ਨਵੀਂ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2025 ’ਚ ਵਿਦੇਸ਼ ਜਾਣ ਵਾਲੇ ਹਰੇਕ 10 ’ਚੋਂ ਨੌਂ ਵਿਅਕਤੀ ਇਸ ਉਮਰ ਵਰਗ ਤੋਂ ਸਨ। ਰਿਪੋਰਟ ਦੇ ਸਿੱਟੇ 10 ਲੱਖ ਤੋਂ ਜ਼ਿਆਦਾ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀ ਯਾਤਰੀਆਂ ਦੇ ਯਾਤਰਾ ਡਾਟੇ ’ਤੇ ਆਧਾਰਿਤ ਹਨ।

ਨਵੀਂ ਦਿੱਲੀ (ਪੀਟੀਆਈ) : ਵਿਦੇਸ਼ ’ਚ ਛੁੱਟੀਆਂ ਬਿਤਾਉਣ ਦੇ ਮਾਮਲੇ ’ਚ ਭਾਰਤੀ ਵੀ ਹੁਣ ਕਿਸੇ ਤੋਂ ਘੱਟ ਨਹੀਂ ਹਨ ਤੇ ਇਸ ਨਵੇਂ ਰੁਝਾਨ ਦਾ ਝੰਡਾ ਜੈੱਨ-ਜ਼ੀ (2000-2012 ਦੌਰਾਨ ਜੰਮਣ ਵਾਲੇ ਨੌਜਵਾਨ) ਤੇ ਮਿਲੇਨੀਅਨ (1981-96 ਵਿਚਾਲੇ ਜੰਮਣ ਵਾਲੇ ਲੋਕ) ਦੇ ਹੱਥਾਂ ’ਚ ਹੈ। ਨਵੀਂ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2025 ’ਚ ਵਿਦੇਸ਼ ਜਾਣ ਵਾਲੇ ਹਰੇਕ 10 ’ਚੋਂ ਨੌਂ ਵਿਅਕਤੀ ਇਸ ਉਮਰ ਵਰਗ ਤੋਂ ਸਨ। ਰਿਪੋਰਟ ਦੇ ਸਿੱਟੇ 10 ਲੱਖ ਤੋਂ ਜ਼ਿਆਦਾ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀ ਯਾਤਰੀਆਂ ਦੇ ਯਾਤਰਾ ਡਾਟੇ ’ਤੇ ਆਧਾਰਿਤ ਹਨ।
ਟ੍ਰੈਵਲ-ਬੈਂਕਿੰਗ ਫਿਨਟੈੱਕ ਪਲੇਟਫਾਰਮ ‘ਨਿਓ’ ਵੱਲੋਂ ਜਾਰੀ ਸਾਲਾਨਾ ਯਾਤਰਾ ਰਿਪੋਰਟ ਦੱਸਦੀ ਹੈ ਕਿ ਨਵੇਂ ਤਜਰਬਿਆਂ ਦੀ ਤਮੰਨਾ ਰੱਖਣ ਵਾਲੇ ਡਿਜੀਟਲ ਤਕਨੀਕ ’ਚ ਮਾਹਰ ਭਾਰਤੀ ਨੌਜਵਾਨ ਸਮਾਰਟ ਪਲਾਨਿੰਗ ਕਰ ਕੇ ਘੱਟ ਖਰਚੇ ’ਚ ਦੁਨੀਆ ਭਰ ’ਚ ਇਕੱਲੇ ਹੀ ਯਾਤਰਾ ਕਰ ਰਹੇ ਹਨ। ਉਹ ਸਭ ਤੋਂ ਜ਼ਿਆਦਾ ਵਿਦੇਸ਼ ’ਚ ਖ਼ਰੀਦਦਾਰੀ ’ਤੇ ਖ਼ਰਚਾ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਯਾਤਰਾਵਾਂ ਛੋਟੀਆਂ ਪਰ ਰੋਮਾਂਚਿਕ ਤਜਰਬਿਆਂ ਨਾਲ ਭਰੀਆਂ ਹਨ।
ਰਿਪੋਰਟ ਅਨੁਸਾਰ, ਸਾਲ 2025 ’ਚ ਕੌਮਾਂਤਰੀ ਯਾਤਰਾਵਾਂ ਕਰਨ ਦੇ ਮਾਮਲੇ ’ਚ ਹਰੇਕ 10 ’ਚੋਂ ਨੌਂ ਯਾਤਰੀ ਜੈੱਨ-ਜ਼ੀ ਤੇ ਮਿਲੇਨੀਅਲ ਹਨ। ਕਰੀਬ ਦੋ ਤਿਹਾਈ ਯਾਤਾਰਾਵਾਂ ਦਿੱਲੀ, ਬੈਂਗਲੁਰੂ ਤੇ ਮੁੰਬਈ ਤੋਂ ਸ਼ੁਰੂ ਹੋਈਆਂ, ਜੋ ਇਹ ਦਿਖਾਉਂਦਾ ਹੈ ਕਿ ਵਿਦੇਸ਼ ਯਾਤਰਾ ’ਚ ਭਾਰਤ ਦੇ ਵੱਡੇ ਮਹਾਨਗਰਾਂ ਦੀ ਅਹਿਮ ਭੂਮਿਕਾ ਹੈ।
ਵਿਦੇਸ਼ ਘੁੰਮਣ ਦੇ ਮਾਮਲੇ ’ਚ ਇਕੱਲੇ ਯਾਤਰਾ ਕਰਨ ਵਾਲੇ ਸਭ ਤੋਂ ਜ਼ਿਆਦਾ ਰਹੇ। ਕਰੀਬ 63.8 ਫ਼ੀਸਦੀ ਲੋਕਾਂ ਨੇ ਇਕੱਲਿਆਂ ਯਾਤਰਾ ਕੀਤੀ, ਜਦਕਿ ਪਤੀ-ਪਤਨੀ ਵਜੋਂ 19.93 ਫ਼ੀਸਦੀ ਜੋੜਿਆਂ ਨੇ ਵਿਦੇਸ਼ ’ਚ ਛੁੱਟੀਆਂ ਬਿਤਾਈਆਂ। 12.26 ਫ਼ੀਸਦੀ ਪਰਿਵਾਰਾਂ ਨੇ ਵਿਦੇਸ਼ ਯਾਤਰਾ ਕੀਤੀ, ਉਥੇ ਗਰੁੱਪ ’ਚ ਸਭ ਤੋਂ ਘੱਟ 4.01 ਫ਼ੀਸਦੀ ਲੋਕ ਘੁੰਮਣ ਨਿਕਲੇ। ਇਸ ਤੋਂ ਪਤਾ ਲੱਗਦਾ ਹੈ ਕਿ ਸੋਲੋ ਟ੍ਰੈਵਲ ਦਾ ਰੁਝਾਨ ਤੇਜ਼ੀ ਤੋਂ ਵਧ ਰਿਹਾ ਹੈ।
ਨੌਜਵਾਨਾਂ ਨੇ ਵਿਦੇਸ਼ ਘੁੰਮਣ ਦਾ ਤਜਰਬਾ ਲੈਣ ਲਈ ਸਮਾਰਟ ਤਰੀਕੇ ਨਾਲ ਯੋਜਨਾਵਾਂ ਬਣਾਈਆਂ। ਇਨ੍ਹਾਂ ਵਿਚੋਂ ਥੋੜ੍ਹੇ-ਥੋੜ੍ਹੇ ਦਿਨਾਂ ਦੀਆਂ ਯਾਤਰਾਵਾਂ ਸਭ ਤੋਂ ਜ਼ਿਆਦਾ ਦੇਖੀਆਂ ਗਈਆਂ। ਘੁੰਮਣ ਦੇ ਮਾਮਲੇ ’ਚ ਸਭ ਤੋਂ ਜ਼ਿਆਦਾ ਥਾਈਲੈਂਡ ਨੂੰ ਪਸੰਦ ਕੀਤਾ ਗਿਆ, ਉਥੇ ਯੂਏਈ ਤੇ ਜਾਰਜੀਆ ਵੀ ਸਸਤੇ ਹੋਣ ਦੀ ਵਜ੍ਹਾ ਨਾਲ ਲੋਕਾਂ ਦੀ ਖਾਸ ਪਸੰਦ ਬਣੇ। ਸਭ ਤੋਂ ਘੱਟ ਗਿਣਤੀ ’ਚ ਲੋਕ ਬਰਤਾਨੀਆ ਤੇ ਸਿੰਘਾਪੁਰ ਘੁੰਮਣ ਗਏ।
ਰਿਪੋਰਟ ’ਚ ਅੱਗੇ ਦੱਸਿਆ ਗਿਆ ਕਿ ਉਡਾਣਾਂ ਦੀ ਗਿਣਤੀ ’ਚ ਵਾਧੇ ਮਾਮਲੇ ’ਚ ਉੱਭਰਦੇ ਦੇਸ਼ ਥਾਈਲੈਂਡ, ਯੂਏਈ, ਮਲੇਸ਼ੀਆ, ਉਜ਼ਬੇਕਿਸਤਾਨ ਤੇ ਕਜ਼ਾਖਿਸਤਾਨ ਰਹੇ। ਉਥੇ, ਵੀਜ਼ਾ ਬੁਕਿੰਗ ’ਚ ਦੁਬਈ, ਵੀਅਤਨਾਮ, ਸਿੰਘਾਪੁਰ, ਹਾਂਗਕਾਂਗ ਤੇ ਇੰਡੋਨੇਸ਼ੀਆ ਲਈ ਤੇਜ਼ ਵਾਧਾ ਦਰਜ ਕੀਤਾ ਗਿਆ।
ਰਿਪੋਰਟ ਮੁਤਾਬਕ, ਵਿਦੇਸ਼ ਯਾਤਰਾ ਦੌਰਾਨ ਯਾਤਰੀਆਂ ਦੇ ਖ਼ਰਚ ਕਰਨ ਦੇ ਤਰੀਕਿਆਂ ’ਚ ਵੀ ਬਦਲਾਅ ਆ ਰਿਹਾ ਹੈ। ਲੋਕਾਂ ਨੇ ਕੁਲ ਖ਼ਰਚੇ ਦਾ ਲਗਪਗ ਅੱਧਾ ਹਿੱਸਾ (47.28 ਫ਼ੀਸਦੀ) ਵਿਦੇਸ਼ ’ਚ ਸ਼ਾਪਿੰਗ ’ਤੇ ਖਰਚਿਆ। ਇਸ ਤੋਂ ਬਾਅਦ ਖਾਣ-ਪੀਣ, ਘੁੰਮਣ, ਠਹਿਰਣ ਤੇ ਰੋਮਾਂਚਿਕ ਸਰਗਰਮੀਆਂ ਦੇ ਤਜਰਬੇ ਲੈਣ ’ਤੇ ਖ਼ਰਚ ਕੀਤਾ ਗਿਆ।
ਕਿੱਥੇ ਸਭ ਤੋਂ ਜ਼ਿਆਦਾ ਘੁੰਮਣ ਗਏ ਨੌਜਵਾਨ
ਦੇਸ਼ ਯਾਤਰੀ
ਥਾਈਲੈਂਡ-23.08 ਫ਼ੀਸਦੀ
ਯੂਏਈ-21.57 ਫ਼ੀਸਦੀ
ਜਾਰਜੀਆ-9.65 ਫ਼ੀਸਦੀ
ਮਲੇਸ਼ੀਆ-8.89 ਫ਼ੀਸਦੀ
ਫਿਲਪੀਨ-8.8 ਫ਼ੀਸਦੀ
ਕਜ਼ਾਖਿਸਤਾਨ-7.38 ਫ਼ੀਸਦੀ
ਵੀਅਤਨਾਮ-5.87 ਫ਼ੀਸਦੀ
ਉਜ਼ਬੇਕਿਸਤਾਨ-5.6 ਫ਼ੀਸਦੀ
ਯੂਕੇ-5.38 ਫ਼ੀਸਦੀ
ਸਿੰਘਾਪੁਰ-3.78 ਫ਼ੀਸਦੀ
---
ਇਕੱਲੇ ਘੁੰਮਣ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ
ਸੋਲੋ ਟ੍ਰੈਵਲਰ-63.8 ਫ਼ੀਸਦੀ
ਜੋੜੇ-19.93 ਫ਼ੀਸਦੀ
ਪਰਿਵਾਰ-12.26 ਫ਼ੀਸਦੀ
ਗਰੁੱਪ-4.01 ਫ਼ੀਸਦੀ
---
ਵਿਦੇਸ਼ ਯਾਤਰਾ ’ਤੇ ਕਿੱਥੇ ਸਭ ਤੋਂ ਜ਼ਿਆਦਾ ਖ਼ਰਚਾ
ਖ਼ਰੀਦਦਾਰੀ-47.28 ਫ਼ੀਸਦੀ
ਖਾਣ-ਪੀਣ-20.69 ਫ਼ੀਸਦੀ
ਆਵਾਜਾਈ-19.93 ਫ਼ੀਸਦੀ
ਠਹਿਰਣ-9.09 ਫ਼ੀਸਦੀ
ਤਜਰਬਿਆਂ ’ਤੇ-3.01 ਫ਼ੀਸਦੀ
---