ਇੰਦਰਾ ਬਨਾਮ ਮੋਰਾਰਜੀ ਦੇਸਾਈ ਦੀ ਇਹ ਲੜਾਈ ਬਹੁਤ ਦਿਲਚਸਪ ਹੋ ਗਈ ਸੀ। ਕਾਂਗਰਸ ਦੇ ਕਿੰਗਮੇਕਰ ਕਹੇ ਜਾਣ ਵਾਲੇ ਕੇ ਕਾਮਰਾਜ ਨੇ ਇਸ ਟਕਰਾਅ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੋਰਾਰਜੀ ਦੇਸਾਈ ਨਹੀਂ ਮੰਨੇ। ਆਖ਼ਰਕਾਰ ਵੋਟਿੰਗ ਦਾ ਦਿਨ ਆਇਆ ਯਾਨੀ 19 ਜਨਵਰੀ 1966, ਸੰਸਦ 'ਚ 526 ਕਾਂਗਰਸੀ ਆਗੂਆਂ ਦਾ ਜਮਾਵੜਾ ਲੱਗਿਆ।

ਡਿਜੀਟਲ ਡੈਸਕ, ਨਵੀਂ ਦਿੱਲੀ : 60 ਸਾਲ ਪਹਿਲਾਂ ਅੱਜ ਦੇ ਹੀ ਦਿਨ ਭਾਰਤੀ ਸੰਸਦ 'ਚ ਇਕ ਇਤਿਹਾਸਕ ਪਲ ਦੇਖਣ ਨੂੰ ਮਿਲਿਆ ਸੀ। ਦੇਸ਼ ਨੂੰ ਇੰਦਰਾ ਗਾਂਧੀ ਦੇ ਰੂਪ 'ਚ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਿਲੀ ਸੀ। ਸਿਰਫ਼ 48 ਸਾਲ ਦੀ ਉਮਰ 'ਚ ਇੰਦਰਾ ਗਾਂਧੀ ਨੂੰ ਅੱਜ ਦੇ ਹੀ ਦਿਨ ਸਰਬਸੰਮਤੀ ਨਾਲ ਪ੍ਰਧਾਨ ਮੰਤਰੀ ਅਹੁਦੇ ਲਈ ਚੁਣਿਆ ਗਿਆ ਸੀ।
19 ਜਨਵਰੀ 1966, ਚਾਰ ਘੰਟੇ ਦੇ ਹਾਈ ਲੈਵਲ ਡਰਾਮੇ ਤੋਂ ਬਾਅਦ ਕਾਂਗਰਸ ਸੰਸਦੀ ਪਾਰਟੀ (CCP) ਨੇ ਇੰਦਰਾ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਫੈਸਲਾ ਕੀਤਾ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ਦੀ ਕਮਾਨ ਕਿਸੇ ਮਹਿਲਾ ਦੇ ਹੱਥਾਂ ਵਿੱਚ ਸੌਂਪੀ ਗਈ ਸੀ।
ਦੇਸ਼ ਦੇ ਅਗਲੇ ਪੀਐੱਮ ਅਹੁਦੇ ਲਈ ਇੰਦਰਾ ਦੇ ਨਾਂ ਦਾ ਐਲਾਨ ਹੋਇਆ। ਇਸ ਦੌਰਾਨ ਚਿੱਟੀ ਸਾੜ੍ਹੀ ਅਤੇ ਹਲਕੇ ਭੂਰੇ ਰੰਗ ਦੀ ਸ਼ਾਲ ਲਪੇਟੀ ਇੰਦਰਾ ਨੇ ਸੰਸਦ 'ਚ ਪ੍ਰਵੇਸ਼ ਕੀਤਾ ਜਿਸ ਤੋਂ ਬਾਅਦ ਪੂਰੀ ਸੰਸਦ 'ਚ ਤਾੜੀਆਂ ਦੀ ਗੂੰਜ ਸੁਣਾਈ ਦੇਣ ਲੱਗੀ। ਉਸ ਸਮੇਂ ਸ਼ਾਇਦ ਹੀ ਕਿਸੇ ਨੇ ਅੰਦਾਜ਼ਾ ਲਗਾਇਆ ਹੋਵੇਗਾ ਕਿ ਚੁੱਪਚਾਪ ਤੇ ਸ਼ਾਂਤ ਰਹਿਣ ਵਾਲੀ ਇੰਦਰਾ ਭਵਿੱਖ 'ਚ 'ਆਇਰਨ ਲੇਡੀ' ਕਹਾਏਗੀ।
ਦਰਅਸਲ, ਜਨਵਰੀ 1966 'ਚ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਤਾਸ਼ਕੰਦ 'ਚ ਅਚਾਨਕ ਹੋਈ ਮੌਤ ਨਾਲ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਫੈਲ ਗਈ ਸੀ। ਅਜਿਹੇ ਵਿੱਚ ਗੁਲਜ਼ਾਰੀ ਲਾਲ ਨੰਦਾ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਗਿਆ। ਸ਼ਾਸਤਰੀ ਸਰਕਾਰ 'ਚ ਇੰਦਰਾ ਸੂਚਨਾ ਮੰਤਰੀ ਸਨ। ਉੱਥੇ ਹੀ, 1960 'ਚ ਉਨ੍ਹਾਂ ਨੂੰ ਕਾਂਗਰਸ ਦਾ ਪ੍ਰਧਾਨ ਵੀ ਬਣਾ ਦਿੱਤਾ ਗਿਆ ਸੀ।
ਸਾਬਕਾ ਪੀਐੱਮ ਜਵਾਹਰ ਲਾਲ ਨਹਿਰੂ ਦੀ ਇਕਲੌਤੀ ਸੰਤਾਨ ਰਹੀ ਇੰਦਰਾ ਉਨ੍ਹਾਂ ਦੀ ਹੀ ਛਤਰ-ਛਾਇਆ ਹੇਠ ਪਲੀ-ਵਧੀ ਸੀ। ਸਿਆਸਤ ਇੰਦਰਾ ਨੂੰ ਵਿਰਾਸਤ 'ਚ ਮਿਲੀ ਸੀ। ਅਜਿਹੇ 'ਚ ਲਾਲ ਬਹਾਦਰ ਸ਼ਾਸਤਰੀ ਦੇ ਦੇਹਾਂਤ ਤੋਂ ਬਾਅਦ ਜਦੋਂ ਅਗਲਾ ਪੀਐੱਮ ਚੁਣਨ ਦੀ ਵਾਰੀ ਆਈ ਤਾਂ 16 ਵਿੱਚੋਂ 11 ਸੂਬਿਆਂ ਦੇ ਮੁੱਖ ਮੰਤਰੀਆਂ ਨੇ ਇੰਦਰਾ ਦੇ ਨਾਂ 'ਤੇ ਮੋਹਰ ਲਗਾ ਦਿੱਤੀ।
ਹਾਲਾਂਕਿ, ਪੀਐੱਮ ਅਹੁਦੇ ਲਈ ਇੰਦਰਾ ਇਕੱਲੀ ਦਾਅਵੇਦਾਰ ਨਹੀਂ ਸੀ। ਗੁਲਜ਼ਾਰੀ ਲਾਲ ਨੰਦਾ ਤੇ ਮੋਰਾਰਜੀ ਦੇਸਾਈ ਨੇ ਵੀ ਮੈਦਾਨ 'ਚ ਐਂਟਰੀ ਕੀਤੀ। ਇੰਦਰਾ ਨੂੰ ਭਾਰੀ ਸਮਰਥਨ ਮਿਲਦਾ ਦੇਖ ਕੇ ਗੁਲਜ਼ਾਰੀ ਲਾਲ ਨੰਦਾ ਨੇ ਤਾਂ ਆਪਣੇ ਪੈਰ ਪਿੱਛੇ ਖਿੱਚ ਲਏ, ਪਰ ਮੋਰਾਰਜੀ ਦੇਸਾਈ ਡਟੇ ਰਹੇ।
ਇੰਦਰਾ ਬਨਾਮ ਮੋਰਾਰਜੀ ਦੇਸਾਈ ਦੀ ਇਹ ਲੜਾਈ ਬਹੁਤ ਦਿਲਚਸਪ ਹੋ ਗਈ ਸੀ। ਕਾਂਗਰਸ ਦੇ ਕਿੰਗਮੇਕਰ ਕਹੇ ਜਾਣ ਵਾਲੇ ਕੇ ਕਾਮਰਾਜ ਨੇ ਇਸ ਟਕਰਾਅ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੋਰਾਰਜੀ ਦੇਸਾਈ ਨਹੀਂ ਮੰਨੇ। ਆਖ਼ਰਕਾਰ ਵੋਟਿੰਗ ਦਾ ਦਿਨ ਆਇਆ ਯਾਨੀ 19 ਜਨਵਰੀ 1966, ਸੰਸਦ 'ਚ 526 ਕਾਂਗਰਸੀ ਆਗੂਆਂ ਦਾ ਜਮਾਵੜਾ ਲੱਗਿਆ।
ਇਹ ਉਹ ਦਿਨ ਸੀ, ਜਦੋਂ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤੀ ਸੰਸਦ 'ਤੇ ਟਿਕੀਆਂ ਹੋਈਆਂ ਸਨ। ਦੁਪਹਿਰ ਤਕ ਸਥਿਤੀ ਕਾਫੀ ਹੱਦ ਤਕ ਸਾਫ਼ ਹੋਣ ਲੱਗੀ ਸੀ। ਸ਼ਾਮ ਨੂੰ ਲਗਪਗ 3 ਵਜੇ ਇੱਕ ਅਧਿਕਾਰੀ ਬਾਹਰ ਆਇਆ ਅਤੇ ਉਸਨੇ ਕਿਹਾ, "ਮੈਂ ਸ਼੍ਰੀਮਤੀ ਇੰਦਰਾ ਗਾਂਧੀ ਦੀ ਜਿੱਤ ਦੀ ਘੋਸ਼ਣਾ ਕਰਦਾ ਹਾਂ।"
ਇਸ ਚੋਣ ਵਿਚ ਇੰਦਰਾ ਨੂੰ 355 ਵੋਟਾਂ ਮਿਲੀਆਂ ਸਨ ਤੇ ਮੋਰਾਰਜੀ ਦੇਸਾਈ ਨੂੰ ਸਿਰਫ਼ 169 ਵੋਟਾਂ। ਕੁਝ ਹੀ ਦੇਰ 'ਚ ਇਹ ਖ਼ਬਰ ਪੂਰੇ ਦੇਸ਼ ਵਿਚ ਅੱਗ ਵਾਂਗ ਫੈਲ ਗਈ। ਭਾਰਤੀ ਸੰਸਦ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ। ਇੰਦਰਾ ਗਾਂਧੀ ਨੇ ਤੁਰੰਤ ਰਾਸ਼ਟਰਪਤੀ ਭਵਨ ਦਾ ਰੁਖ਼ ਕੀਤਾ ਅਤੇ ਤਤਕਾਲੀ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਪ੍ਰਸਤਾਵ ਪੇਸ਼ ਕਰ ਦਿੱਤਾ।