ਟ੍ਰੇਨ ਦੇ ਦਰਵਾਜ਼ੇ ਕੋਲ ਖੜ੍ਹੇ ਹੋਣਾ ਲਾਪਰਵਾਹੀ ਨਹੀਂ, ਜਾਣੋ ਹਾਈ ਕੋਰਟ ਨੇ ਕਿਉਂ ਕੀਤੀ ਇਹ ਟਿੱਪਣੀ
ਜਸਟਿਸ ਜਿਤੇਂਦਰ ਜੈਨ ਦੀ ਸਿੰਗਲ ਬੈਂਚ ਨੇ ਸੋਮਵਾਰ ਨੂੰ ਰੇਲਵੇ ਅਥਾਰਟੀ ਦੇ ਉਸ ਤਰਕ ਨੂੰ ਖ਼ਾਰਿਜ ਕਰ ਦਿੱਤਾ ਕਿ ਹਾਦਸਾ ਮ੍ਰਿਤਕ ਦੀ ਲਾਪਰਵਾਹੀ ਕਾਰਨ ਹੋਇਆ, ਜੋ ਟ੍ਰੇਨ ਦੇ ਦਰਵਾਜ਼ੇ ਕੋਲ ਫੁੱਟਬੋਰਡ ’ਤੇ ਖੜ੍ਹਾ ਸੀ। ਕੇਂਦਰ ਸਰਕਾਰ ਨੇ ਹਾਈ ਕੋਰਟ ’ਚ ਇਕ ਅਪੀਲ ਦਾਖ਼ਲ ਕੀਤੀ ਸੀ, ਜਿਸ ਵਿਚ ਰੇਲਵੇ ਕਲੇਮ ਟ੍ਰਿਬਿਊੁਨਲ ਦੇ ਦਸੰਬਰ 2009 ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸਨੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ।
Publish Date: Wed, 10 Dec 2025 09:01 AM (IST)
Updated Date: Wed, 10 Dec 2025 09:07 AM (IST)
ਮੁੰਬਈ (ਪੀਟੀਆਈ) : ਬਾਂਬੇ ਹਾਈ ਕੋਰਟ ਨੇ ਕਿਹਾ ਕਿ ਇਕ ਵਿਅਕਤੀ ਜੋ ਮਸਰੂਫ ਸਮੇਂ ’ਚ ਉਪਨਗਰੀ ਟ੍ਰੇਨ ’ਚ ਯਾਤਰਾ ਕਰ ਰਿਹਾ ਸੀ, ਉਸਦੇ ਲਈ ਟ੍ਰੇਨ ਦੇ ਦਰਵਾਜ਼ੇ ਕੋਲ ਖੜ੍ਹੇ ਹੋਣਾ ਲਾਪਰਵਾਹੀ ਨਹੀਂ ਕਿਹਾ ਜਾ ਸਕਦਾ। ਇਸੇ ਨਾਲ ਅਦਾਲਤ ਨੇ ਰੇਲਵੇ ਹਾਦਸੇ ’ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੂੰ ਦਿੱਤੇ ਗਏ ਮੁਆਵਜ਼ੇ ਨੂੰ ਕਾਇਮ ਰੱਖਿਆ।
ਜਸਟਿਸ ਜਿਤੇਂਦਰ ਜੈਨ ਦੀ ਸਿੰਗਲ ਬੈਂਚ ਨੇ ਸੋਮਵਾਰ ਨੂੰ ਰੇਲਵੇ ਅਥਾਰਟੀ ਦੇ ਉਸ ਤਰਕ ਨੂੰ ਖ਼ਾਰਿਜ ਕਰ ਦਿੱਤਾ ਕਿ ਹਾਦਸਾ ਮ੍ਰਿਤਕ ਦੀ ਲਾਪਰਵਾਹੀ ਕਾਰਨ ਹੋਇਆ, ਜੋ ਟ੍ਰੇਨ ਦੇ ਦਰਵਾਜ਼ੇ ਕੋਲ ਫੁੱਟਬੋਰਡ ’ਤੇ ਖੜ੍ਹਾ ਸੀ। ਕੇਂਦਰ ਸਰਕਾਰ ਨੇ ਹਾਈ ਕੋਰਟ ’ਚ ਇਕ ਅਪੀਲ ਦਾਖ਼ਲ ਕੀਤੀ ਸੀ, ਜਿਸ ਵਿਚ ਰੇਲਵੇ ਕਲੇਮ ਟ੍ਰਿਬਿਊੁਨਲ ਦੇ ਦਸੰਬਰ 2009 ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸਨੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ। 28 ਅਕਤੂਬਰ 2005 ਨੂੰ ਵਿਅਕਤੀ ਭਾਯੰਦਰ ਤੋਂ ਮਰੀਨ ਲਾਈਨ ’ਤੇ ਯਾਤਰਾ ਕਰਦੇ ਸਮੇਂ ਟ੍ਰੇਨ ਤੋਂ ਡਿੱਗ ਗਿਆ ਤੇ ਕੁਝ ਦਿਨਾਂ ਬਾਅਦ ਉਸ ਦੀਆਂ ਸੱਟਾਂ ਕਾਰਨ ਉਸਦੀ ਮੌਤ ਹੋ ਗਈ ਸੀ। ਬੈਂਚ ਨੇ ਇਹ ਵੀ ਕਿਹਾ ਕਿ ਸਵੇਰ ਪੀਕ ਘੰਟਿਆਂ ’ਚ ਵਿਰਾਰ-ਚਰਚਗੇਟ ਟ੍ਰੇਨ ’ਚ ਭੀੜ ਹੁੰਦੀ ਹੈ, ਜਿਸ ਕਾਰਨ ਕਿਸੇ ਵੀ ਯਾਤਰਾ ਲਈ ਡੱਬੇ ’ਚ ਦਾਖ਼ਲ ਹੋਣਾ ਔਖਾ ਹੋ ਜਾਂਦਾ ਹੈ। ਕੋਰਟ ਨੇ ਕਿਹਾ ਕਿ ਇਹ ਹਾਲਾਤ ਅੱਜ ਵੀ ਹਨ। ਇਸ ਲਈ ਇਹ ਕਹਿਣਾ ਕਿ ਇਕ ਯਾਤਰੀ ਦਰਵਾਜ਼ੇ ਕੋਲ ਖੜ੍ਹੇ ਹੋਣ ’ਤੇ ਲਾਪਰਵਾਹ ਹੈ, ਸਵੀਕਾਰ ਨਹੀਂ ਕੀਤਾ ਜਾ ਸਕਦਾ। ਜੇ ਕਿਸੇ ਵਿਅਕਤੀ ਨੂੰ ਆਪਣੇ ਕੰਮ ਲਈ ਯਾਤਰਾ ਕਰਨੀ ਹੈ ਤੇ ਡੱਬੇ ’ਚ ਦਾਖ਼ਲ ਹੋਣਾ ਔਖਾ ਹੈ, ਤਾਂ ਯਾਤਰੀ ਕੋਲ ਦਰਵਾਜ਼ੇ ਕੋਲ ਖੜ੍ਹੇ ਹੋ ਕੇ ਆਪਣੀ ਜਾਨ ਨੂੰ ਖ਼ਤਰੇ ’ਚ ਪਾਉਣ ਤੋਂਇਲਾਵਾ ਹੋਰ ਕੋਈ ਬਦਲ ਨਹੀਂ ਹੈ। ਅਦਾਲਤ ਨੇ ਕਿਹਾ ਕਿ ਇਸ ਅਸਲੀਅਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਰੇਲਵੇ ਨੇ ਇਹ ਵੀ ਤਰਕ ਦਿੱਤਾ ਕਿ ਮ੍ਰਿਤਕ ਇਕ ਅਸਲੀ ਯਾਤਰੀ ਨਹੀਂ ਸੀ ਪਰ ਅਦਾਲਤ ਨੇ ਉਸਦੀ ਪਤਨੀ ਵੱਲੋਂ ਪੇਸ਼ ਸਥਾਨਕ ਟ੍ਰੇਨ ਪਾਸ ਨੂੰ ਵਾਜਬ ਮੰਨਿਆ। ਅਦਾਲਤ ਨੇ ਕਿਹਾ ਕਿ ਟ੍ਰਿਬਿਊਨਲ ਦੇ ਹੁਕਮ ’ਚ ਕੋਈ ਕਮੀ ਨਹੀਂ ਹੈ ਤੇ ਰੇਲਵੇ ਦੀ ਅਪੀਲ ਖ਼ਾਰਿਜ ਕਰ ਦਿੱਤੀ।