ਇਹ ਪੂਰੀ ਪ੍ਰਕਿਰਿਆ ਦੋ ਪੜਾਵਾਂ ਦੀ ਹੈ। ਪਹਿਲੇ ਪੜਾਅ ’ਚ ਅਪ੍ਰੈਲ ਤੋਂ ਸਤੰਬਰ, 2026 ਤੱਕ ਘਰਾਂ ਦੀ ਸੂਚੀ ਬਣਾ ਕੇ ਗਿਣਤੀ ਕਰਵਾਈ ਜਾਵੇਗੀ, ਜਦਕਿ ਫਰਵਰੀ, 2027 ’ਚ ਮਰਦਮਸ਼ੁਮਾਰੀ ਹੋਵੇਗੀ। ਦੂਜੇ ਪੜਾਅ ’ਚ ਹੀ ਜਾਤੀਆਂ ਦਾ ਇਲੈਕਟ੍ਰਾਨਿਕ ਡਾਟਾ ਵੀ ਸ਼ਾਮਲ ਕੀਤਾ ਜਾਵੇਗਾ। ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਤੇ ਜੰਮੂ ਕਸ਼ਮੀਰ ਦੇ ਬਰਫ ਕਾਰਨ ਪ੍ਰਭਾਵਿਤ ਇਲਾਕਿਆਂ ਸਮੇਤ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਦੂਜੇ ਪੜਾਅ ’ਚ ਮਰਦਮਸ਼ੁਮਾਰੀ ਸਤੰਬਰ 2026 ’ਚ ਹੋਵੇਗੀ।

ਜਾਗਰਣ ਬਿਊਰੋ, ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਕੇਂਦਰੀ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਅਹਿਮ ਫ਼ੈਸਲਾ ਕਰਦਿਆਂ ਮਰਦਮਸ਼ੁਮਾਰੀ 2027 ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ। ਤਜਵੀਜ਼ ਮੁਤਾਬਕ 11,718.24 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ’ਚ ਪਹਿਲੀ ਵਾਰੀ ਡਿਜੀਟਲ ਮਰਦਮਸ਼ੁਮਾਰੀ ਕਰਵਾਈ ਜਾਵੇਗੀ। ਇਹ ਪੂਰੀ ਪ੍ਰਕਿਰਿਆ ਦੋ ਪੜਾਵਾਂ ਦੀ ਹੈ। ਪਹਿਲੇ ਪੜਾਅ ’ਚ ਅਪ੍ਰੈਲ ਤੋਂ ਸਤੰਬਰ, 2026 ਤੱਕ ਘਰਾਂ ਦੀ ਸੂਚੀ ਬਣਾ ਕੇ ਗਿਣਤੀ ਕਰਵਾਈ ਜਾਵੇਗੀ, ਜਦਕਿ ਫਰਵਰੀ, 2027 ’ਚ ਮਰਦਮਸ਼ੁਮਾਰੀ ਹੋਵੇਗੀ। ਦੂਜੇ ਪੜਾਅ ’ਚ ਹੀ ਜਾਤੀਆਂ ਦਾ ਇਲੈਕਟ੍ਰਾਨਿਕ ਡਾਟਾ ਵੀ ਸ਼ਾਮਲ ਕੀਤਾ ਜਾਵੇਗਾ। ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਤੇ ਜੰਮੂ ਕਸ਼ਮੀਰ ਦੇ ਬਰਫ ਕਾਰਨ ਪ੍ਰਭਾਵਿਤ ਇਲਾਕਿਆਂ ਸਮੇਤ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਦੂਜੇ ਪੜਾਅ ’ਚ ਮਰਦਮਸ਼ੁਮਾਰੀ ਸਤੰਬਰ 2026 ’ਚ ਹੋਵੇਗੀ।
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਮਾਜਿਕ ਤੇ ਅੰਕੜਾ ਵੰਨ-ਸੁਵੰਨਤਾ ਵਾਲੇ ਦੇਸ਼ ’ਚ ਮਰਦਮਸ਼ੁਮਾਰੀ ਦੇ ਚੁਣੌਤੀ ਭਰੇ ਕੰਮ ਲਈ ਸਰਕਾਰ ਨੇ ਵਿਸਥਾਰਤ ਰੂਪ-ਰੇਖਾ ਬਣਾਈ ਹੈ। ਇਸ ਵਿਚ ਲਗਪਗ 30 ਲੱਖ ਖੇਤਰੀ ਮੁਲਾਜ਼ਮ ਲਾਏ ਜਾਣਗੇ। ਗਣਨਾਕਾਰ (ਐਨਿਊਮੇਰੇਟਰ) ਜੋ ਆਮ ਤੌਰ ’ਤੇ ਸਰਕਾਰੀ ਅਧਿਆਪਕ ਹੁੰਦੇ ਹਨ ਤੇ ਜਿਨ੍ਹਾਂ ਨੂੰ ਸੂਬਾ ਸਰਕਾਰ ਨਿਯੁਕਤ ਕਰਦੀ ਹੈ, ਉਹ ਆਪਣੀ ਨਿਯਮਤ ਡਿਊਟੀ ਤੋਂ ਇਲਾਵਾ ਮਰਦਮਸ਼ੁਮਾਰੀ ਦਾ ਫੀਲਡ ਵਰਕ ਵੀ ਕਰਨਗੇ। ਉਪ ਜ਼ਿਲ੍ਹਾ, ਜ਼ਿਲ੍ਹਾ ਤੇ ਸੂਬਾ ਪੱਧਰਾਂ ’ਤੇ ਦੂਜੇ ਮਰਦਮਸ਼ੁਮਾਰੀ ਅਧਿਕਾਰੀਆਂ ਨੂੰ ਵੀ ਸੂਬਾਈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਯੁਕਤ ਕੀਤਾ ਜਾਵੇਗਾ। ਸਰਕਾਰ ਦਾ ਦਾਅਵਾ ਹੈ ਕਿ ਡਾਟਾ ਕੁਲੈਕਸ਼ਨ ਲਈ ਮੋਬਾਈਲ ਐਪ ਤੇ ਮਾਨੀਟਰਿੰਗ ਲਈ ਸੈਂਟਰਲ ਪੋਰਟਲ ਦੀ ਵਰਤੋਂ ਨਾਲ ਬਿਹਤਰ ਗੁਣਵੱਤਾ ਦਾ ਡਾਟਾ ਉਪਲੱਬਧ ਹੋਵੇਗਾ। ਡਾਟਾ ਪ੍ਰਸਾਰ ਬਿਹਤਰ ਤੇ ਜ਼ਿਆਦਾ ਯੂਜ਼ਰ ਫ੍ਰੈਂਡਲੀ ਤਰੀਕੇ ਨਾਲ ਹੋਵੇਗਾ ਤਾਂ ਜੋ ਨੀਤੀ ਨਿਰਮਾਣ ਲਈ ਜ਼ਰੂਰੀ ਮਿਆਰਾਂ ’ਤੇ ਵੀ ਸਾਰੇ ਸਵਾਲਾਂ ਦਾ ਜਵਾਬ ਇਕ ਕਲਿੱਕ ਕਰਦਿਆਂ ਹੀ ਪ੍ਰਾਪਤ ਹੋ ਜਾਵੇ। ਮੰਤਰਾਲਿਆਂ ਨੂੰ ਡਾਟਾ ਸਪੱਸ਼ਟ, ਮਸ਼ੀਨ ਨਾਲ ਪੜ੍ਹੇ ਜਾ ਸਕਣ ਯੋਗ ਤੇ ਕਾਰਵਾਈ ਕਰਨ ਯੋਗ ਖਰੜੇ ’ਚ ਮੁਹੱਈਆ ਕੀਤਾ ਜਾਵੇਗਾ।
---
ਅਪ੍ਰੈਲ ’ਚ ਜਾਤੀ ਗਣਨਾ ਦਾ ਲਿਆ ਸੀ ਫ਼ੈਸਲਾ
ਦੇਸ਼ ’ਚ ਜਾਤੀ ਆਧਾਰਤ ਮਰਦਮਸ਼ੁਮਾਰੀ ਕਰਵਾਉਣ ਦੀ ਮੰਗ ਨੂੰ ਵਿਰੋਧੀ ਧਿਰ ਨੇ ਸਭ ਤੋਂ ਵੱਡਾ ਸਿਆਸੀ ਮੁੱਦੇ ਵਜੋਂ ਖੜ੍ਹਾ ਕਰਨਾ ਚਾਹਿਆ ਸੀ। ਇਸ ਨੂੰ ਦੇਖਦਿਆਂ ਸਿਆਸੀ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ 30 ਅਪ੍ਰੈਲ, 2025 ਨੂੰ ਆਪਣੀ ਬੈਠਕ ’ਚ ਅਗਲੀ ਮਰਦਮਸ਼ੁਮਾਰੀ 2027 ’ਚ ਜਾਤੀ ਗਣਨਾ ਨੂੰ ਵੀ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਰੂਪ-ਰੇਖਾ ’ਚ ਤੈਅ ਕੀਤਾ ਗਿਆ ਹੈ ਕਿ ਮਰਦਮਸ਼ੁਮਾਰੀ 2027 ਦੇ ਦੂਜੇ ਪੜਾਅ ਯਾਨੀ ਮਰਦਮਸ਼ੁਮਾਰੀ ਗਣਨਾ (ਪੀਈ) ’ਚ ਜਾਤੀ ਡਾਟਾ ਨੂੰ ਇਲੈਕਟ੍ਰਾਨਿਕ ਰੂਪ ਨਾਲ ਸ਼ਾਮਲ ਕੀਤਾ ਜਾਵੇਗਾ।
---
ਮੁਲਾਜ਼ਮਾਂ ਨੂੰ ਮਿਲੇਗਾ ਹੋਰ ਮਾਣਭੱਤਾ
ਵੈਸ਼ਨਵ ਨੇ ਕਿਹਾ ਕਿ ਹਰ ਘਰ ਤੋਂ ਮਾਈਕ੍ਰੋ ਲੈਵਲ ਦਾ ਡਾਟਾ ਇਕੱਠਾ ਕੀਤਾ ਜਾਵੇਗਾ ਤੇ ਇਕ ਮੈਕਰੋ ਪਿਕਚਰ ਹੋਵੇਗੀ। ਹਰ ਕਿਸੇ ਦਾ ਡਾਟਾ ਗੁਪਤ ਰੱਖਿਆ ਜਾਵੇਗਾ, ਜਦਕਿ ਮਰਦਮਸ਼ੁਮਾਰੀ ਦਾ ਮੈਕਰੋ ਲੈਵਲ ਦਾ ਡਾਟਾ ਛਾਪਿਆ ਜਾਵੇਗਾ। ਸਾਰੇ ਮਰਦਮਸ਼ੁਮਾਰੀ ਮੁਲਾਜ਼ਮਾਂ ਨੂੰ ਮਰਦਮਸ਼ੁਮਾਰੀ ਦੇ ਕੰਮ ਲਈ ਬਣਦਾ ਮਾਣਭੱਤਾ ਦਿੱਤਾ ਜਾਵੇਗਾ, ਕਿਉਂਕਿ ਉਹ ਆਪਣੇ ਨਿਯਮਤ ਕੰਮਾਂ ਤੋਂ ਇਲਾਵਾ ਇਸ ਕੰਮ ਨੂੰ ਵੀ ਕਰਨਗੇ।
-------
18,600 ਤਕਨੀਕੀ ਪੇਸ਼ੇਵਰ ਵੀ ਹੋਣਗੇ ਤਾਇਨਾਤ
ਸਰਕਾਰੀ ਬਿਆਨ ਮੁਤਾਬਕ ਸਥਾਨਕ ਪੱਧਰ ’ਤੇ ਕਰੀਬ 550 ਦਿਨਾਂ ਲਈ ਲਗਪਗ 18,600 ਤਕਨੀਕੀ ਪੇਸ਼ੇਵਰਾਂ ਨੂੰ ਲਾਇਆ ਜਾਵੇਗਾ, ਜਿਸ ਦਾ ਮਤਲਬ ਹੈ ਕਿ ਕਰੀਬ 1.02 ਕਰੋੜ ਮਨੁੱਖੀ ਦਿਹਾੜੀਆਂ ਦਾ ਰੁਜ਼ਗਾਰ ਪੈਦਾ ਹੋਵੇਗਾ। ਇਨ੍ਹਾਂ ਦੇ ਕੰਮ ਦੀ ਪ੍ਰਕਿਰਿਤੀ ਡਿਜੀਟਲ ਡਾਟਾ ਹੈਂਡਲਿੰਗ, ਮਾਨੀਟਰਿੰਗ ਤੇ ਕੋਆਰਡੀਨੇਸ਼ਨ ਨਾਲ ਜੁੜੀ ਹੋਵੇਗੀ। ਇਸ ਨਾਲ ਇਨ੍ਹਾਂ ਲੋਕਾਂ ਨੂੰ ਭਵਿੱਖ ’ਚ ਨੌਕਰੀ ਮਿਲਣ ਦੀਆਂ ਸੰਭਾਵਨਾਵਾਂ ’ਚ ਵੀ ਮਦਦ ਮਿਲੇਗੀ।