ਫ਼ਰੀਦਾਬਾਦ ’ਚ ਕੱਲ੍ਹ ਹੋਵੇਗੀ ਉੱਤਰੀ ਖੇਤਰੀ ਕੌਂਸਲ ਦੀ ਬੈਠਕ, ਸ਼ਾਹ ਕਰਨਗੇ ਪ੍ਰਧਾਨਗੀ
ਇਹ ਬੈਠਕ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਫ਼ਰੀਦਾਬਾਦ ਵਿਚ ਭਾਰੀ ਮਾਤਰਾ ਵਿਚ ਵਿਸਫੋਟਕ ਬਰਾਮਦ ਹੋਣ ਅਤੇ ਸਫੈਦਪੋਸ਼ ਅੱਤਵਾਦੀ ਮਾਡਿਊਲ ਦੇ ਪਰਦਾਫਾਸ਼ ਹੋਣ ਦੇ ਕੁਝ ਦਿਨਾਂ ਬਾਅਦ ਹੋ ਰਹੀ ਹੈ। 10 ਨਵੰਬਰ ਨੂੰ ਲਾਲ ਕਿਲ੍ਹੇ ਨੇੜੇ ਧਮਾਕੇ ਵਿਚ ਇਸ ਅੱਤਵਾਦੀ ਮਾਡਿਊਲ ਨਾਲ ਜੁੜੇ ਵਿਸਫੋਟਕਾਂ ਦੇ ਇਸਤੇਮਾਲ ਦਾ ਖ਼ਦਸ਼ਾ ਹੈ, ਜਿਸ ਵਿਚ 13 ਲੋਕ ਮਾਰੇ ਗਏ ਸਨ।
Publish Date: Sun, 16 Nov 2025 09:09 AM (IST)
Updated Date: Sun, 16 Nov 2025 09:12 AM (IST)
ਨਵੀਂ ਦਿੱਲੀ (ਪੀਟੀਆਈ) : ਗ੍ਰਹਿ ਮੰਤਰੀ ਅਮਿਤ ਸ਼ਾਹ ਸੋਮਵਾਰ ਨੂੰ ਹਰਿਆਣਾ ਦੇ ਫ਼ਰੀਦਾਬਾਦ ਵਿਚ ਹੋ ਰਹੇ ਉੱਤਰੀ ਖੇਤਰੀ ਕੌਂਸਲ (ਐੱਨਜ਼ੈੱਡਸੀ) ਦੀ ਬੈਠਕ ਦੀ ਪ੍ਰਧਾਨਗੀ ਕਰਨਗੇ। ਇਸ ਬੈਠਕ ਵਿਚ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਦਿੱਲੀ, ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਉਪ-ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸਮੇਤ ਹੋਰਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਬੈਠਕ ਵਿਚ ਸੂਬਾ ਸਰਕਾਰਾਂ ਵਿਚਾਲੇ ਸਹਿਯੋਗ, ਪਾਣੀਆਂ ਦੀ ਵੰਡ ਨਾਲ ਜੁੜੇ ਮੁੱਦੇ ਅਤੇ ਵਿਕਾਸ ਕਾਰਜਾਂ ’ਤੇ ਚਰਚਾ ਹੋਣ ਦੀ ਉਮੀਦ ਹੈ।
ਇਹ ਬੈਠਕ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਫ਼ਰੀਦਾਬਾਦ ਵਿਚ ਭਾਰੀ ਮਾਤਰਾ ਵਿਚ ਵਿਸਫੋਟਕ ਬਰਾਮਦ ਹੋਣ ਅਤੇ ਸਫੈਦਪੋਸ਼ ਅੱਤਵਾਦੀ ਮਾਡਿਊਲ ਦੇ ਪਰਦਾਫਾਸ਼ ਹੋਣ ਦੇ ਕੁਝ ਦਿਨਾਂ ਬਾਅਦ ਹੋ ਰਹੀ ਹੈ। 10 ਨਵੰਬਰ ਨੂੰ ਲਾਲ ਕਿਲ੍ਹੇ ਨੇੜੇ ਧਮਾਕੇ ਵਿਚ ਇਸ ਅੱਤਵਾਦੀ ਮਾਡਿਊਲ ਨਾਲ ਜੁੜੇ ਵਿਸਫੋਟਕਾਂ ਦੇ ਇਸਤੇਮਾਲ ਦਾ ਖ਼ਦਸ਼ਾ ਹੈ, ਜਿਸ ਵਿਚ 13 ਲੋਕ ਮਾਰੇ ਗਏ ਸਨ। ਫਰੀਦਾਬਾਦ ਵਿਚ ਜ਼ਬਤ ਕੀਤੇ ਗਏ ਵਿਸਫੋਟਕ ਜੰਮੂ-ਕਸ਼ਮੀਰ ਦੇ ਨੌਗਾਮ ਦੇ ਇਕ ਪੁਲਿਸ ਥਾਣੇ ਵਿਚ ਵੀ ਧਮਾਕੇ ਦਾ ਕਾਰਨ ਬਣੇ ਜਿਸ ਵਿਚ 9 ਲੋਕਾਂ ਦੀ ਮੌਤ ਹੋਈ ਸੀ ਅਤੇ 32 ਹੋਰ ਜ਼ਖਮੀ ਹੋ ਗਏ ਸਨ।
ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਖੇਤਰੀ ਕੌਂਸਲਾਂ ਦੀ ਭੂਮਿਕਾ ਸਲਾਹਕਾਰ ਪ੍ਰਕਿਰਿਆ ਤੋਂ ਬਦਲ ਕੇ ਕਾਰਵਾਈ ਮੰਚ ਵਰਗੀ ਬਣ ਗਈ ਹੈ। ਦੇਸ਼ ਦੇ ਵਿਕਾਸ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਉੱਤਰੀ ਖੇਤਰੀ ਕੌਂਸਲ ਦੀ ਮਹੱਤਵਪੂਰਨ ਭੂਮਿਕਾ ਹੈ।