ਦਿੱਲੀ ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸਦਨ ਪਹਿਲਾਂ ਹੀ ਇਸ ਮਾਮਲੇ ’ਤੇ ਵਿਚਾਰ ਕਰ ਰਿਹਾ ਹੈ ਅਤੇ ਵੀਡੀਓ ਕਲਿੱਪ ਨੂੰ ਫੋਰੈਂਸਿਕ ਜਾਂਚ ਅਤੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਇਸ ਨੇ ਸਦਨ ਦੇ ਵਿਸ਼ੇਸ਼ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਸ਼ਮੂਲੀਅਤ ’ਤੇ ਸਪੀਕਰ ਦੀ ਚਿੰਤਾ ਵੀ ਪ੍ਰਗਟ ਕੀਤੀ ਅਤੇ ਸਬੰਧਤ ਅਧਿਕਾਰੀਆਂ ਤੋਂ ਸਬੰਧਤ ਦਸਤਾਵੇਜ਼ਾਂ ਸਮੇਤ ਵਿਸਥਾਰਤ ਸਪੱਸ਼ਟੀਕਰਨ ਮੰਗਿਆ।

ਸਟੇਟ ਬਿਊਰੋ ਜਾਗਰਣ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸਦਮ ਦੇ ਇਕ ਵੀਡੀਓ ਕਲਿਪ ਨੂੰ ਲੈ ਕੇ ਰਾਜ ਦੇ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਦੇ ਖ਼ਿਲਾਫ਼ ਦਰਜ ਐੱਫਆਈਆਰ ਦੇ ਸਬੰਧ ਵਿਚ ਪੰਜਾਬ ਪੁਲਿਸ ਦੇ ਤਿੰਨ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਕੇ 48 ਘੰਟਿਆਂ ਅੰਦਰ ਜਵਾਬ ਮੰਗਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦੇ ਜਵਾਬ ਮਿਲਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਅਗਲੇਰੀ ਕਾਰਵਾਈ ਤੈਅ ਕੀਤੀ ਜਾਵੇਗੀ।
ਵਿਜੇਂਦਰ ਗੁਪਤਾ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਲਈ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਸਪੈਸ਼ਲ ਡੀਜੀਪੀ (ਸਾਈਬਰ ਕ੍ਰਾਈਮ) ਅਤੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਸ ਪੂਰੇ ਮਾਮਲੇ ਵਿੱਚ ਜਲੰਧਰ ਪੁਲਿਸ ਕਮਿਸ਼ਨਰ ਦੀ ਭੂਮਿਕਾ ਬਹੁਤ ਸ਼ੱਕੀ ਹੈ ਅਤੇ ਪਹਿਲੀ ਨਜ਼ਰੇ ਸਦਨ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਸਪੱਸ਼ਟ ਮਾਮਲਾ ਜਾਪਦਾ ਹੈ। ਉਨ੍ਹਾਂ ਵਿਰੁੱਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਸਪੱਸ਼ਟ ਮਾਮਲਾ ਬਣਦਾ ਹੈ ਅਤੇ ਸਦਨ ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਦੀ ਜਾਇਦਾਦ ਦੀ ਵਰਤੋਂ, ਵੀਡੀਓ ਰਿਕਾਰਡਿੰਗਜ਼ ਅਤੇ ਉਨ੍ਹਾਂ ਦੇ ਆਧਾਰ ’ਤੇ ਪੰਜਾਬ ਪੁਲਿਸ ਵੱਲੋਂ ਐੱਫਆਈਆਰ ਦਰਜ ਕਰਨਾ ਮੰਦਭਾਗਾ ਹੈ ਅਤੇ ਇਸ ਨਾਲ ਸਦਨ ਦੀ ਸ਼ਾਨ ਨੂੰ ਠੇਸ ਪੁੱਜੀ ਹੈ।
ਧਿਆਨ ਦੇਣ ਯੋਗ ਹੈ ਕਿ ਵਿਧਾਨ ਸਭਾ ਵੀਡੀਓ ਰਿਕਾਰਡਿੰਗਜ਼ ਦੇ ਆਧਾਰ ’ਤੇ ਦਿੱਲੀ ਦੇ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਅਤੇ ਕਈ ਹੋਰ ਭਾਜਪਾ ਵਿਧਾਇਕਾਂ ਨੇ ਆਤਿਸ਼ੀ ’ਤੇ ਗੁਰੂਆਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਪਿਛਲੇ ਨਵੰਬਰ ਮਹੀਨੇ ਵਿੱਚ ਨੌਵੇਂ ਸਿੱਖ ਗੁਰੂ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਦਿੱਲੀ ਵਿੱਚ ਸਮਾਗਮ ਵਿੱਚ ਬਹਿਸ ਤੋਂ ਬਾਅਦ ਵਿਧਾਨ ਸਭਾ ਵਿੱਚ ਗੁਰੂ ਤੇਗ ਬਹਾਦਰ ਦਾ ਅਪਮਾਨ ਕੀਤਾ ਸੀ। ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੇ ਕਪਿਲ ਮਿਸ਼ਰਾ ਅਤੇ ਹੋਰਾਂ ਵਿਰੁੱਧ ਆਤਿਸ਼ੀ ਦੇ ਸੰਪਾਦਿਤ ਅਤੇ ਛੇੜਛਾੜ ਕੀਤੇ ਵੀਡੀਓ ਨੂੰ ਅਪਲੋਡ ਕਰਨ ਅਤੇ ਪ੍ਰਸਾਰਿਤ ਕਰਨ ਲਈ ਐੱਫਆਈਆਰ ਦਰਜ ਕੀਤੀ ਹੈ। ਗੁਪਤਾ ਨੇ ਕਿਹਾ ਕਿ ਆਤਿਸ਼ੀ ਨੂੰ ਮੁਆਫੀ ਮੰਗਣ ਲਈ ਕਿਹਾ ਗਿਆ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ, ਨਹੀਂ ਤਾਂ ਮਾਮਲਾ ਉੱਥੇ ਹੀ ਖ਼ਤਮ ਹੋ ਜਾਂਦਾ।
ਅਧਿਕਾਰੀਆਂ ਤੋਂ ਮੰਗਿਆ ਗਿਆ ਸਪੱਸ਼ਟੀਕਰਨ
ਦਿੱਲੀ ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸਦਨ ਪਹਿਲਾਂ ਹੀ ਇਸ ਮਾਮਲੇ ’ਤੇ ਵਿਚਾਰ ਕਰ ਰਿਹਾ ਹੈ ਅਤੇ ਵੀਡੀਓ ਕਲਿੱਪ ਨੂੰ ਫੋਰੈਂਸਿਕ ਜਾਂਚ ਅਤੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਇਸ ਨੇ ਸਦਨ ਦੇ ਵਿਸ਼ੇਸ਼ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਸ਼ਮੂਲੀਅਤ ’ਤੇ ਸਪੀਕਰ ਦੀ ਚਿੰਤਾ ਵੀ ਪ੍ਰਗਟ ਕੀਤੀ ਅਤੇ ਸਬੰਧਤ ਅਧਿਕਾਰੀਆਂ ਤੋਂ ਸਬੰਧਤ ਦਸਤਾਵੇਜ਼ਾਂ ਸਮੇਤ ਵਿਸਥਾਰਤ ਸਪੱਸ਼ਟੀਕਰਨ ਮੰਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਸਦਨ ਦੀ ਜਾਇਦਾਦ ਦੀ ਅਜਿਹੀ ਦੁਰਵਰਤੋਂ ਅਤੇ ਅਜਿਹੀ ਸਮੱਗਰੀ ਦੇ ਆਧਾਰ ’ਤੇ ਇੱਕ ਮੰਤਰੀ ਵਿਰੁੱਧ ਐੱਫਆਈਆਰ ਦਰਜ ਕਰਨਾ ਨਾ ਸਿਰਫ਼ ਮੰਦਭਾਗਾ ਹੈ, ਸਗੋਂ ਬਹੁਤ ਗੰਭੀਰ ਤੇ ਨਿੰਦਣਯੋਗ ਵੀ ਹੈ। ਵਿਜੇਂਦਰ ਗੁਪਤਾ ਨੇ ਕਿਹਾ ਕਿ ਸਦਨ ਦੀਆਂ ਅਧਿਕਾਰਤ ਰਿਕਾਰਡਿੰਗਜ਼ ਨਾਲ ਛੇੜਛਾੜ ਜਾਂ ਹੇਰਾਫੇਰੀ ਵਿਧਾਨ ਸਭਾ ਦੀ ਸ਼ਾਨ ’ਤੇ ਸਿੱਧਾ ਹਮਲਾ ਸੀ। ਇਹ ਸਦਨ ਦੀ ਸਾਖ ਨੂੰ ਢਾਅ ਲਾਉਣ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਬਦਨਾਮ ਕਰਨ ਦੇ ਉਦੇਸ਼ ਨਾਲ ਯੋਜਨਾਬੱਧ ਸਾਜ਼ਿਸ਼ ਜਾਪਦੀ ਸੀ।