ਉਨ੍ਹਾਂ ਦੇ ਵਕੀਲ ਵਿਸ਼ਰਾਮ ਪ੍ਰਜਾਪਤ ਅਨੁਸਾਰ, ਰਾਜਸਥਾਨ ਹਾਈ ਕੋਰਟ ਨੇ 7 ਜਨਵਰੀ ਨੂੰ ਪੈਰੋਲ ਕਮੇਟੀ ਨੂੰ ਉਨ੍ਹਾਂ ਦੀ ਅਰਜ਼ੀ 'ਤੇ ਫੈਸਲਾ ਕਰਨ ਦਾ ਹੁਕਮ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੈਰੋਲ ਦਿੱਤੀ ਗਈ। ਪਹਿਲਾਂ ਵਿਆਹ ਅਲਵਰ ਵਿੱਚ ਹੋਣਾ ਸੀ, ਜਿਸ ਲਈ ਕਾਰਡ ਵੀ ਛਪਵਾਏ ਗਏ ਸਨ, ਪਰ ਅਚਾਨਕ ਜਗ੍ਹਾ ਬਦਲ ਕੇ ਜੈਪੁਰ ਦੇ ਸਾਂਗਾਨੇਰ ਵਿੱਚ ਬਿਨਾਂ ਕਿਸੇ ਧੂਮਧਾਮ ਦੇ ਗੁਪਤ ਤਰੀਕੇ ਨਾਲ ਵਿਆਹ ਕਰਵਾਇਆ ਗਿਆ।

ਜਾਗਰਣ ਸੰਵਾਦਦਾਤਾ, ਜੈਪੁਰ : ਰਾਜਸਥਾਨ ਵਿਚ ਦੋ ਚਰਚਿਤ ਹੱਤਿਆ ਕਾਂਡਾਂ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨੂੰਮਾਨ ਪ੍ਰਸਾਦ ਤੇ ਪ੍ਰਿਆ ਸੇਠ ਨੇ 15 ਦਿਨਾਂ ਦੀ ਪੈਰੋਲ ’ਤੇ ਰਿਹਾਈ ਤੋਂ ਬਾਅਦ ਸ਼ੁੱਕਰਵਾਰ ਨੂੰ ਵਿਆਹ ਕਰਵਾ ਲਿਆ। ਦੋਵੇਂ ਪਿਛਲੇ ਇਕ ਸਾਲ ਤੋਂ ਜੈਪੁਰ ਦੀ ਸਾਂਗਾਨੇਰ ਸਥਿਤ ਖੁੱਲ੍ਹੀ ਜੇਲ੍ਹ ’ਚ ਰਹਿ ਰਹੇ ਸਨ। ਕਰੀਬ ਛੇ ਮਹੀਨੇ ਪਹਿਲਾਂ ਦੋਵਾਂ ’ਚ ਨਜ਼ਦੀਕੀ ਵਧੀ ਤੇ ਪ੍ਰੇਮ ਸਬੰਧ ਹੋਏ।
ਅਲਵਰ ਵਾਸੀ ਹਨੂੰਮਾਨ ਦੇ 2014 ’ਚ ਖੁਦ ਤੋਂ 10 ਸਾਲ ਵੱਡੀ ਵਿਆਹੁਤਾ ਸੰਤੋਸ਼ ਸ਼ਰਮਾ ਨਾਲ ਪ੍ਰੇਮ ਸਬੰਧ ਸਨ। ਦੋ ਅਕਤੂਬਰ 2017 ਨੂੰ ਹਨੂੰਮਾਨ ਨੇ ਸੰਤੋਸ਼ ਨਾਲ ਮਿਲ ਕੇ ਸੌਂ ਰਹੇ ਪਤੀ ਬਨਵਾਰੀ ਅਤੇ ਚਾਰ ਬੱਚਿਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਜਾਂਚ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੋਸ਼ ’ਚ ਹੀ ਹਨੂੰਮਾਨ ਨੂੰ ਉਮਰ ਕੈਦ ਦੀ ਸਜ਼ਾ ਹੋਈ। ਉੱਧਰ, ਪਾਲੀ ਜ਼ਿਲ੍ਹੇ ਦੀ ਰਹਿਣ ਵਾਲੀ ਪ੍ਰਿਆ ਨੇ ਆਪਣੇ ਪ੍ਰੇਮੀ ਦੀਕਸ਼ਾਂਤ ਕਾਮਰਾ ਦਾ ਕਰਜ਼ਾ ਲਾਹੁਣ ਲਈ ਡੇਟਿੰਗ ਐਪ ਜ਼ਰੀਏ ਜੈਪੁਰ ਦੇ ਝੋਟਵਾੜਾ ਵਾਸੀ ਦੀਕਸ਼ਾਂਤ ਸ਼ਰਮਾ ਨਾਲ ਦੋਸਤੀ ਕੀਤੀ ਸੀ। ਪ੍ਰਿਆ ਨੇ 2 ਮਈ 2018 ਨੂੰ ਪ੍ਰੇਮੀ ਤੇ ਉਸ ਦੋਸਤ ਨਾਲ ਮਿਲ ਕੇ ਦੀਕਸ਼ਾਂਤ ਨੂੰ ਆਪਣੇ ਕਮਰੇ ’ਤੇ ਬੁਲਾ ਕੇ ਬੰਧਕ ਬਣਾਇਆ। ਤਿੰਨਾਂ ਨੇ ਦੀਕਸ਼ਾਂਤ ਦੇ ਪਿਤਾ ਤੋਂ ਤਿੰਨ ਲੱਖ ਦੀ ਫਿਰੌਤੀ ਲਈ ਤੇ ਫਿਰ ਫੜੇ ਜਾਣ ਦੇ ਡਰੋਂ ਬੇਰਹਿਮੀ ਨਾਲ ਉਸ ਦੀ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਲਾਸ਼ ਨੂੰ ਸੂਟਕੇਸ ’ਚ ਬੰਦ ਕਰ ਕੇ ਪਹਾੜੀਆਂ ’ਚ ਸੁੱਟ ਦਿੱਤਾ। ਜਾਂਚ ਪਿੱਛੋਂ ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਹਾਈ ਕੋਰਟ ਦੇ ਨਿਰਦੇਸ਼ ’ਤੇ ਖੁੱਲ੍ਹੀ ਜੇਲ੍ਹ ’ਚ ਰੱਖੇ ਗਏ
ਹਾਈ ਕੋਰਟ ਦੇ ਨਿਰਦੇਸ਼ ’ਤੇ ਹਨੂੰਮਾਨ ਪ੍ਰਸਾਦ ਤੇ ਪ੍ਰਿਆ ਨੂੰ ਖੁੱਲ੍ਹੀ ਜੇਲ੍ਹ ’ਚ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ, ਉਨ੍ਹਾਂ ਦੇ ਵਕੀਲ ਵਿਸ਼ਰਾਮ ਪ੍ਰਜਾਪਤ ਨੇ ਕਿਹਾ ਕਿ ਰਾਜਸਥਾਨ ਹਾਈ ਕੋਰਟ ਨੇ ਸੱਤ ਜਨਵਰੀ ਨੂੰ ਪੈਰੋਲ ਕਮੇਟੀ ਨੂੰ ਸੱਤ ਦਿਨਾਂ ਅੰਦਰ ਉਨ੍ਹਾਂ ਦੀ ਅਰਜ਼ੀ ’ਤੇ ਫ਼ੈਸਲਾ ਕਰਨ ਦਾ ਨਿਰਦੇਸ਼ ਦਿੱਤਾ ਸੀ, ਜਿਸ ਤੋਂ ਬਾਅਦ ਪੈਰੋਲ ਦਿੱਤੀ ਗਈ। ਦੋਵਾਂ ਨੇ ਪਹਿਲਾਂ ਤਾਂ ਅਲਵਰ ਜ਼ਿਲ੍ਹੇ ਦੇ ਪਿੰਡ ਬੜੌਦਾ ਮੇਵ ’ਚ ਵਿਆਹ ਕਰਨ ਦਾ ਫ਼ੈਸਲਾ ਕੀਤਾ। ਇਸ ਦੇ ਲਈ ਕਾਰਡ ਵੀ ਛਪਵਾਏ ਗਏ ਪਰ ਫਿਰ ਅਚਾਨਕ ਵਿਆਹ ਦੀ ਥਾਂ ਬਦਲ ਕੇ ਜੈਪੁਰ ਜ਼ਿਲ੍ਹੇ ਦੇ ਸਾਂਗਾਨੇਰ ’ਚ ਕੀਤੀ ਗਈ। ਪਹਿਲਾਂ ਧੂਮਧਾਮ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਬਾਅਦ ’ਚ ਸਧਾਰਨ ਤਰੀਕੇ ਨਾਲ ਵਿਆਹ ਕੀਤਾ ਗਿਆ। ਕਿਸੇ ਨੂੰ ਵਿਆਹ ਦੀ ਥਾਂ ਨਹੀਂ ਦੱਸੀ ਗਈ।