ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਸੁੰਧਰਾ ਨੇ ਤਿੰਨ ਹੋਰਨਾਂ ਨਾਲ ਸਾਜ਼ਿਸ਼ ਰਚ ਕੇ ਇਕ ਸੜਕ ਹਾਦਸੇ ਦਾ ਮੰਚਨ ਕੀਤਾ ਤੇ ਕਥਿਤ ਤੌਰ ’ਤੇ ਇਕ ਡਾਕਟਰ ਨੂੰ ਐੱਚਆਈਵੀ ਵਾਇਰਸ ਦਾ ਟੀਕਾ ਲਗਾਇਆ, ਜੋ ਉਸਦੇ ਸਾਬਕਾ ਪ੍ਰੇਮੀ ਦੀ ਪਤਨੀ ਹੈ।

ਕੁਰਨੂਲ (ਪੀਟੀਆਈ) : ਆਂਧਰ ਪ੍ਰਦੇਸ਼ ’ਚ ਇਕ ਮਹਿਲਾ ਵੱਲੋਂ ਪਿਆਰ ’ਚ ਬਦਲਾ ਲੈਣ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਆਪਣੇ ਸਾਬਕਾ ਪ੍ਰੇਮੀ ਨਾਲ ਵਿਆਹ ਕਰਨ ’ਚ ਨਾਕਾਮ ਰਹੀ ਇਸ ਮਹਿਲਾ ਨੇ ਇਕ ਮਹਿਲਾ ਡਾਕਟਰ ਨੂੰ ਜਾਨਲੇਵਾ ਬਿਮਾਰੀ ਐੱਚਆਈਵੀ ਦਾ ਟੀਕਾ ਲਗਾ ਦਿੱਤਾ। ਪੀੜਤਾ ਡਾਕਟਰ ਤੇ ਐਸਿਸਟੈਂਟ ਪ੍ਰੋਫੈਸਰ ਹੈ, ਜੋ ਇਸ ਮੁਲਜ਼ਮ ਮਹਿਲਾ ਦੇ ਸਾਬਕਾ ਪ੍ਰੇਮੀ ਦੀ ਪਤਨੀ ਹੈ। ਪੁਲਿਸ ਨੇ ਇਸ ਮਾਮਲੇ ’ਚ ਮਹਿਲਾ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕੁਰਨੂਲ ਨਿਵਾਸੀ ਬੀਬੋਯਾ ਵਸੁੰਧਰਾ (34), ਅਦੋਨੀ ਦੇ ਨਿੱਜੀ ਹਸਪਤਾਲ ’ਚ ਨਰਸ ਕੋਂਗੇ ਜਯੋਤੀ (40) ਤੇ 20 ਸਾਲ ਤੋਂ ਵੱਧ ਉਮਰ ਦੀਆਂ ਦੋ ਨੌਜਵਾਨ ਔਲਾਦਾਂ ਦੇ ਤੌਰ ’ਤੇ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ 24 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਸੁੰਧਰਾ ਨੇ ਤਿੰਨ ਹੋਰਨਾਂ ਨਾਲ ਸਾਜ਼ਿਸ਼ ਰਚ ਕੇ ਇਕ ਸੜਕ ਹਾਦਸੇ ਦਾ ਮੰਚਨ ਕੀਤਾ ਤੇ ਕਥਿਤ ਤੌਰ ’ਤੇ ਇਕ ਡਾਕਟਰ ਨੂੰ ਐੱਚਆਈਵੀ ਵਾਇਰਸ ਦਾ ਟੀਕਾ ਲਗਾਇਆ, ਜੋ ਉਸਦੇ ਸਾਬਕਾ ਪ੍ਰੇਮੀ ਦੀ ਪਤਨੀ ਹੈ।
ਮੁਲਜ਼ਮਾਂ ਨੇ ਸਰਕਾਰੀ ਹਸਪਤਾਲ ’ਚ ਇਲਾਜ ਕਰਵਾ ਰਹੇ ਮਰੀਜ਼ਾਂ ਤੋਂ ਐੱਚਆਈਵੀ ਇਨਫੈਕਟਿਡ ਖ਼ੂਨ ਦੇ ਨਮੂਨੇ ਹਾਸਲ ਕੀਤੇ, ਇਹ ਕਹਿੰਦੇ ਹੋਏ ਇਹ ਨਮੂਨੇ ਖੋਜ ਲਈ ਜ਼ਰੂਰੀ ਸਨ। ਮੁਲਜ਼ਮਾਂ ਦਾ ਦਾਅਵਾ ਹੈ ਕਿ ਉਨ੍ਹਾਂ ਇਨਫੈਕਟਿਡ ਖ਼ੂਨ ਨੂੰ ਇਕ ਰੈਫਰੀਜਰੇਟਰ ’ਚ ਰੱਖਿਆ। ਆਪਣੇ ਸਾਬਕਾ ਪ੍ਰੇਮੀ ਦੇ ਕਿਸੇ ਹੋਰ ਮਹਿਲਾ ਨਾਲ ਵਿਆਹ ਕਰਨ ਨੂੰ ਸਵੀਕਾਰ ਨਾ ਕਰ ਪਾਉਣ ਕਾਰਨ ਮੁਲਜ਼ਮ ਨੇ ਇਸ ਜੋੜੇ ਨੂੰ ਵੱਖ ਕਰਨ ਦੀ ਸਾਜ਼ਿਸ਼ ਰਚੀ।
ਪੁਲਿਸ ਨੇ ਦੱਸਿਆ ਕਿ ਨੌਂ ਜਨਵਰੀ ਨੂੰ 2.30 ਵਜੇ ਕੁਰਨੂਲ ਦੇ ਇਕ ਨਿੱਜੀ ਮੈਡੀਕਲ ਕਾਲਜ ’ਚ ਅਸਿਸਟੈਂਟ ਪ੍ਰੋਫੈਸਰ ਪੀੜਤਾ ਲੰਚ ਲਈ ਡਿਊਟੀ ਤੋਂ ਬਾਅਦ ਸਕੂਟਰ ’ਤੇ ਘਰ ਪਰਤ ਰਹੀ ਸੀ ਕਿ ਉਦੋਂ ਦੋ ਵਿਅਕਤੀਆਂ ਨੇ ਜਾਣਬੁੱਝ ਕੇ ਉਸਦੇ ਸਕੂਟਰ ਨੂੰ ਕੇਸੀ ਕਨਾਲ ਕੋਲ ਵਿਨਾਇਕ ਘਾਟ ’ਤੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਡਿੱਗ ਗਈ ਤੇ ਜ਼ਖ਼ਮੀ ਹੋ ਗਈ। ਮੁਲਜ਼ਮ ਫਿਰ ਮਦਦ ਦਾ ਬਹਾਨਾ ਬਣਾ ਕੇ ਉਸ ਕੋਲ ਪੁੱਜੇ। ਆਟੋ ਰਿਕਸ਼ਾ ’ਚ ਲਿਜਾਣ ਦੀ ਕੋਸ਼ਿਸ਼ ਕਰਦੇ ਸਮੇਂ ਵਸੁੰਧਰਾ ਨੇ ਐੱਚਆਈਵੀ ਟੀਕਾ ਲਗਾਇਆ ਤੇ ਜਦੋਂ ਪੀੜਤਾ ਨੇ ਰੌਲਾ ਪਾਇਆ ਤਾਂ ਉਹ ਮੌਕੇ ਤੋਂ ਭੱਜ ਗਈ। ਪੀੜਤਾ ਨੂੰ ਤੁਰੰਤ ਇਲਾਜ ਮਿਲਿਆ ਤੇ ਉਹ ਹੁਣ ਠੀਕ ਹੈ। ਡਾਕਟਰਾਂ ਨੇ ਉਸਦੀ ਹਾਲਤ ਨੂੰ ਸਥਿਰ ਦੱਸਿਆ ਹੈ। ਅਧਿਕਾਰੀ ਨੇ ਕਿਹਾ ਕਿ ਕਿਉਂਕਿ ਪੀੜਤਾ ਖ਼ੁਦ ਇਕ ਡਾਕਟਰ ਹੈ, ਉਹ ਪ੍ਰੀਖਣ ਤੇ ਦਵਾਈਆਂ ਦੇ ਸਬੰਧ ’ਚ ਜਾਣਦੀ ਸੀ ਤੇ ਹੋਰਨਾਂ ਡਾਕਟਰਾਂ ਨੇ ਉਸ ਨੂੰ ਤਿੰਨ ਹਫ਼ਤੇ ਬਾਅਦ ਪਰਤਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਹ ਮਿਊਟੇਸ਼•ਨ ਦਾ ਸਮਾਂ ਹੈ। ਪੀੜਤਾ ਦੇ ਡਾਕਟਰ ਪਤੀ ਨੇ 10 ਜਨਵਰੀ ਨੂੰ ਕੁਰਨੂਲ-lll ਟਾਊਨ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਭਾਰਤੀ ਨਿਆਂ ਸੰਹਿਤਾ (ਬੀਐੱਮਐੱਸ) ਦੀਆਂ ਧਾਰਾਵਾਂ 126 (2), 118(1), 272 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।