ਜਸਟਿਸ ਪੰਕਜ ਮਿੱਤਲ ਤੇ ਜਸਟਿਸ ਐੱਸਵੀਐੱਨ ਭੱਟੀ ਦੇ ਬੈਂਚ ਨੇ ਹਾਈ ਕੋਰਟ ਦੇ ਫੈਸਲੇ ਖ਼ਿਲਾਫ਼ ਦਾਖਲ ਕੀਤੀਆਂ ਵੱਖ-ਵੱਖ ਅਪੀਲਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਹਾਈ ਕੋਰਟ ਦਾ ਫ਼ੈਸਲਾ ਬਿਲਕੁਲ ਸਹੀ ਹੈ ਅਤੇ ਇਸ ਵਿਚ ਦਖ਼ਲ ਦੇਣ ਦੀ ਕੋਈ ਲੋੜ ਨਹੀਂ।

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਹਿੰਦੂ ਵਿਧਵਾ ਨੂੰਹ ਦੇ ਸਹੁਰੇ ਦੀ ਜਾਇਦਾਦ ’ਚੋਂ ਖ਼ਰਚਾ ਲੈਣ ਦੇ ਅਧਿਕਾਰ ’ਤੇ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਿੰਦੂ ਵਿਧਵਾ ਨੂੰਹ ਆਪਣੇ ਸਹੁਰੇ ਦੀ ਜਾਇਦਾਦ ’ਚੋਂ ਖ਼ਰਚਾ ਲੈਣ ਦੀ ਹੱਕਦਾਰ ਹੈ, ਭਾਵੇਂ ਉਹ ਸਹੁਰੇ ਦੇ ਜਿਊਂਦੇ ਰਹਿੰਦਿਆਂ ਵਿਧਵਾ ਹੋਈ ਹੋਵੇ ਜਾਂ ਸਹੁਰੇ ਦੀ ਮੌਤ ਤੋਂ ਬਾਅਦ।
ਜਸਟਿਸ ਪੰਕਜ ਮਿੱਤਲ ਤੇ ਜਸਟਿਸ ਐੱਸਵੀਐੱਨ ਭੱਟੀ ਦੇ ਬੈਂਚ ਨੇ ਹਾਈ ਕੋਰਟ ਦੇ ਫੈਸਲੇ ਖ਼ਿਲਾਫ਼ ਦਾਖਲ ਕੀਤੀਆਂ ਵੱਖ-ਵੱਖ ਅਪੀਲਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਹਾਈ ਕੋਰਟ ਦਾ ਫ਼ੈਸਲਾ ਬਿਲਕੁਲ ਸਹੀ ਹੈ ਅਤੇ ਇਸ ਵਿਚ ਦਖ਼ਲ ਦੇਣ ਦੀ ਕੋਈ ਲੋੜ ਨਹੀਂ।
ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਹਿੰਦੂ ਗੋਦ ਲੈਣ ਅਤੇ ਪਾਲਣ-ਪੋਸ਼ਣ ਕਾਨੂੰਨ 1956 ਦੀ ਧਾਰਾ 21 ਵਿਚ ਜਿਹੜੀ ਆਸ਼ਰਿਤਾਂ ਦੀ ਪਰਿਭਾਸ਼ਾ ਦਿੱਤੀ ਗਈ ਹੈ, ਉਹ ਬਿਲਕੁਲ ਸਾਫ਼ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪੁੱਤਰ ਦੀ ਵਿਧਵਾ, ਜਿਹੜੀ ਆਪਣਾ ਪਾਲਣ-ਪੋਸ਼ਣ ਕਰਨ ਵਿਚ ਅਸਮਰੱਥ ਹੈ, ਜਿਸ ਨੇ ਦੂਜਾ ਵਿਆਹ ਨਹੀਂ ਕੀਤਾ ਅਤੇ ਜੋ ਆਪਣੇ ਪਤੀ ਦੀ ਜਾਇਦਾਦ ਜਾਂ ਆਪਣੇ ਪੁੱਤਰ ਜਾਂ ਧੀ ਦੀ ਜਾਇਦਾਦ ਤੋਂ ਪਾਲਣ-ਪੋਸ਼ਣ ਪ੍ਰਾਪਤ ਕਰਨ ਵਿਚ ਅਸਮਰੱਥ ਹੈ, ਉਹ ਸਹੁਰੇ ਦੀ ਜਾਇਦਾਦ ਤੋਂ ਖ਼ਰਚਾ ਲੈਣ ਕਰਨ ਦੀ ਹੱਕਦਾਰ ਹੈ।
ਕੋਰਟ ਨੇ ਕਿਹਾ ਕਿ ਕਾਨੂੰਨੀ ਤਜਵੀਜ਼ ਬਿਲਕੁਲ ਸਾਫ਼ ਹੈ। ਇਸ ਵਿਚ ਪੁੱਤਰ ਦੀ ਵਿਧਵਾ ਨੂੰ ਆਸ਼ਰਿਤ ਮੰਨਿਆ ਗਿਆ ਹੈ ਜੋ ਆਪਣਾ ਪਾਲਣ-ਪੋਸ਼ਣ ਕਰਨ ਵਿਚ ਅਸਮਰੱਥ ਹੈ। ਕੋਰਟ ਨੇ ਕਿਹਾ ਕਿ ਕਾਨੂੰਨ ਦੀ ਧਾਰਾ 22 ਵਿਚ ਆਸ਼ਰਿਤਾਂ ਨੂੰ ਖ਼ਰਚਾ ਦੇਣ ਦੀ ਗੱਲ ਕੀਤੀ ਗਈ ਹੈ। ਇਸ ਵਿਚ ਮ੍ਰਿਤ ਹਿੰਦੂ ਵਿਅਕਤੀ ਦੀ ਜਾਇਦਾਦ ਦਾ ਉੱਤਰਾਧਿਕਾਰ ਹਾਸਲ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਮ੍ਰਿਤਕ ਦੇ ਆਸ਼ਰਿਤਾਂ ਦਾ ਉਸ ਦੀ ਜਾਇਦਾਦ ’ਚੋਂ ਪਾਲਣ-ਪੋਸ਼ਣ ਕਰੇ।
ਇਸ ਮਾਮਲੇ ਵਿਚ ਸੁਪਰੀਮ ਕੋਰਟ ਸਾਹਮਣੇ ਵਿਚਾਰਣਯੋਗ ਪ੍ਰਸ਼ਨ ਸੀ ਕਿ ਕੀ ਸਹੁਰੇ ਦੀ ਮੌਤ ਤੋਂ ਬਾਅਦ ਵਿਧਵਾ ਹੋਈ ਨੂੰਹ, ਸਹੁਰੇ ਦੀ ਆਸ਼ਰਿਤ ਮੰਨੀ ਜਾਵੇਗੀ ਅਤੇ ਕੀ ਉਹ ਸਹੁਰੇ ਦੀ ਜਾਇਦਾਦ ’ਚੋਂ ਖ਼ਰਚਾ ਲੈਣ ਦੀ ਹੱਕਦਾਰ ਹੈ। ਕੋਰਟ ਨੇ ਕਿਹਾ ਕਿ ਮੌਜੂਦਾ ਕਾਨੂੰਨ ਵਿਚ ਵਿਧਵਾ ਨੂੰਹ ਨੂੰ ਰਿਸ਼ਤੇਦਾਰ ਆਸ਼ਰਿਤ ਮੰਨਿਆ ਗਿਆ ਹੈ। ਇਸ ਮਾਮਲੇ ਵਿਚ ਡਾਕਟਰ ਮਹੇਂਦਰ ਪ੍ਰਸਾਦ ਦੀ 2021 ਵਿਚ ਮੌਤ ਹੋ ਗਈ ਸੀ। ਉਨ੍ਹਾਂ ਦੇ ਤਿੰਨ ਪੁੱਤਰ ਸਨ : ਰਣਜੀਤ ਸ਼ਰਮਾ, ਦੇਵੇਂਦਰ ਰਾਏ ਅਤੇ ਰਾਜੀਵ ਸ਼ਰਮਾ। ਮਹੇਂਦਰ ਪ੍ਰਸਾਦ ਨੇ ਆਪਣੀ ਜਾਇਦਾਦ ਵਸੀਅਤ ਜ਼ਰੀਏ 2011 ਵਿਚ ਆਪਣੇ ਮ੍ਰਿਤਕ ਪੁੱਤਰ ਦੇਵੇਂਦਰ ਰਾਏ ਦੇ ਦੋ ਪੁੱਤਰਾਂ ਦੇ ਨਾਂ ਕਰ ਦਿੱਤੀ ਸੀ।
ਮਹੇਂਦਰ ਪ੍ਰਸਾਦ ਦੀ ਮੌਤ ਤੋਂ ਬਾਅਦ 2023 ਵਿਚ ਉਨ੍ਹਾਂ ਦੇ ਪੁੱਤਰ ਰਣਜੀਤ ਸ਼ਰਮਾ ਦੀ ਵੀ ਮੌਤ ਹੋ ਗਈ। ਰਣਜੀਤ ਸ਼ਰਮਾ ਦੀ ਵਿਧਵਾ ਕੰਚਨਾ ਨੇ ਹਿੰਦੂ ਗੋਦ ਲੈਣ ਅਤੇ ਪਾਲਣ-ਪੋਸ਼ਣ ਕਾਨੂੰਨ ਤਹਿਤ ਸਹੁਰੇ ਦੀ ਜਾਇਦਾਦ ’ਚੋਂ ਖ਼ਰਚੇ ਦੀ ਮੰਗ ਕੀਤੀ, ਪਰ ਪਰਿਵਾਰਕ ਅਦਾਲਤ ਨੇ ਇਹ ਕਹਿੰਦੇ ਹੋਏ ਪਟੀਸ਼ਨ ਖਾਰਜ ਕਰ ਦਿੱਤੀ ਕਿ ਨੂੰਹ, ਸਹੁਰੇ ਮਹੇਂਦਰ ਪ੍ਰਸਾਦ ਦੇ ਜਿਊਂਦੇ ਰਹਿਣ ਦੌਰਾਨ ਵਿਧਵਾ ਨਹੀਂ ਹੋਈ ਸੀ।
ਪਰਿਵਾਰਕ ਅਦਾਲਤ ਤੋਂ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਨੂੰਹ ਨੇ ਹਾਈ ਕੋਰਟ ਵਿਚ ਅਪੀਲ ਦਾਖਲ ਕੀਤੀ। ਹਾਈ ਕੋਰਟ ਨੇ ਅਪੀਲ ਨੂੰ ਸਵੀਕਾਰ ਕਰਦਿਆਂ ਪਰਿਵਾਰਕ ਅਦਾਲਤ ਦਾ ਆਦੇਸ਼ ਰੱਦ ਕਰ ਦਿੱਤਾ। ਹਾਈ ਕੋਰਟ ਨੇ ਪਰਿਵਾਰਕ ਅਦਾਲਤ ਨੂੰ ਕਿਹਾ ਸੀ ਕਿ ਉਹ ਮਾਮਲੇ ਦੀ ਮੈਰਿਟ ’ਤੇ ਵਿਚਾਰ ਕਰ ਕੇ ਖ਼ਰਚੇ ਦੀ ਰਕਮ ਤੈਅ ਕਰੇ। ਹਾਈ ਕੋਰਟ ਦੇ ਇਸ ਆਦੇਸ਼ ਨੂੰ ਮਹੇਂਦਰ ਪ੍ਰਸਾਦ ਦੀ ਜਾਇਦਾਦ ’ਤੇ ਉੱਤਰਾਧਿਕਾਰ ਹਾਸਲ ਕਰਨ ਵਾਲੀ ਕੰਚਨਾ ਨੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ।