ਬੇਲਗਾਮ ਨਿੱਜੀ ਯੂਨੀਵਰਸਿਟੀਆਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਸਿੱਖਿਆ ਮੰਤਰਾਲੇ ਨੇ ਖਰੜਾ ਤਿਆਰ ਕਰਨ ਦੇ ਦਿੱਤੇ ਨਿਰਦੇਸ਼
ਇਸ ਤਹਿਤ ਮੰਤਰਾਲੇ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਅਤੇ ਕੌਮੀ ਮੁਲਾਂਕਣ ਤੇ ਮੁਕਾਬਲੇਬਾਜ਼ੀ ਕੌਂਸਲ (ਨੈਕ) ਨੂੰ ਨਿੱਜੀ ਯੂਨੀਵਰਸਿਟੀਆਂ 'ਤੇ ਸਖਤ ਨਿਗਰਾਨੀ ਰੱਖਣ ਲਈ ਸਿਸਟਮ ਬਣਾਉਣ ਵਾਸਤੇ ਖਰੜਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਨਿੱਜੀ ਯੂਨੀਵਰਸਿਟੀਜ਼ ਨਾਲ ਜੁੜੇ ਨਿਯਮਾਂ ਦੀ ਸਮੀਖਿਆ ਤੇ ਸੁਧਾਰ ਦੀ ਪਹਿਲ ਕੀਤੀ ਗਈ ਹੈ।
Publish Date: Fri, 21 Nov 2025 09:36 AM (IST)
Updated Date: Fri, 21 Nov 2025 09:38 AM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਅਲ ਫਲਾਹ ਨਿੱਜੀ ਯੂਨੀਵਰਸਿਟੀ ਦੇ ਮਾਮਲੇ ਤੋਂ ਬਾਅਦ ਸਿੱਖਿਆ ਮੰਤਰਾਲੇ ਨੇ ਦੇਸ਼ ਵਿਚ ਬੇਲਗਾਮ ਚੱਲ ਰਹੀਆਂ ਨਿੱਜੀ ਯੂਨੀਵਰਸਿਟੀਆਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਮੰਤਰਾਲੇ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਅਤੇ ਕੌਮੀ ਮੁਲਾਂਕਣ ਤੇ ਮੁਕਾਬਲੇਬਾਜ਼ੀ ਕੌਂਸਲ (ਨੈਕ) ਨੂੰ ਨਿੱਜੀ ਯੂਨੀਵਰਸਿਟੀਆਂ 'ਤੇ ਸਖਤ ਨਿਗਰਾਨੀ ਰੱਖਣ ਲਈ ਸਿਸਟਮ ਬਣਾਉਣ ਵਾਸਤੇ ਖਰੜਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਨਿੱਜੀ ਯੂਨੀਵਰਸਿਟੀਜ਼ ਨਾਲ ਜੁੜੇ ਨਿਯਮਾਂ ਦੀ ਸਮੀਖਿਆ ਤੇ ਸੁਧਾਰ ਦੀ ਪਹਿਲ ਕੀਤੀ ਗਈ ਹੈ।
ਸਿੱਖਿਆ ਮੰਤਰਾਲੇ ਨਾਲ ਜੁੜੇ ਉੱਚ ਪੱਧਰੀ ਸਰੋਤਾਂ ਮੁਤਾਬਕ ਨਿੱਜੀ ਯੂਨੀਵਰਸਿਟੀਆਂ ਦੇ ਮਾਮਲੇ ਵਿਚ ਇਹ ਪਹਿਲ ਮੌਜੂਦਾ ਨਿਯਮਾਂ ਦੇ ਲਚਕੀਲਾਪਣ ਦੇ ਮੱਦੇਨਜ਼ਰ ਕੀਤੀ ਗਈ ਹੈ, ਦਰਅਸਲ, ਇਨ੍ਹਾਂ ਦੇ ਕੰਮ-ਕਾਜ ਅਤੇ ਸਰਗਰਮੀਆਂ 'ਤੇ ਲਗਾਤਾਰ ਨਿਗਰਾਨੀ ਰੱਖਣ ਦੀ ਕੋਈ ਈਕੋਸਿਸਟਮ ਨਹੀਂ ਸੀ। ਇਸੇ ਕਰ ਕੇ ਅਲ ਫਲਾਹ ਯੂਨੀਵਰਸਿਟੀ ਵਿਚ ਯੂਜੀਸੀ ਅਤੇ ਨੈਕ ਦੇ ਨਿਯਮਾਂ ਦੀ ਖੁੱਲ੍ਹੇ ਤੌਰ 'ਤੇ ਉਲੰਘਣਾ ਕੀਤੀ ਜਾ ਰਹੀ ਸੀ। ਇਹੀ ਨਹੀਂ ਦੇਸ਼ ਵਿਚ ਕਈ ਨਿੱਜੀ ਯੂਨੀਵਰਸਿਟੀਜ਼ ਬੇਲਗਾਮ ਢੰਗ ਨਾਲ ਕਾਰੋਬਾਰ ਕਰ ਰਹੀਆਂ ਹਨ।
ਮੰਤਰਾਲੇ ਨਾਲ ਜੁੜੇ ਸਰੋਤਾਂ ਮੁਤਾਬਕ ਅਲ ਫਲਾਹ ਦੀ ਘਟਨਾ ਉਨ੍ਹਾਂ ਲਈ ਵੀ ਅੱਖਾਂ ਖੋਲ੍ਹਣ ਵਾਲੀ ਹੈ। ਇਸੇ ਕਰ ਕੇ ਹੁਣ ਨਿੱਜੀ ਮਾਲਕੀ ਵਾਲੀਆਂ ਯੂਨੀਵਰਸਿਟੀਆਂ 'ਤੇ ਨਿਗਰਾਨੀ ਕੱਸਣ ਦੀ ਕਵਾਇਦ ਸ਼ੁਰੂ ਹੋ ਗਈ ਹੈ ਅਤੇ ਨਵੇਂ ਸਿਰੇ ਤੋਂ ਨਿੱਜੀ ਯੂਨੀਵਰਸਿਟੀਆਂ ਨਾਲ ਜੁੜੇ ਨਿਯਮਾਂ ਦੀ ਸਮੀਖਿਆ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ, ਹੁਣ ਇਹਨਾਂ ਨੂੰ ਹੋਰ ਸਖ਼ਤ ਕੀਤਾ ਜਾਵੇਗਾ, ਤਾਂ ਜੋ ਇਨ੍ਹਾਂ ਦੀ ਬਿਹਤਰ ਤਰੀਕੇ ਨਾਲ ਨਿਗਰਾਨੀ ਕੀਤੀ ਜਾ ਸਕੇ। ਯਾਦ ਰਹੇ ਕਿ ਦੇਸ਼ ਵਿਚ ਮੌਜੂਦਾ ਸਮੇਂ ਵਿਚ 540 ਨਿੱਜੀ ਮਾਲਕੀ ਵਾਲੀਆਂ ਯੂਨੀਵਰਸਿਟੀਆਂ ਚੱਲ ਰਹੀਆਂ ਹਨ। ਇਨ੍ਹਾਂ ਸਭ ਨੂੰ ਖੋਲਣ ਦੀ ਆਗਿਆ ਸੂਬਾ ਸਰਕਾਰਾਂ ਨੇ ਦਿੱਤੀ ਹੈ ਪਰ ਇਹ ਯੂਜੀਸੀ ਅਤੇ ਨੈੱਕ ਦੇ ਵਿੱਦਿਅਕ ਨਿਯਮਾਂ ਮੁਤਾਬਕ ਚਲਾਉਣੀਆਂ ਪੈਂਦੀਆਂ ਹਨ।