ਮੰਦਾਬੇਨ ਉਂਜ ਤਾਂ ਸੋਟੀ ਦੀ ਮਦਦ ਨਾਲ ਚਲਦੀ ਹੈ ਪਰ ਉਹ ਜੀਪ ਚਲਾਉਣਾ ਜਾਣਦੀ ਹੈ। ਕਈ ਵਾਰ ਪਿੰਡ ਤੱਕ ਗੱਡੀ ਚਲਾ ਕੇ ਜਾਂਦੀ ਹੈ। ਉਹ ਕਹਿੰਦੀ ਹੈ ਕਿ ਮਹਿਲਾਵਾਂ ਨੂੰ ਡਰਾਈਵਿੰਗ ਸਿੱਖਣੀ ਚਾਹੀਦੀ ਹੈ।

ਅਹਿਮਦਾਬਾਦ (ਪੀਟੀਆਈ) : ਅਹਿਮਦਾਬਾਦ ਦੀਆਂ ਦੋ ਭੈਣਾਂ ਅੱਜਕਲ੍ਹ ਖ਼ੂਬ ਸੁਰਖੀਆਂ ਖੱਟ ਰਹੀਆਂ ਹਨ। ਸੜਕਾਂ ’ਤੇ ਸਕੂਟਰ ਦੌੜਾਉਣ ਵਾਲੀਆਂ 87 ਸਾਲਾ ਮੰਦਾਕਿਨੀ ਸ਼ਾਹਤੇ ਉਨ੍ਹਾਂ ਦੀ 84 ਸਾਲਾ ਭੈਣ ਊਸ਼ਾਬੇਨ ਸਾਹਮਣੇ ਉਮਰ ਕੋਈ ਅੜਿੱਕਾ ਨਹੀਂ ਹੈ। ਉਨ੍ਹਾਂ ਨੂੰ ਇੰਟਰਨੈੱਟ ਮੀਡੀਆ ’ਤੇ ਬਾਈਕਰ ਦੀਦੀਆਂ ਦੇ ਨਾਂ ਨਾਲ ਖ਼ੂਬ ਮਸ਼ਹੂਰੀ ਮਿਲ ਰਹੀ ਹੈ। ਮੰਦਾਕਿਨੀ ਉਰਫ ਮੰਦਾਬੇਨ ਸਕੂਟਰ ਚਲਾਉਂਦੀ ਹੈ ਤੇ ਊਸ਼ਾਬੇਨ ਸਾਈਡਕਾਰ ’ਚ ਬੈਠਦੀ ਹੈ•।
ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋ ਰਹੀ ਉਨ੍ਹਾਂ ਦੀ ਵੀਡੀਓ ਨੂੰ ਦੇਖ ਕੇ ਲੋਕ ਇਨ੍ਹਾਂ ਦੀ ਬਰਾਬਰੀ ਬਾਲੀਵੁੱਡ ਦੀ ਮਸ਼ਹੂਰ ਫਿਲਮ ‘ਸ਼ੋਅਲੇ’ ਦੇ ਜੈ ਤੇ ਵੀਰੂ (ਅਮਿਤਾਭ ਬੱਚਨ ਤੇ ਧਰਮਿੰਦਰ) ਨਾਲ ਕਰ ਰਹੇ ਹਨ। ਸੂਚੀ ਸਾੜ੍ਹੀ ਪਹਿਨੇ ਇਨ੍ਹਾਂ ਭੈਣਾਂ ਦਾ ਭੀੜਭਾੜ ਵਾਲੀਆਂ ਸੜਕਾਂ ’ਤੇ ਹੋ ਕੇ ਲੰਘਣਾ ਮਹਿਲਾ ਮਜ਼ਬੂਤੀਕਰਨ ਦੀ ਇਕ ਪ੍ਰੇਰਣਾਦਾਇਕ ਤਸਵੀਰ ਹੈ। ਛੇ ਭੈਣ-ਭਰਾਵਾਂ ’ਚੋਂ ਸਭ ਤੋਂ ਵੱਡੀ ਤੇ ਆਜ਼ਾਦੀ ਸੰਗਰਾਮ ਸੈਨਾਨੀ ਦੇ ਧੀ ਮੰਦਾਬੇਨ ਨੇ ਦੱਸਿਆ ਕਿ ਉਨ੍ਹਾਂ ਨੂੰ ਮੋਟਰਸਾਈਕਲ ਤੇ ਸਕੂਟਰ ਚਲਾਉਣ ਦਾ ਸ਼ੌਕ ਸੀ ਪਰ ਜਵਾਨੀ ’ਚ ਪੈਸੇ ਦੀ ਕਮੀ ਕਾਰਨ ਉਹ ਇਸ ਨੂੰ ਖ਼ਰੀਦ ਨਹੀਂ ਸਕੀਆਂ। ਮੰਦਾਬੇਨ ਇਕ ਸਾਬਕਾ ਅਧਿਆਪਕਾ ਹਨ। ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ।
ਉਨ੍ਹਾਂ ਕਿਹਾ ਕਿ ਮੈਂ 62 ਸਾਲ ਦੀ ਉਮਰ ’ਚ ਸਕੂਟਰ ਚਲਾਉਣਾ ਸਿੱਖਿਆ ਤੇ ਅੱਜ ਵੀ ਬਿਨਾਂ ਕਿਸੇ ਪਰੇਸ਼ਾਨੀ ਦੇ ਚਲਾਉਂਦੀ ਹਾਂ। ਦ੍ਰਿੜ੍ਹ ਇੱਛਾਸ਼ਕਤੀ ਕਾਰਨ ਹੀ ਮੈਂ ਇਸ ਉਮਰ ’ਚ ਵੀ ਸ਼ਹਿਰ ’ਚ ਟ੍ਰੈਫਿਕ ਵਿਚਾਲੇ ਬਿਨਾਂ ਡਰੇ ਸਕੂਟਰ ਚਲਾ ਪਾਉਂਦੀ ਹਾਂ। ਉਨ੍ਹਾਂ ਕਿਹਾ ਕਿ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋਣ ਤੋਂ ਬਾਅਦ ਲੋਕਾਂ ਤੋਂ ਮਿਲ ਰਹੇ ਪਿਆਰ ਤੇ ਸ਼ਲਾਘਾ ਦੀ ਉਨ੍ਹਾਂ ਕਲਪਨਾ ਨਹੀਂ ਕੀਤੀ ਸੀ। ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਮਸ਼ਹੂਰ ਹੋ ਜਾਵਾਂਗੀ। ਅਜਨਬੀ ਲੋਕ ਮੇਰੇ ਨਾਲ ਸੰਪਰਕ ਕਰਦੇ ਹਨ। ਉਹ ਮੇਰੇ ਜਜ਼ਬੇ ਦੀ ਸ਼ਲਾਘਾ ਕਰਦੇ ਹਨ•। ਲੋਕ ਮੈਨੂੰ ਪ੍ਰੇਰਿਤ ਕਰਦੇ ਹਨ ਪਰ ਕੁਝ ਲੋਕ ਮੇਰੀ ਉਮਰ ਕਾਰਨ ਘਰ ਬੈਠਣ ਦੀ ਸਲਾਹ ਵੀ ਦਿੰਦੇ ਹਨ।
ਮੰਦਾਬੇਨ ਉਂਜ ਤਾਂ ਸੋਟੀ ਦੀ ਮਦਦ ਨਾਲ ਚਲਦੀ ਹੈ ਪਰ ਉਹ ਜੀਪ ਚਲਾਉਣਾ ਜਾਣਦੀ ਹੈ। ਕਈ ਵਾਰ ਪਿੰਡ ਤੱਕ ਗੱਡੀ ਚਲਾ ਕੇ ਜਾਂਦੀ ਹੈ। ਉਹ ਕਹਿੰਦੀ ਹੈ ਕਿ ਮਹਿਲਾਵਾਂ ਨੂੰ ਡਰਾਈਵਿੰਗ ਸਿੱਖਣੀ ਚਾਹੀਦੀ ਹੈ। ਉਨ੍ਹਾਂ ਨੂੰ ਕਿਸੇ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਆਪਣੀ ਭੈਣ ਨਾਲ ਸਾਈਡਕਾਰ ਦੀ ਸਵਾਰੀ ਦਾ ਆਨੰਦ ਲੈਣ ਵਾਲੀ ਊਸ਼ਾਬੇਨ ਕਹਿੰਦੀ ਹੈ ਕਿ ਜਦੋਂ ਲੋਕ ਉਨ੍ਹਾਂ ਨੂੰ ਦੇਖ ਕੇ ਜੈ-ਵੀਰੂ ਕਹਿ ਕੇ ਬੁਲਾਉਂਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਦੂਜੀਆਂ ਔਰਤਾਂ ਵੀ ਉਨ੍ਹਾਂ ਤੋਂ ਪ੍ਰੇ੍ਰਣਾ ਲੈਣਗੀਆਂ।