ਏਨੀ ਹੀ ਦੂਰੀ ਉਨ੍ਹਾਂ ਨੇ ਪਰਤਣ ਲਈ ਵੀ ਤੈਅ ਕੀਤੀ। ਕੁੱਲ ਦੂਰੀ ਨੂੰ ਜੋੜਨ ’ਤੇ ਇਹ 500 ਕਿਲੋਮੀਟਰ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ। ਬਜ਼ੁਰਗ ਜੋੜੇ ਦੀ ਰੇਹੜੀ ’ਤੇ ਇਹ ਯਾਤਰਾ ਜਿੱਥੇ ਵਿਵਸਥਾ ਨੂੰ ਸ਼ੀਸ਼ਾ ਦਿਖਾ ਰਹੀ ਹੈ, ਉੱਥੇ ਬਾਬੂ ਲੋਹਰਾ ਨੇ ਇਹ ਵੀ ਸਾਬਿਤ ਕੀਤਾ ਕਿ ਪਿਆਰ ਤੇ ਜ਼ਿੰਮੇਵਾਰੀ ਉਮਰ ਜਾਂ ਹਾਲਾਤ ਦੇ ਮੋਹਤਾਜ ਨਹੀਂ ਹੁੰਦੇ। ਓਡੀਸ਼ਾ ਤੋਂ ਸਾਹਮਣੇ ਆਈ ਇਸ ਘਟਨਾ ਨੇ ਪੇਂਡੂ ਸਿਹਤ ਵਿਵਸਥਾ ਦੀ ਹਕੀਕਤ ਵੀ ਉਜਾਗਰ ਕਰ ਦਿੱਤੀ ਹੈ।

ਜਾਗਰਣ ਸੰਵਾਦਦਾਤਾ, ਭੁਬਨੇਸ਼ਵਰ : ਜਦੋਂ ਜੇਬ ’ਚ ਪੈਸੇ ਨਾ ਹੋਣ, ਵਸੀਲਿਆਂ ਦੀ ਘਾਟ ਹੋਵੇ ਤੇ ਸਰੀਰ ਵੀ ਜਵਾਬ ਦੇਣ ਲੱਗੇ ਤਾਂ ਅਕਸਰ ਲੋਕ ਹਿੰਮਤ ਹਾਰਨ ਲੱਗਦੇ ਹਨ, ਪਰ ਓਡੀਸ਼ਾ ਦੇ ਸੰਬਲਪੁਰ ਵਾਸੀ 75 ਸਾਲਾ ਬਜ਼ੁਰਗ ਬਾਬੂ ਲੋਹਰਾ ਨੇ ਆਪਣੀ ਪਤਨੀ ਦਾ ਇਲਾਜ ਕਰਾਉਣ ਲਈ ਕੁਝ ਅਜਿਹਾ ਕੀਤਾ ਕਿ ਲੋਕ ਉਨ੍ਹਾਂ ਨੂੰ ਦੂਜਾ ਦਸ਼ਰਥ ਮਾਂਝੀ ਕਹਿਣ ਲੱਗੇ। ਆਪਣੀ ਅਧਰੰਗ ਤੋਂ ਪੀੜਤ ਪਤਨੀ 70 ਸਾਲਾ ਜੋਤੀ ਲੋਹਰਾ ਦਾ ਇਲਾਜ ਕਰਾਉਣ ਲਈ ਉਨ੍ਹਾਂ ਨੂੰ ਰੇਹੜੀ ’ਤੇ ਲਿਟਾ ਕੇ 267 ਕਿਲੋਮੀਟਰ ਦਾ ਲੰਬਾ ਸਫ਼ਰ ਤੈਅ ਕਰ ਲਿਆ। ਏਨੀ ਹੀ ਦੂਰੀ ਉਨ੍ਹਾਂ ਨੇ ਪਰਤਣ ਲਈ ਵੀ ਤੈਅ ਕੀਤੀ। ਕੁੱਲ ਦੂਰੀ ਨੂੰ ਜੋੜਨ ’ਤੇ ਇਹ 500 ਕਿਲੋਮੀਟਰ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ। ਬਜ਼ੁਰਗ ਜੋੜੇ ਦੀ ਰੇਹੜੀ ’ਤੇ ਇਹ ਯਾਤਰਾ ਜਿੱਥੇ ਵਿਵਸਥਾ ਨੂੰ ਸ਼ੀਸ਼ਾ ਦਿਖਾ ਰਹੀ ਹੈ, ਉੱਥੇ ਬਾਬੂ ਲੋਹਰਾ ਨੇ ਇਹ ਵੀ ਸਾਬਿਤ ਕੀਤਾ ਕਿ ਪਿਆਰ ਤੇ ਜ਼ਿੰਮੇਵਾਰੀ ਉਮਰ ਜਾਂ ਹਾਲਾਤ ਦੇ ਮੋਹਤਾਜ ਨਹੀਂ ਹੁੰਦੇ। ਓਡੀਸ਼ਾ ਤੋਂ ਸਾਹਮਣੇ ਆਈ ਇਸ ਘਟਨਾ ਨੇ ਪੇਂਡੂ ਸਿਹਤ ਵਿਵਸਥਾ ਦੀ ਹਕੀਕਤ ਵੀ ਉਜਾਗਰ ਕਰ ਦਿੱਤੀ ਹੈ।
ਸੰਬਲਪੁਰ ਦੇ ਮੋਦੀਪਾੜਾ ਵਾਸੀ ਬਾਬੂ ਪੇਸ਼ੇ ਤੋਂ ਰਿਕਸ਼ਾ ਚਾਲਕ ਹਨ ਤੇ ਮਾਲ ਢੋਹ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਪਤਨੀ ਜੋਤੀ ਪਿਛਲੇ ਕੁਝ ਸਾਲਾਂ ਤੋਂ ਅਧਰੰਗ ਦੀ ਸ਼ਿਕਾਰ ਹੈ। ਪਿਛਲੇ ਦਿਨੀਂ ਪਤਨੀ ਦੀ ਤਬੀਅਤ ਵਿਗੜੀ ਤਾਂ ਬਾਬੂ ਨੇ ਸੰਬਲਪੁਰ ’ਚ ਉਨ੍ਹਾਂ ਦਾ ਇਲਾਜ ਕਰਾਇਆ। ਇੱਥੇ ਡਾਕਟਰਾਂ ਨੇ ਬਿਹਤਰ ਇਲਾਜ ਲਈ ਪਤਨੀ ਨੂੰ ਕਟਕ ਸਥਿਤ ਐੱਸਸੀਬੀ ਮੈਡੀਕਲ ਕਾਲਜ ਲਿਜਾਣ ਦੀ ਸਲਾਹ ਦਿੱਤੀ, ਪਰ ਪਰਿਵਾਰ ਕੋਲ ਵਾਹਨ ਕਿਰਾਏ ਲਈ ਪੈਸੇ ਨਹੀਂ ਸਨ। ਅਜਿਹੇ ’ਚ ਬਾਬੂ ਨੇ ਆਪਣੀ ਰੇਹੜੀ ਰਿਕਸ਼ਾ ਕੱਢੀ ਤੇ ਉਸੇ ’ਤੇ ਬਿਸਤਰਾ ਵਿਛਾ ਕੇ ਪਤਨੀ ਨੂੰ ਲਿਟਾ ਦਿੱਤਾ। ਫਿਰ ਰੇਹੜੀ ਖਿੱਚਦੇ ਹੋਏ ਸੰਬਲਪੁਰ ਤੋਂ ਕਟਕ ਤੱਕ ਦੀ 267 ਕਿਲੋਮੀਟਰ ਦੀ ਦੂਰੀ ਤੈਅ ਕਰ ਲਈ। ਇਹ ਦੂਰੀ ਤੈਅ ਕਰਨ ’ਚ ਉਨ੍ਹਾਂ ਨੂੰ ਇਕ ਹਫ਼ਤੇ ਤੋਂ ਜ਼ਿਆਦਾ ਸਮਾਂ ਲੱਗਾ। ਰਸਤੇ ’ਚ ਕਈ ਥਾਵਾਂ ’ਤੇ ਰੁਕੇ ਤੇ ਸੁਰੱਖਿਅਤ ਥਾਂ ਦੇਖ ਕੇ ਰਾਤ ਨੂੰ ਆਰਾਮ ਕੀਤਾ। ਕੁਝ ਲੋਕਾਂ ਨੇ ਮਦਦ ਦੇ ਨਾਂ ’ਤੇ ਛੋਟੀ-ਮੋਟੀ ਰਕਮ ਵੀ ਦਿੱਤੀ।
ਪਰਤਦੇ ਸਮੇਂ ਹੋ ਗਿਆ ਹਾਦਸਾ
ਕਟਕ ’ਚ ਇਲਾਜ ਤੋਂ ਬਾਅਦ ਜੋੜੇ ਨੇ ਉੱਥੋਂ ਵਾਪਸ ਸੰਬਲਪੁਰ ਪਰਤਣ ਦੀ ਯਾਤਰਾ ਸ਼ੁਰੂ ਕੀਤੀ ਤਾਂ ਰਸਤੇ ’ਚ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਕ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਰੇਹੜੀ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਨ੍ਹਾਂ ਦੀ ਪਤਨੀ ਰੇਹੜੀ ਤੋਂ ਹੇਠਾਂ ਡਿੱਗ ਪਈ ਤੇ ਉਨ੍ਹਾਂ ਦੇ ਸਿਰ ’ਚੋਂ ਖ਼ੂਨ ਨਿਕਲਣ ਲੱਗਾ। ਬਾਬੂ ਨੇ ਆਸਪਾਸ ਦੇ ਲੋਕਾਂ ਦੇ ਸਹਿਯੋਗ ਨਾਲ ਨੇੜਲੇ ਸਿਹਤ ਕੇਂਦਰ ’ਚ ਉਨ੍ਹਾਂ ਦਾ ਇਲਾਜ ਕਰਾਇਆ ਤੇ ਫਿਰ ਪਤਨੀ ਨੂੰ ਰੇਹੜੀ ’ਤੇ ਬਿਠਾ ਕੇ ਯਾਤਰਾ ’ਤੇ ਨਿਕਲ ਪਏ। ਮਲ੍ਹਮ ਪੱਟੀ ਤੋਂ ਬਾਅਦ ਬਜ਼ੁਰਗ ਨੇ ਪਤਨੀ ਨੂੰ ਬਿਠਾ ਕੇ ਰਿਕਸ਼ਾ ਖਿੱਚਦੇ ਹੋਏ ਫਿਰ ਸੰਬਲਪੁਰ ਦਾ ਸਫਰ ਸ਼ੁਰੂ ਕੀਤਾ। ਬਾਬੂ ਨੇ ਕਿਹਾ ਕਿ ਹਸਪਤਾਲ ’ਚ ਵਿਕਾਸ ਸਰ ਨੇ ਸਾਡੀ ਬਹੁਤ ਮਦਦ ਕੀਤੀ। ਇਲਾਜ ’ਚ ਉਨ੍ਹਾਂ ਨੇ ਆਰਥਿਕ ਮਦਦ ਵੀ ਕੀਤੀ। ਭਗਵਾਨ ਜਗਨਨਾਥ ਉਨ੍ਹਾਂ ’ਤੇ ਕਿਰਪਾ ਕਰਨ। ਇੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਐਂਬੂਲੈਂਸ ਮੁਹੱਈਆ ਕਰਵਾਉਣ ਦੀ ਗੱਲ ਵੀ ਕਹੀ, ਪਰ ਬਾਬੂ ਨੇ ਸਹੂਲਤ ਲੈਣ ਤੋਂ ਮਨ੍ਹਾ ਕਰਦੇ ਹੋਏ ਰੇਹੜੀ ’ਤੇ ਅਗਲਾ ਸਫ਼ਰ ਤੈਅ ਕੀਤਾ।