’ਤੇ ਬੰਬ ਸੁੱਟਿਆ ਤੇ ਪਰਚੇ ਸੁੱਟਦਿਆਂ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਸਾਰਾ ਹਾਲ ਧੂੰਏਂ ਨਾਲ ਭਰ ਗਿਆ। ਉਹ ਚਾਹੁੰਦੇ ਤਾਂ ਉੱਥੋਂ ਭੱਜ ਸਕਦੇ ਸਨ ਪਰ ਉਨ੍ਹਾਂ ਨੇ ਆਪਣੀ ਇੱਛਾ ਨਾਲ ਪੁਲਿਸ ਨੂੰ ਗ੍ਰਿਫ਼ਤਾਰੀ ਦਿੱਤੀ। 6 ਜੂਨ 1929 ਨੂੰ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਅਦਾਲਤ ’ਚ ਦਿੱਤੇ ਬਿਆਨ ਵਿਚ ਕਿਹਾ ਕਿ ਇਨਕਲਾਬ ਤੋਂ ਸਾਡਾ ਮਤਲਬ ਹੈ ਕਿ ਜਬਰ ਉੱਪਰ ਟਿਕਿਆ ਮੌਜੂਦਾ ਢਾਂਚਾ ਬਦਲਣਾ ਚਾਹੀਦਾ ਹੈ ਤੇ ਬੁਨਿਆਦੀ ਤਬਦੀਲੀ ਅਤਿ ਜ਼ਰੂਰੀ ਹੈ। ਜਿਹੜੇ ਇਸ ਗੱਲ ਨੂੰ ਮਹਿਸੂਸ ਕਰਦੇ ਹਨ, ਉਨ੍ਹਾਂ ਦਾ ਫ਼ਰਜ਼ ਹੈ ਕਿ ਸਮਾਜਵਾਦ ਅਧਾਰਿਤ ਸਮਾਜ ਦੀ ਮੁੜ ਉਸਾਰੀ ਕਰਨ। ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਦੀ ਦੋ ਸਾਲਾਂ ਦੀ ਜ਼ਿੰਦਗੀ ਵਿਚ ਭਗਤ ਸਿੰਘ ਨੂੰ ਹੋਰ ਅਧਿਐਨ ਦਾ ਮੌਕਾ ਮਿਲਿਆ। ਇਸ ਦੀ ਮਿਸਾਲ ਉਹ ਜੇਲ੍ਹ ਡਾਇਰੀ ਹੈ, ਜਿਸ ਵਿਚ ਉਸ ਵੱਲੋਂ ਪੜ੍ਹੀਆਂ 150 ਦੇ ਕਰੀਬ ਕਿਤਾਬਾਂ ਦੇ ਹਵਾਲੇ ਦਰਜ ਹਨ।
ਫ਼ਾਂਸੀ ਦੀ ਸਜ਼ਾ
ਭਗਤ ਸਿੰਘ ਨੇ ਫ਼ਾਂਸੀ ਤੋਂ ਪਹਿਲਾਂ ਆਪਣੇ ਆਖ਼ਰੀ ਖ਼ਤ ’ਚ ਲਿਖਿਆ ਕਿ ਸਾਥੀਓ ਸੁਭਾਵਿਕ ਹੈ ਕਿ ਜਿਊਣ ਦੀ ਇੱਛਾ ਮੇਰੇ ’ਚ ਵੀ ਹੋਣੀ ਚਾਹੀਦੀ, ਮੈਂ ਇਸ ਨੂੰ ਛੁਪਾਉਣਾ ਨਹੀਂ ਚਾਹੁੰਦਾ ਪਰ ਮੈਂ ਇਕ ਹੀ ਸ਼ਰਤ ’ਤੇ ਜ਼ਿੰਦਾ ਰਹਿ ਸਕਦਾ ਹਾਂ ਕਿ ਕੈਦ ਹੋ ਕੇ ਜਾਂ ਪਾਬੰਦ ਹੋ ਕੇ ਨਾ ਰਹਾਂ। ਅੰਗਰੇਜ਼ ਸਰਕਾਰ ਵੱਲੋਂ ਸਰਦਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ’ਤੇ ਮਾਮਲੇ ਦੀ ਕਾਰਵਾਈ ਕਰਨ ਲਈ ਟ੍ਰਿਬਿਊਨਲ ਗਠਿਤ ਕੀਤਾ ਗਿਆ ਤੇ ਇਸ ਦੇ ਤਿੰਨ ਜੱਜ ਮੈਂਬਰ ਸਨ। ਇਸ ਟ੍ਰਿਬਿਊਨਲ ਨੇ 7 ਅਕਤੂਬਰ 1930 ਨੂੰ ਫ਼ੈਸਲਾ ਸੁਣਾਉਂਦਿਆਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫ਼ਾਂਸੀ ਲਾਉਣ ਦੀ ਮਿਤੀ 24 ਮਾਰਚ, 1931 ਤੈਅ ਕੀਤੀ। ਲੋਕਾਂ ਦਾ ਹਜ਼ੂਮ 23 ਮਾਰਚ ਸਵੇਰ ਤੋਂ ਹੀ ਜੇਲ੍ਹ ਦੇ ਗੇਟ ਦੇ ਬਾਹਰ ਇਕੱਠਾ ਹੋਣ ਲੱਗਿਆ। ਲੋਕਾਂ ਦੀ ਬਗ਼ਾਵਤ ਤੋਂ ਡਰਦਿਆਂ ਅੰਗਰੇਜ਼ ਹਕੂਮਤ ਨੇ ਕੋਝੀ ਚਾਲ ਚੱਲਦਿਆਂ 23 ਮਾਰਚ,1931 ਨੂੰ ਸ਼ਾਮ 7:30 ਵਜੇ ਫ਼ਾਂਸੀ ਦੇਣ ਦੀ ਯੋਜਨਾ ਬਣਾਈ। ਜਦੋਂ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਫ਼ਾਂਸੀ ਦੇ ਤਖ਼ਤੇ ਤਕ ਲਿਜਾਣ ਲਈ ਪੁਲਿਸ ਕਰਮਚਾਰੀ ਆਏ ਤਾਂ ਉਸ ਸਮੇਂ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ। ਭਗਤ ਸਿੰਘ ਨੇ ਕਿਹਾ ਰੁਕੋ ਇਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨਾਲ ਮੁਲਾਕਾਤ ਕਰ ਰਿਹਾ ਹੈ। ਇਸ ਤੋਂ ਬਾਅਦ ਭਗਤ ਸਿੰਘ ਕਿਤਾਬ ਦਾ ਪੰਨਾ ਮੋੜ ਕੇ ਪੁਲਿਸ ਕਰਮਚਾਰੀਆਂ ਨਾਲ ਤੁਰ ਪਏ। ਕਿਤਾਬ ਦਾ ਮੁੜਿਆ ਪੰਨਾ ਇੰਝ ਕਹਿ ਰਿਹਾ ਸੀ ਕਿ ਇਹ ਸੰਘਰਸ਼ ਅਜੇ ਅਧੂਰਾ ਹੈ, ਜੋ ਆਉਣ ਵਾਲੀ ਪੀੜ੍ਹੀ ਪੂਰਾ ਕਰੇਗੀ। ਉਨ੍ਹਾਂ ਦੀ ਮੌਤ ਨੇ ਪੂਰੇ ਦੇਸ਼ ’ਚ ਦੇਸ਼ ਭਗਤੀ ਦੀ ਭਾਵਨਾ ਨੂੰ ਉੱਚਾ ਕੀਤਾ। ਅੱਜ ਵੀ ਸ਼ਹੀਦ ਭਗਤ ਸਿੰਘ ਸਾਡੇ ਦਿਲਾਂ ’ਚ ਜਿਉਂਦਾ ਹੈ। ਸਾਨੂੰ ਸਭ ਨੂੰ ਆਪਣੇ ਅਧਿਕਾਰਾਂ ਤੇ ਦੇਸ਼ ਪ੍ਰਤੀ ਫ਼ਰਜ਼ਾਂ ਨੂੰ ਸਮਝਦਿਆਂ ਹੋਏ, ਸ਼ਹੀਦੇ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਉਦੇਸ਼ਾਂ ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ। ਮਾਤ ਭੂਮੀ ਲਈ ਮਰ-ਮਿਟਣ ਦਾ ਉਨ੍ਹਾਂ ਦਾ ਜਜ਼ਬਾ ਦੇਸ਼ ਵਾਸੀਆਂ ਨੂੰ ਹਮੇਸ਼ਾ ਪ੍ਰੇਰਨਾ ਦਿੰਦਾ ਰਹੇਗਾ। ਫਾਂਸੀ ’ਤੇ ਚੜ੍ਹਨ ਜਾਂਦਿਆਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਤਿੰਨੋਂ ਗਾ ਰਹੇ ਸਨ ਕਿ :
ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ,
ਮੇਰੀ ਮਿਟੀ ਸੇ ਭੀ ਖ਼ੁਸ਼ਬੂ-ਏ-ਵਤਨ ਆਏਗੀ।
ਤੁਸੀਂ ਮੇਰੀ ਦੇਹ ਲੈਣ ਨਾ ਆਉਣਾ
ਭਗਤ ਸਿੰਘ ਦਾ ਪਰਿਵਾਰ ਸ਼ੁਰੂ ਤੋਂ ਹੀ ਅੰਗਰੇਜ਼ਾਂ ਦੇ ਜ਼ੁਲਮ ਖ਼ਿਲਾਫ਼ ਲੜਦਾ ਰਿਹਾ। ਉਸ ਦੇ ਦਾਦਾ ਅਰਜੁਨ ਸਿੰਘ ਆਰੀਆ ਸਮਾਜ ਦੇ ਸੰਸਥਾਪਕ ਮੈਂਬਰਾਂ ’ਚੋਂ ਇਕ ਸਨ। ਉਨ੍ਹਾਂ ਦੇ ਤਿੰਨ ਪੁੱਤਰ ਕਿਸ਼ਨ ਸਿੰਘ, ਅਜੀਤ ਸਿੰਘ ਅਤੇ ਸਵਰਨ ਸਿੰਘ ਵੀ ਆਜ਼ਾਦੀ ਦੀ ਲਹਿਰ ਵਿਚ ਸ਼ਾਮਲ ਸਨ। ਅਜੀਤ ਸਿੰਘ ‘ਪੱਗੜੀ ਸੰਭਾਲ ਜੱਟਾ’ ਲਹਿਰ ਲਈ ਜਾਣਿਆ ਜਾਂਦਾ ਹੈ।
ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਦੇ ਤਿੰਨ ਪੁੱਤਰ ਸਨ। ਭਗਤ ਸਿੰਘ, ਕੁਲਬੀਰ ਸਿੰਘ ਤੇ ਕੁਲਤਾਰ ਸਿੰਘ। ਜਦੋਂ ਭਗਤ ਸਿੰਘ ਜੇਲ੍ਹ ’ਚ ਸਨ ਤੇ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਉਨ੍ਹਾਂ ਆਪਣੀ ਮਾਂ ਵਿਦਿਆਵਤੀ (ਪੰਜਾਬ ਮਾਤਾ) ਨੂੰ ਇਕ ਪੱਤਰ ਲਿਖਿਆ, ‘ਤੁਸੀਂ ਮੇਰੀ ਦੇਹ ਲੈਣ ਨਾ ਆਉਣਾ। ਭਾਈ ਕੁਲਬੀਰ ਸਿੰਘ ਨੂੰ ਭੇਜੋ, ਕਿਉਂਕਿ ਤੁਸੀਂ ਮੇਰੀ ਲਾਸ਼ ਨੂੰ ਦੇਖ ਕੇ ਰੋਵੋਗੇ। ਕੁਲਬੀਰ ਸਿੰਘ ਬਾਅਦ ਵਿਚ ਫ਼ਿਰੋਜ਼ਪੁਰ ਤੋਂ ਵਿਧਾਇਕ ਬਣੇ ਅਤੇ ਫਿਰ ਦਿੱਲੀ ਆ ਕੇ ਵਸ ਗਏ। ਭਗਤ ਸਿੰਘ ਦੀ ਮਾਤਾ ਵਿਦਿਆਵਤੀ ਵੀ ਪੁੱਤਰ ਕੁਲਬੀਰ ਨਾਲ ਰਹਿਣ ਲੱਗ ਪਈ ਅਤੇ ਉਹ ਵੀ ਉਥੇ ਹੀ ਦੇਹਾਂਤ ਵੀ ਹੋਇਆ।
ਨਾਨਕਸ਼ਾਹੀ ਇੱਟਾਂ ਨਾਲ ਬਣਿਆ ਜੱਦੀ ਘਰ
ਇਸ ਪਿੰਡ ਨੂੰ ਵਸਾਉਣ ’ਚ ਸ਼ਹੀਦ ਭਗਤ ਸਿੰਘ ਦੇ ਨੱਕੜ ਦਾਦੇ ਦਾ ਵਿਸ਼ੇਸ਼ ਯੋਗਦਾਨ ਰਿਹਾ। ਦੇਸ਼ ਦੀ ਆਜ਼ਾਦੀ ਦੀ ਵੰਡ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਅਤੇ ਪੰਜਾਬ ਮਾਤਾ ਵਿਦਿਆਵਤੀ ਨੇ ਪਿੰਡ ਖਟਕੜ ਕਲਾਂ ਤਹਿਸੀਲ ਬੰਗਾ ਵਿਖੇ ਇਕ ਘਰ ਦਾ ਨਿਰਮਾਣ ਕੀਤਾ। ਪੁਰਾਣੀਆਂ ਅਤੇ ਛੋਟੀਆਂ (ਨਾਨਕਸ਼ਾਹੀ) ਇੱਟਾਂ ਨਾਲ ਬਣੇ ਇਸ ਘਰ ਨੂੰ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਘਰ ਦੇ ਰੂਪ ਵਿਚ ਪ੍ਰਸਿੱਧੀ ਹਾਸਲ ਹੈ। ਮਾਤਾ ਵਿਦਿਆਵਤੀ 1975 ਤੱਕ ਇੱਥੇ ਹੀ ਰਹੇ। ਅੱਜ ਇਹ ਘਰ ਸ਼ਹੀਦ-ਏ-ਆਜਮ. ਸ. ਭਗਤ ਸਿੰਘ ਅਜਾਇਬ ਘਰ ਵਜੋਂ ਇਸ ਦੇਸ਼ ਭਗਤ ਪਰਿਵਾਰ ਦੀਆਂ ਨਿੱਘੀਆਂ ਯਾਦਾਂ ਸਾਂਭੀ ਬੈਠਾ ਹੈ। ਅੱਜ ਵੀ ਸ਼ਹੀਦ ਭਗਤ ਸਿੰਘ ਦੇ ਇਸ ਘਰ ਵਿਚ ਦੋ ਪੁਰਾਣੇ ਮੰਜੇ, ਰਾਜ ਮਾਤਾ ਵਿਦਿਆਵਤੀ ਦਾ ਪਲੰਘ, ਤੁੜੀ ਇਕੱਠੀ ਕਰਨ ਵਾਲੀ ਤੰਗਲੀ ਤੇ ਬਾਲਟੀ, ਦੂਸਰੇ ਕਮਰੇ ’ਚ ਫ਼ਰਸ਼ ਦੇ ਬੈਠ ਕੇ ਖਾਣਾ ਖਾਣ ਵਾਲਾ ਡਾਇਨਿੰਗ ਟੇਬਲ, ਪੰਜ ਲੱਕੜ ਦੇ ਸੰਦੂਕ, ਚਾਹ ਦੀ ਕੇਤਲੀ, ਲਾਲਟੈਨ, ਕੁੱਝ ਬਰਤਨ, ਜਿਨ੍ਹਾਂ ’ਚ ਪਰਾਤਾਂ, ਥਾਲੀਆਂ ਗਲਾਸ ਤੇ ਚਮਚ ਹਨ। ਇਸੇ ਤਰ੍ਹਾਂ ਪਰਿਵਾਰਿਕ ਮੈਂਬਰਾਂ ਦੀਆਂ ਤਸਵੀਰਾਂ, ਘਰ ’ਚ ਬਣਿਆ ਪੁਰਾਣਾ ਖੂਹ ਵੀ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣਿਆ ਹੈ।
ਖੱਟ ’ਚ ਮਿਲਿਆ ਸੀ ਖਟਗੜ੍ਹ ਕਲਾਂ
ਭਗਤ ਸਿੰਘ ਦੇ ਵੱਡੇ ਵਡੇਰੇ ਤਕੜੇ ਜਗੀਰਦਾਰ ਸਨ। ਚੰਗਾ ਖਾਂਦਾ ਪੀਂਦਾ ਪਰਿਵਾਰ, ਖਟਕੜਕਲਾਂ ਇਨਾਂ ਦਾ ਪਿੰਡ ਤਹਿਸੀਲ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਜੋ ਹੁਣ ਸ਼ਹੀਜ ਭਗਤ ਸਿੰਘ ਹੈ। ਇਸ ਪਿੰਡ ਵਿੱਚ ਇੱਕ ਬਹੁਤ ਵੱਡਾ ਜਗੀਰਦਾਰ ਪਰਿਵਾਰ ਰਹਿੰਦਾ ਸੀ। ਪਿੰਡ ਦੇ ਨੇੜੇ ਤੇੜੇ ਕਈ ਛੋਟੇ-ਛੋਟੇ ਤੇ ਕਈ ਵੱਡੇ ਕਿਲ੍ਹੇ ਸਨ ਜਿਨ੍ਹਾਂ ਦੇ ਜਗੀਰਦਾਰ ਸਰਦਾਰ ਮਾਲਕ ਸਨ ਇਨ੍ਹਾਂ ਨੂੰ ਗੜ੍ਹ ਆਖਿਆ ਜਾਂਦਾ ਸੀ । ਗੜ੍ਹ ਉਰਦੂ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਕਿਲ੍ਹਾ। ਖੁਰਦ ਸ਼ਬਦ ਦਾ ਅਰਥ ਹੈ ਛੋਟਾ ਤੇ ਕਲਾ ਦਾ ਅਰਥ ਹੈ ਵੱਡਾ। ਗੜ੍ਹ ਖੁਰਦ ਦਾ ਭਾਵ ਛੋਟਾ ਕਿਲ੍ਹਾ ਤੇ ਗੜ੍ਹ ਕਲਾਂ ਦਾ ਅਰਥ ਹੈ ਵੱਡਾ ਕਿਲ੍ਹਾ। ਜਿੱਥੇ ਭਗਤ ਸਿੰਘ ਦੇ ਵਡੇਰੇ ਰਹਿੰਦੇ ਸਨ ਉਹ ਕਿਲ੍ਹਾ ਬਾਕੀਆਂ ਨਾਲੋਂ ਵੱਡਾ ਸੀ ਇਸ ਲਈ ਇਸ ਨੂੰ ਗੜ੍ਹਕਲਾਂ ਆਖਿਆ ਜਾਂਦਾ ਸੀ। ਪਿੰਡ ਦੇ ਬਜ਼ੁਰਗ ਦੱਸਦੇ ਨੇ ਹਨ ਕਿ ਇਸ ਪਰਿਵਾਰ ਦਾ ਇੱਕ ਵਡੇਰਾ ਲਾਹੌਰ ਦੇ ਪਿੰਡ ਨਾਰਲੀ (ਜੋ ਅੱਜ ਕੱਲ੍ਹ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦ ਨੇੜੇ ਹੈ) ਵਿਖੇ ਰਹਿੰਦਾ ਸੀ ਤੇ ਇਨ੍ਹਾਂ ਦਾ ਕੋਈ ਬਜ਼ੁਰਗ ਸਵਰਗਵਾਸ ਹੋ ਗਿਆ। ਉਸ ਦੇ ਫੁੱਲ (ਅਸਤ) ਲੈ ਕੇ ਹਰਿਦੁਆਰ ਗੰਗਾ ’ਚ ਪਾਉਣ ਲਈ ਇਕ ਨੌਜਵਾਨ ਪੈਦਲ ਚਲ ਪਿਆ। ਆਵਾਜਾਈ ਦੇ ਸਾਧਨਾਂ ਦੀ ਅਣਹੋਂਦ ਕਾਰਨ ਪੈਂਡਾ ਕਈ ਦਿਨਾਂ ’ਚ ਤੁਰ ਕੇ ਤਹਿ ਕੀਤਾ ਜਾਣਾ ਸੀ। ਇੱਕ ਦਿਨ ਉਹ ਪਿੰਡ ਨੇੜਿਉ ਲੰਘ ਰਿਹਾ ਸੀ ਕਿ ਰਾਤ ਪੈ ਗਈ ਰਾਤ ਕੱਟਣ ਲਈ ਉਹ ਕਿਲੇ ਦੇ ਗੇਟ ਕੋਲ ਗਿਆ ਤੇ ਗੇਟ ਕੀਪਰ ਨੂੰ ਰਾਤ ਕੱਟਣ ਲਈ ਬੇਨਤੀ ਕੀਤੀ। ਉਸ ਨੇ ਆਪਣੇ ਮਾਲਕ ਨਾਲ ਗੱਲ ਕੀਤੀ ਤੇ ਉਸ ਨੌਜਵਾਨ ਨੂੰ ਰਾਤ ਰਹਿਣ ਲਈ ਟਿਕਾ ਲਿਆ। ਕਿਲ੍ਹੇ ਦਾ ਮਾਲਕ ਜਗੀਰਦਾਰ ਸੀ ਜਿਹੜਾ ਆਪਣੀ ਇਕਲੋਤੀ ਧੀ ਤੇ ਪਤਨੀ ਨਾਲ ਕਿਲ੍ਹੇ ਵਿੱਚ ਰਹਿੰਦਾ ਸੀ। ਉਹ ਜਗੀਰਦਾਰ ਉਸ ਨੌਜਵਾਨ ਦੀ ਸ਼ਖ਼ਸੀਅਤ ਅਤੇ ਮਿਲਣੀ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਆਪਣੀ ਲੜਕੀ ਦੇ ਰਿਸ਼ਤੇ ਦੀ ਪੇਸ਼ਕਸ਼ ਕੀਤੀ ਲੇਕਿਨ ਨੌਜਵਾਨ ਨੇ ਆਖਿਆ ਕਿ ਉਹ ਅਸਤ ਪਾਉਣ ਉਪਰੰਤ ਆਪਣੇ ਪਰਿਵਾਰ ਨਾਲ ਸਲਾਹ ਮਸ਼ਵਰਾਂ ਕਰਕੇ ਹੀ ਉਹ ਪੱਕਾ ਦੱਸ ਸਕਦਾ ਹੈ।
ਨਾਰਲੀ ਤੋਂ ਆਇਆ ਨੌਜਵਾਨ ਆਪਣੇ ਬਜ਼ੁਰਗਾਂ ਦੇ ਅਸਤ ਪਾਉਣ ਉਪਰੰਤ ਹਰਿਦੁਆਰ ਤੋਂ ਵਾਪਸ ਨਾਰਲੀ ਪਹੁੰਚਿਆਂ ਤੇ ਸਾਰੀ ਕਹਾਣੀ ਆਪਣੇ ਪਰਿਵਾਰ ਨੂੰ ਦੱਸੀ। ਭਾਈਚਾਰੇ ਨੇ ਵਿਚਾਰ ਕਰਕੇ ਗੜ੍ਹਕਲਾਂ ਵਾਲੇ ਸਰਦਾਰਾਂ ਨੂੰ ਰਿਸ਼ਤੇ ਦੀ ਪ੍ਰਵਾਨਗੀ ਦੇ ਦਿੱਤੀ। ਸ਼ੁਭ ਦਿਨ ਵਿਚਾਰ ਕੇ ਉਸ ਨੌਜਵਾਨ ਦਾ ਵਿਆਹ ਗੜ੍ਹਕਲਾਂ ਵਾਲੇ ਸਰਦਾਰਾਂ ਦੀ ਲੜਕੀ ਨਾਲ ਹੋ ਗਿਆ। ਵਿਆਹ ਸਮੇਂ ਖਟ ਵਿਛਾਈ ਗਈ ਜਦੋਂ ਖੱਟ ਦਿਖਾਉਣ ਲੱਗੇ ਤਾਂ ਲੜਕੀ ਦੇ ਪਿਤਾ ਨੇ ਸਾਰੀ ਆਪਣੀ ਜਗੀਰ ਆਪਣੀ ਲੜਕੀ ਨੂੰ ਖੱਟ (ਦਹੇਜ) ਵਿਚ ਦੇ ਦਿੱਤੀ ਇੰਜ ਇਹ ਸਥਾਨ (ਖੱਟ) ਵਿਚ ਮਿਲਿਆ ਹੋਣ ਕਰਕੇ ਖਟਗੜ੍ਹ ਕਲਾਂ ਬਣ ਗਿਆ ਭਾਵ ਖੱਟ ਵਿੱਚ ਮਿਲਿਆ ਵੱਡਾ ਕਿਲ੍ਹਾ। ਇਸ ਨਵੇਂ ਵਿਆਹੇ ਜੋੜੇ ਤੋਂ ਭਗਤ ਸਿੰਘ ਦਾ ਅਜੋਕਾ ਖ਼ਾਨਦਾਨ ਅਗੇ ਤੁਰਿਆ ਤੇ ਹੌਲੀ ਹੌਲੀ ਇਸ ਪਿੰਡ ਨੂੰ ਖਟਗੜ੍ਹਕਲਾਂ ਦੀ ਥਾਂ ਖੱਟਕੜਕਲਾਂ ਬੋਲਿਆ ਜਾਣ ਲੱਗਿਆ।
ਸ਼ਹੀਦੇ ਏ ਆਜ਼ਮ ਦਾ ਪੜਦਾਦਾ ਫਤਹਿ ਸਿੰਘ
ਭਗਤ ਸਿੰਘ ਦੇ ਵਡੇਰੇ ਤਕੜੇ ਜਗੀਰਦਾਰ ਹੋਣ ਕਾਰਨ ਇਨ੍ਹਾਂ ਨੂੰ ਸਰਕਾਰ ਪਾਸੋਂ ਇਲਾਕੇ ਵਿੱਚ ਕਚਹਿਰੀ ਲਗਾਉਣ ਦਾ ਹੱਕ ਮਿਲਿਆ ਹੋਇਆ ਸੀ। ਪਿੰਡ ਖਟਗੜ੍ਹਕਲਾਂ ਵਿਖੇ ਝੰਡਾ ਸ਼ਹਿਰ ਦਾ ਸਥਾਨ ਜਿੱਥੇ ਸਾਰਾ ਪਿੰਡ ਸੇਵਾ ਕਰਦਾ ਸੀ ਇਹ ਥਾਂ ਵੀ ਇਨਾਂ ਨੇ ਗੁਰੂ ਘਰ ਨੂੰ ਦਿੱਤੀ ਹੋਈ ਸੀ। ਇਹ ਪਰਿਵਾਰ ਮਾਨਵਤਾ ਲਈ ਬਣਾਏ ਹੋਏ ਕਾਨੂੰਨਾਂ-ਅਸੂਲਾਂ ਪ੍ਰਤੀ ਬੜਾ ਵਚਨਬੱਧ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਭਗਤ ਸਿੰਘ ਦੇ ਵਡੇਰਿਆ ਨੇ ਪੰਜ ਲੜਾਈਆਂ ਬੜੀ ਬਹਾਦਰੀ ਨਾਲ ਲੜੀਆਂ ਸਨ। ਆਪ ਦੇ ਪੜਦਾਦਾ ਫਤਹਿ ਸਿੰਘ ਨੇ ਅੰਗਰੇਜ਼ਾਂ ਵਿਰੁਧ ਮਹਾਰਾਜੇ ਦਾ ਡੱਟ ਕੇ ਸਾਥ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ’ਤੇ ਚਲ ਕੇ ਜ਼ੁਲਮ ਤੇ ਧੱਕੇਸ਼ਾਹੀ ਦੇ ਖਿਲਾਫ਼ ਖੜਿਆ। 1857 ਦੇ ਗਦਰ ਸਮੇਂ ਬੜੀ ਸੂਰਮ ਗਤੀ ਨਾਲ ਕ੍ਰਾਂਤੀਕਾਰੀਆਂ ਦਾ ਸਾਥ ਨਿਭਾਇਆ ਜਿਸ ਕਾਰਨ ਅੰਗਰੇਜ਼ਾਂ ਨੇ ਜਗੀਰਾਂ ਖੋਹ ਲਈਆਂ, ਜਗੀਰਾਂ ਖੁਹਾ ਕੇ ਵੀ ਗ਼ਦਾਰ ਨਹੀਂ ਕਹਾਏ। ਫਤਹਿ ਸਿੰਘ ਨੂੰ ਅੰਗਰੇਜ਼ਾਂ ਨੇ ਕ੍ਰਾਂਤੀਕਾਰੀਆਂ ਦਾ ਸਾਥ ਦੇਣ ਲਈ ਵੱਡੀਆਂ ਜਗੀਰਾਂ ਦੀਆਂ ਪੇਸ਼ਕਸ਼ਾਂ ਕੀਤੀਆਂ ਲੇਕਿਨ ਆਪ ਨੇ ਠੁਕਰਾ ਦਿੱਤੀਆਂ ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਆਪਣੀ ਸਵੈ ਜੀਵਨੀ ਜਿੰਦਾ ਦਫ਼ਨ ਵਿਚ ਲਿਖਦਾ ਹੈ ਕਿ ‘ਭਗਤ ਸਿੰਘ ਦੀਆਂ ਰਗਾਂ ਵਿਚ ਹੱਕ ਸੱਚ, ਬਹਾਦਰੀ ਤੇ ਦੇਸ਼ ਭਗਤੀ ਦੇ ਜ਼ਜਬੇ ਰੱਖਣ ਵਾਲੇ ਸੂਰਮਿਆਂ, ਵਡੇਰਿਆਂ ਦਾ ਖ਼ੂਨ ਸੀ ਉਹ ਫਿਰ ਫਾਂਸੀ ਦਾ ਰੱਸਾਂ ਕਿਵੇਂ ਨਾ ਚੁੰਮੇ। ਕਿਵੇਂ ਡਰ ਜਾਂਦਾ !
ਪਰਿਵਾਰ ਦੀਆਂ ਇਸਤਰੀਆਂ ਦਾ ਅਹਿਮਯੋਗਦਾਨ
ਭਗਤ ਸਿੰਘ ਜੀ ਦੇ ਨਾਨਕੇ ਪਿੰਡ ਮੋਰਾਵਾਲੀ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਸਨ। ਹਿੰਦੋਸਤਾਨ ਦੀ ਅਜ਼ਾਦੀ ਵਿਚ ਭਗਤ ਸਿੰਘ ਦੇ ਪਰਿਵਾਰ ਦੀਆਂ ਇਸਤਰੀਆਂ ਦਾ ਵੀ ਅਹਿਮਯੋਗਦਾਨ ਸੀ। ਇਨ੍ਹਾਂ ਇਸਤਰੀਆਂ ਵਿਚ ਦਾਦੀ ਮਾਤਾ ਜੈ ਕੈਰ, ਮਾਤਾ ਵਿਦਿਆਵਤੀ, ਚਾਚੀ ਮਾਤਾ ਹਰਨਾਮ ਕੌਰ ਤੇ ਚਾਚੀ ਮਾਤਾ ਹੁਕਮ ਕੌਰ ਦਾ ਨਾਂ ਜ਼ਿਕਰ ਯੋਗ ਹੈ ਜਿਨ੍ਹਾਂ ਨੇ ਆਪਣੇ ਦੇਵਤਿਆਂ ਵਰਗੇ ਪਰਿਵਾਰਕ ਸਾਥੀਆਂ ਦਾ ਵਿਛੋੜਾ ਝਲਿਆਂ ਅਤੇ ਅਨੇਕਾਂ ਇਨਕਲਾਬੀਆਂ ਦੀ ਲੰਗਰ ਪ੍ਰਸਾਦੇ ਦੀ ਸੇਵਾ ਕਰਕੇ ਦੇਸ਼ ਦੇ ਦਬੇ ਕੁਚਲੇ ਤੇ ਮਜ਼ਲੂਮ ਲੋਕਾਂ ਲਈ ਤਸੀਹੇ ਤੇ ਦੁੱਖ ਝਲੇ। ਉਨ੍ਹਾਂ ਮਹਾਨ ਸ਼ੇਰਨੀਆਂ ਦਾ ਨਾਂ ਹਿੰਦੋਸਤਾਨ ਦੀ ਜੰਗੇ ਅਜ਼ਾਦੀ ਦੀ ਤਹਿਰੀਕ ਦੇ ਅੰਬਰ ਉੱਤੇ ਧਰੂ ਵਾਂਗ ਅਮਰ ਰਹੇਗਾ।
-ਜਸਵਿੰਦਰ ਦੂਹੜਾ
-ਜਗਜੀਵਨ ਮੀਤ
-ਪ੍ਰਦੀਪ ਭਨੋਟ
-98723-36944
-----------------