ਉਹਨਾਂ ਵੱਲੋਂ ਪੰਜਾਬ ਦੇ ਰਵਾਇਤੀ ਤਰੀਕੇ ਨਾਲ ਤਿਆਰ ਕੀਤਾ ਗੁੜ ਲੋਕਾਂ ਵੱਲੋਂ ਇੰਨਾ ਪਸੰਦ ਕੀਤਾ ਜਾਂਦਾ ਹੈ ਕਿ ਰੋਜ਼ਾਨਾ ਤਿਆਰ ਹੋਣ ਤੇ ਨਾਲੋ-ਨਾਲ ਵਿਕ ਜਾਂਦਾ ਹੈ, ਉਸ ਨੂੰ ਗੁੜ ਵੇਚਣ ਜਾਣ ਲਈ ਮੰਡੀ ਜਾਣਾ ਨਹੀਂ ਪੈਂਦਾ।

ਕਮਲ, ਪੰਜਾਬੀ ਜਾਗਰਣ, ਹਰਿਆਣਾ : ਭਾਵੇਂ ਪੰਜਾਬ ਦੇ ਗੁਆਢੀ ਰਾਜਾਂ ’ਚੋਂ ਆਉਂਦੇ ਪਰਵਾਸੀ ਮਜ਼ਦੂਰਾਂ ਨੇ ਪੰਜਾਬੀਆਂ ਦੇ ਮਿਹਨਤ ਮੁਸ਼ੱਕਤ ਕਰਨ ਵਾਲੇ ਕਿੱਤਿਆਂ ਵਾਂਗ ਗੁੜ ਤੇ ਸ਼ੱਕਰ ਬਣਾਉਣ ਵਾਲਾ ਕਿੱਤਾ ਹਥਿਆ ਲਿਆ ਹੈ ਪਰ ਹੁਸ਼ਿਆਰਪੁਰ-ਦਸੂਹਾ ਮੁੱਖ ਮਾਰਗ ਉਤੇ ਕਸਬਾ ਹਰਿਆਣਾ ਦੇ ਬਿਰਧ ਆਸ਼ਰਮ ਨਜ਼ਦੀਕ ਪਿੰਡ ਕਬੀਰਪੁਰ ਸ਼ੇਖਾਂ ਦੇ ਬਲਦੇਵ ਰਾਜ ਨੇ ਆਪਣੇ ਤਿਆਰ ਕੀਤੇ ਗੁੜ ਤੇ ਸ਼ੱਕਰ ਦੇ ਰਵਾਇਤੀ ਸੁਆਦ ਦੀਆਂ ਦੂਰ-ਦੂਰ ਤੱਕ ਧੁੰਮਾਂ ਪਾਈਆਂ ਹੋਈਆਂ ਹਨ।
ਬਲਦੇਵ ਰਾਜ ਨੂੰ ਕਰੀਬ 20 ਸਾਲਾਂ ਤੋਂ ਆਪਣਾ ਗੁੜ ਬਣਾ ਕੇ ਵੇਚਣ ਦਾ ਤਜਰਬਾ ਹੈ। ਉਹ ਦੱਸਦਾ ਹੈ ਕਿ ਉਸ ਦੇ ਪਿਤਾ ਜੋਗਿੰਦਰ ਰਾਮ ਨੇ ਕਰੀਬ 20 ਸਾਲ ਗੰਨਿਆਂ ਦੇ ਵੇਲਣੇ ਉਤੇ ਰਵਾਇਤੀ ਤਰੀਕੇ ਨਾਲ ਗੁੜ ਬਣਾਉਣ ਦੇ ਕਾਰੀਗਰ ਵਜੋਂ ਕੰਮ ਕੀਤਾ, ਜਿਸ ਤੋਂ ਉਸ ਨੇ ਵੀ ਗੁੜ ਸ਼ੱਕਰ ਬਣਾਉਣ ਦੀਆ ਬਾਰੀਕੀਆਂ ਸਿੱਖੀਆਂ ਹਨ ਤੇ ਕਈ ਸਾਲਾਂ ਤੋਂ ਕਸਬਾ ਹਰਿਆਣਾ ਵਿਖੇ ਉਨ੍ਹਾਂ ਗੁਰ ਕ੍ਰਿਪਾ ਗੁੜ ਦੇ ਵੇਲਣੇ ਤੋਂ ਸਰਦੀ ਦੇ ਮੌਸਮ ਵਿੱਚ ਖੁਦ ਗੁੜ ਤਿਆਰ ਕਰ ਕੇ ਪੰਜਾਬ ਤੋਂ ਇਲਾਵਾ ਗੁਆਢੀ ਰਾਜਾਂ ਦੇ ਗੁੜ ਸ਼ੱਕਰ ਪ੍ਰੇਮੀਆਂ ਲਈ ਦੇਸੀ ਮਿੱਠੇ ਦੀ ਜ਼ਰੂਰਤ ਪੂਰੀ ਕਰ ਰਿਹਾ ਹੈ।
ਉਹਨਾਂ ਵੱਲੋਂ ਪੰਜਾਬ ਦੇ ਰਵਾਇਤੀ ਤਰੀਕੇ ਨਾਲ ਤਿਆਰ ਕੀਤਾ ਗੁੜ ਲੋਕਾਂ ਵੱਲੋਂ ਇੰਨਾ ਪਸੰਦ ਕੀਤਾ ਜਾਂਦਾ ਹੈ ਕਿ ਰੋਜ਼ਾਨਾ ਤਿਆਰ ਹੋਣ ਤੇ ਨਾਲੋ-ਨਾਲ ਵਿਕ ਜਾਂਦਾ ਹੈ, ਉਸ ਨੂੰ ਗੁੜ ਵੇਚਣ ਜਾਣ ਲਈ ਮੰਡੀ ਜਾਣਾ ਨਹੀਂ ਪੈਂਦਾ।
ਹੁਸ਼ਿਆਰਪੁਰ-ਦਸੂਹਾ ਤੋਂ ਲੰਘਦੇ ਰਾਹਗੀਰ ਕਈ ਸਾਲਾਂ ਤੋਂ ਉਸ ਦੇ ਗਾਹਕ ਬਣੇ ਹੋਏੇ ਹਨ। ਗੁੜ ਜਾਂ ਸ਼ੱਕਰ ਦੇ ਸ਼ੌਕੀਨਾਂ ਵੱਲੋਂ ਉਸ ਦਾ ਤਿਆਰ ਕੱਚਾ ਮਿੱਠਾ ਹਾਸਲ ਕਰਨ ਲਈ ਉਸ ਦੇ ਫੋਨ ’ਤੇ ਲਗਾਤਾਰ ਸੁਨੇਹੇ ਭੇਜਦੇ ਰਹਿੰਦੇ ਹਨ।
ਚੰਡੀਗੜ੍ਹ ਤੋਂ ਪਠਾਨਕੋਟ ਤੱਕ ਜਾਂਦੀਆਂ ਬੱਸਾਂ ਦੇ ਡਰਾਈਵਰ ਕੰਡਕਟਰ ਉਸ ਦੇ ਸੁਆਦੀ ਗੁੜ ਦੇ ਪੱਕੇ ਮੁਰੀਦ ਹਨ ਤੇ ਇਨ੍ਹਾਂ ਬੱਸਾਂ ਰਾਹੀਂ ਹੀ ਦੂਰ-ਦੁਰਾਡੇ ਆਪਣੇ ਗਾਹਕਾਂ ਤੱਕ ਤਿਆਰ ਗੁੜ ਪਹੁੰਚਾਇਆ ਜਾਂਦਾ ਹੈ। ਬਲਦੇਵ ਰਾਜ ਮੁਤਾਬਕ ਉਨ੍ਹਾਂ ਦੇ ਬਣਾਏ ਗੁੜ ਦੀ ਰੋਜ਼ਾਨਾ ਇੰਨੀ ਮੰਗ ਰਹਿੰਦੀ ਹੈ ਕਿ ਉਹ ਰੋਜ਼ਾਨਾ ਸਵੇਰੇ 4 ਵਜੇ ਤੋਂ ਰਾਤ 9 ਵਜੇ ਤੱਕ ਭੱਠੀਆਂ ਚਲਾ ਕੇ ਵੀ ਗੁੜ ਦੀ ਮੰਗ ਪੂਰੀ ਨਹੀਂ ਕਰ ਪਾਉਂਦੇ।
ਗੁੜ ਬਣਾਉਣ ਦਾ ਸਿਲਸਿਲਾ ਦੀਵਾਲੀ ਤੋਂ ਸ਼ੁਰੂ ਹੋ ਕੇ ਵਿਸਾਖੀ ਤੱਕ ਨਿਰੰਤਰ ਜਾਰੀ ਰਹਿੰਦਾ ਹੈ। ਉਸ ਮੁਤਾਬਕ ਉਨ੍ਹਾਂ ਨੂੰ ਇਸ ਕਾਰਜ ਰਾਹੀਂ ਹੀ ਸਾਰੇ ਸਾਲ ਦਾ ਰਿਜਕ ਆਸਾਨੀ ਨਾਲ ਮਿਲਣ ਦੇ ਨਾਲ ਸਰਦੀਆਂ ਵਿੱਚ ਕਰੀਬ 6 ਤੋਂ 7 ਬੰਦਿਆਂ ਨੂੰ ਵੀ ਰੁਜ਼ਗਾਰ ਮਿਲਦਾ ਰਹਿੰਦਾ ਹੈ।
ਬਲਦੇਵ ਰਾਜ ਮੁਤਾਬਕ ਗੁੜ ਬਣਾਉਣ ਲਈ ਗੰਨੇ ਜ਼ਿਆਦਾ ਦੇਰ ਤੱਕ ਵੇਹੇ ਕਰ ਕੇ ਨਹੀਂ ਰੱਖਦੇ ਤੇ ਨਾ ਹੀ ਰਸ ਵਾਲੀ ਪੱਤ ਨੂੰ ਨਿਖਾਰਨ ਲਈ ਮਿੱਠੇ ਸੋਢੇ ਤੋਂ ਬਿਨਾਂ ਕਿਸੇ ਹੋਰ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ।
ਗੁੜ ਦਾ ਰੰਗ ਬਣਾਉਣ ਲਈ ਕੋਈ ਰੰਗ ਨਹੀਂ ਵਰਤਿਆ ਜਾਂਦਾ ਤੇ ਰਸ ਤੋਂ ਤਿਆਰ ਹੁੰਦੀ ਪੱਤ ਦਾ ਵਜ਼ਨ ਵਧਾਉਣ ਲਈ ਬੂਰੇ ਵਾਲੀ ਖੰਡ ਪੱਤ ’ਚ ਰਲਾਈ ਨਹੀਂ ਜਾਂਦੀ। ਗੁੜ ਦੇ ਕਾਰੀਗਰ ਮੁਤਾਬਕ ਵਧੀਆ ਕਿਸਮ ਦਾ ਗੁੜ ਤੇ ਸ਼ੱਕਰ ਤਿਆਰ ਕਰਨ ਲਈ ਵਧੀਆ ਕਿਸਮ ਦੇ ਗੰਨੇ ਦੀ ਚੋਣ ਤੇ ਗੰਨਾ ਪੈਦਾ ਕਰਨ ਵਾਲੇ ਇਲਾਕੇ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।
ਗੁੜ ਬਣਾਉਣ ਦਾ ਮਾਹਰ ਕਾਰੀਗਰ ਦੱਸਦਾ ਹੈ ਕਿ ਉਸ ਦੇ ਵੇਲਣੇ ’ਤੇ ਤਿਆਰ ਹੋਇਆ ਗੁੜ ਤੇ ਸ਼ੱਕਰ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਤੇ ਦਿੱਲੀ ਤੱਕ ਦੇ ਗਾਹਕਾਂ ਵੱਲੋਂ ਵੀ ਖ੍ਰੀਦਿਆ ਜਾਂਦਾ ਹੈ। ਅਮਰੀਕਾ, ਕੈਨੇਡਾ ਤੇ ਹੋਰ ਦੇਸ਼ਾਂ ’ਚ ਵਸਣ ਵਾਲੇ ਪੰਜਾਬੀ ਲੋਕ ਪੰਜਾਬ ਫੇਰੀ ਦੌਰਾਨ ਬੜੀ ਉਚੇਚ ਨਾਲ ਉਸ ਦੇ ਵੇਲਣੇ ਦਾ ਗੁੜ ਖਰੀਦ ਕੇ ਲੈ ਜਾਂਦੇ ਹਨ ਤੇ ਆਪਣਾ ਗੁੜ ਬਣਾਉਣ ਲਈ ਕਈ ਦਿਨ ਪਹਿਲਾਂ ਹੀ ਸੁਨੇਹਾ ਭੇਜ ਦਿੰਦੇ ਹਨ।
ਸਮਾਜ ਵਿੱਚ ਉੱਚੇ ਅਹੁਦਿਆਂ ’ਤੇ ਤਾਇਨਾਤ ਅਫਸਰਾਂ, ਰਾਜਸੀ ਲੋਕਾਂ ਦੇ ਸੱਜਣ-ਮਿੱਤਰ ਵੀ ਉਸ ਦਾ ਤਿਆਰ ਗੁੜ ਹਰ ਸਿਆਲ ਨੂੰ ੳਸ ਕੋਲੋਂ ਮੁੰਗਫਲੀ, ਸੌਫ਼, ਸੁੰਢ ,ਬਦਾਮ ਕਾਜੂ ਪਵਾ ਕੇ ਉਚੇਚ ਨਾਲ ਪਹੁੰਚਾਉਂਦੇ ਹਨ। ਪੰਜਾਬ ’ਚ ਪਰਵਾਸੀ ਮਜ਼ਦੂਰਾਂ ਵੱਲੋਂ ਬਣਾਏ ਜਾਂਦੇ ਗੁੜ ਤੇ ਸ਼ੱਕਰ ਦੀ ਕੁਆਲਟੀ ਅਤੇ ਉਨ੍ਹਾਂ ਦੇ ਬਣਾਉਣ ਦੇ ਢੰਗ-ਤਰੀਕਿਆਂ ’ਤੇ ਕਿੰਤੂ-ਪ੍ਰੰਤੂ ਹੁੰਦੇ ਰਹਿੰਦੇ ਹਨ, ਕਿਉਂਕਿ ਉਹ ਕਾਰੀਗਰ ਗੁੜ ਦਾ ਵਜ਼ਨ ਵਧਾਉਣ ਲਈ ਜਿੱਥੇ ਗੁੜ ’ਚ ਬੂਰੇ ਵਾਲੀ ਖੰਡ ਰਲਾਉਦੇ ਹਨ, ਨਾਲ ਹੀ ਪੱਤ ਨਿਖਾਰਨ ਲਈ ਕਈ ਤਰ੍ਹਾਂ ਦੀਆਂ ਜੜ੍ਹੀਆਂ ਬੂਟੀਆਂ ਦੀ ਵਰਤੋਂ ਵੀ ਕਰਦੇ ਹਨ, ਜੋ ਸਿਹਤ ਲਈ ਨੁਕਸਾਨਦਾਇਕ ਹੁੰਦੀਆਂ ਹਨ। ਸਰਦੀ ਦੇ ਦਿਨਾਂ ’ਚ ਸ਼ੁੱਧ ਗੁੜ ਖਾਣ ਨਾਲ ਜਿੱਥੇ ਸਰੀਰ ਸਰਦੀ ਤੋਂ ਬਚਦਾ ਹੈ, ਨਾਲ ਹੀ ਇਹ ਹਾਜ਼ਮੇ ਦੀ ਦਰੁਸਤੀ ਲਈ ਵੀ ਲਾਭਦਾਇਕ ਹੋ ਨਿਬੜਦਾ ਹੈ, ਇਸੇ ਕਰ ਕੇ ਪੋਹ-ਮਾਘ ਦੇ ਮਹੀਨਿਆਂ ਵਿੱਚ ਗੁੜ ਦੀ ਮੰਗ ਬਹੁਤ ਜ਼ਿਆਦਾ ਹੋ ਜਾਂਦੀ ਹੈ।
ਬਲਦੇਵ ਰਾਜ ਵੱਲੋਂ ਗੁੜ ਸ਼ੱਕਰ ਦੇ ਕਾਰਜ ਲਈ ਕੀਤੀ ਜਾ ਰਹੀ ਸਖਤ ਮਿਹਨਤ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਰੋਜ਼ਗਾਰ ਦੇ ਮਾਮਲੇ ’ਚ ਆਪਣੀ ਮਿੱਟੀ, ਆਪਣੇ ਦੇਸ਼ ਤੇ ਵਿਰਸੇ ਨੂੰ ਉਲ੍ਹਾਮੇ ਦੇਣ ਦੀ ਬਜਾਏ ਇਸ ਦੀ ਸਮਰੱਥਾ ਤੇ ਕਿਰਤ ਕਰਨ ਦੀ ਜਾਂਚ ਦਾ ਮੰਤਰ ਪੰਜਾਬੀਆਂ ਲਈ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਪੰਜਾਬ ਦੀ ਖੇਤੀ ਨਾਲ ਜੁੜੇ ਅਜਿਹੇ ਕਈ ਕਾਰਜ ਇੱਥੋਂ ਦੀ ਮਿੱਟੀ ਦੀ ਸ਼ਕਤੀ ਦੇ ਰੰਗ ਦਿਖਾਉਣ ਦੇ ਨਾਲ ਨਾਲ ਸਵੈ ਰੋਜ਼ਗਾਰ ਲਈ ਵਧੀਆ ਸੰਭਾਵਨਾਵਾਂ ਵੀ ਬਣ ਸਕਦੇ ਹਨ।