IIT ਮਦਰਾਸ ਦੇ ਖੋਜਕਰਤਾਵਾਂ ਨੇ ਪ੍ਰੀਖਿਆ ਦੇ ਤਣਾਅ ਨਾਲ ਜੂਝ ਰਹੇ ਵਿਦਿਆਰਥੀਆਂ ਦੀ ਪਛਾਣ ਕਰਨ ਲਈ ਸਰੀਰਕ ਸੂਚਕਾਂ ਦੀ ਖੋਜ ਕੀਤੀ ਹੈ। ਜਰਨਲ ਬਿਹੇਵੀਅਰਲ ਬ੍ਰੇਨ ਰਿਸਰਚ ਵਿੱਚ ਪ੍ਰਕਾਸ਼ਿਤ, ਇਸ ਖੋਜ ਨੇ ਫਰੰਟਲ ਅਲਫ਼ਾ ਅਸਮਿਤੀ ਅਤੇ ਦਿਲ ਦੀ ਗਤੀ ਪਰਿਵਰਤਨਸ਼ੀਲਤਾ ਵਰਗੇ ਸੂਚਕਾਂ ਨੂੰ ਮਹੱਤਵਪੂਰਨ ਵਜੋਂ ਪਛਾਣਿਆ। ਇਹਨਾਂ ਸੂਚਕਾਂ ਦੀ ਵਰਤੋਂ AI-ਅਧਾਰਿਤ ਸਾਧਨਾਂ ਨੂੰ ਵਿਕਸਤ ਕਰਨ ਲਈ ਕੀਤੀ ਜਾ ਸਕਦੀ ਹੈ ਜੋ ਤਣਾਅ ਵਾਲੇ ਵਿਦਿਆਰਥੀਆਂ ਦੀ ਪਛਾਣ ਕਰਨ ਅਤੇ ਵਿਅਕਤੀਗਤ ਤਣਾਅ ਪ੍ਰਬੰਧਨ ਪ੍ਰੋਗਰਾਮ ਬਣਾਉਣ ਵਿੱਚ ਮਦਦ ਕਰ ਸਕਦੇ ਹਨ।

ਨਵੀਂ ਦਿੱਲੀ (ਪੀਟੀਆਈ) : ਵੱਡੀ ਗਿਣਤੀ ਵਿਚ ਵਿਦਿਆਰਥੀ ਪ੍ਰੀਖਿਆ ਦੇ ਡਰ ਨਾਲ ਘਿਰੇ ਰਹਿੰਦੇ ਹਨ ਅਤੇ ਅਕਸਰ ਦੇਖਿਆ ਜਾਂਦਾ ਹੈ ਕਿ ਉਹ ਚਿੰਤਾ ਜਾਂ ਤਣਾਅ ’ਚ ਵੀ ਆ ਜਾਂਦੇ ਹਨ। ਇਸ ਨਾਲ ਨਾ ਸਿਰਫ਼ ਉਨ੍ਹਾਂ ਦਾ ਵਿੱਦਿਅਕ ਪ੍ਰਦਰਸ਼ਨ ਘਟਦਾ ਹੈ ਸਗੋਂ ਉਨ੍ਹਾਂ ਦੀ ਮਾਨਸਿਕ ਸਿਹਤ ’ਤੇ ਵੀ ਇਸ ਦਾ ਅਸਰ ਪੈਂਦਾ ਹੈ। ਅਜਿਹੇ ਵਿਦਿਆਰਥੀ ਆਪਣੀਆਂ ਮੁਸ਼ਕਲਾਂ ਬਿਆਨ ਨਹੀਂ ਕਰ ਪਾਉਂਦੇ ਜਿਸ ਨੂੰ ਉਨ੍ਹਾਂ ਦੇ ਸਰੀਰਕ ਹਾਵ-ਭਾਵ ਜਾਂ ਕੁਝ ਸੰਕੇਤਾਂ ਰਾਹੀਂ ਸਮਝਿਆ ਜਾ ਸਕਦਾ ਹੈ। ਆਈਆਈਟੀ ਮਦਰਾਸ ਦੇ ਖੋਜੀਆਂ ਨੇ ਅਜਿਹੇ ਸਰੀਰਕ ਸੰਕੇਤਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਤੋਂ ਇਹ ਪਤਾ ਲਗਾਇਆ ਜਾ ਸਕੇਗਾ ਕਿ ਕਿਨ੍ਹਾਂ ਵਿਦਿਆਰਥੀਆਂ ਵਿਚ ਪ੍ਰੀਖਿਆ ਦੌਰਾਨ ਚਿੰਤਾ ਵਧਣ ਦਾ ਖ਼ਤਰਾ ਜ਼ਿਆਦਾ ਹੈ। ਇਸ ਖੋਜ ਨੂੰ ਸਿੱਖਿਆ ਪ੍ਰਣਾਲੀ ਵਿਚ ਤਣਾਅ ਮੈਨੇਜਮੈਂਟ ਤੇ ਪ੍ਰਦਰਸ਼ਨ ਵਿਚ ਸੁਧਾਰ ਕਰਨ ਲਈ ਵੱਡੇ ਬਦਲਾਅ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਹ ਖੋਜ ‘ਬਿਹੈਵੀਅਰਲ ਬ੍ਰੇਨ ਰਿਸਰਚ’ ਜਰਨਲ ਵਿਚ ਪ੍ਰਕਾਸ਼ਿਤ ਹੋਈ ਹੈ।
ਖੋਜ ਵਿਚ ਇਹ ਸਮਝਣ ਦੀ ਕੋਸ਼ਿਸ਼ ਕੀਤੀ ਗਈ ਕਿ ਪ੍ਰੀਖਿਆ ਦੇ ਦਬਾਅ ਵਿਚ ਕੁਝ ਵਿਦਿਆਰਥੀ ਬਿਹਤਰ ਪ੍ਰਦਰਸ਼ਨ ਕਿਉਂ ਕਰ ਪਾਉਂਦੇ ਹਨ ਜਦਕਿ ਕਈ ਵਿਦਿਆਰਥੀ ਚਿੰਤਾ ਨਾਲ ਜੂਝਦੇ ਹੋਏ ਟਾਲਮਟੋਲ ਵਾਲਾ ਵਤੀਰਾ ਅਪਣਾਉਂਦੇ ਹਨ। ਐੱਨਸੀਈਆਰਟੀ ਮੁਤਾਬਕ ਭਾਰਤ ਵਿਚ ਲਗਪਗ 81 ਫ਼ੀਸਦੀ ਵਿਦਿਆਰਥੀ ਪ੍ਰੀਖਿਆ ਦੇ ਤਣਾਅ ਕਾਰਨ ਪ੍ਰਭਾਵਿਤ ਹੁੰਦੇ ਹਨ ਜਿਸ ਦਾ ਅਸਰ ਉਨ੍ਹਾਂ ਦੀ ਪੜ੍ਹਾਈ ਤੇ ਮਾਨਸਿਕ ਸਿਹਤ ’ਤੇ ਲੰਬੇ ਸਮੇਂ ਤੱਕ ਪੈਂਦਾ ਹੈ।
ਆਈਆਈਟੀ ਮਦਰਾਸ ਦੇ ਇੰਜੀਨੀਅਰਿੰਗ ਡਿਜ਼ਾਈਨ ਵਿਭਾਗ ਦੇ ਪ੍ਰੋਫੈਸਰ ਵੈਂਕਟੇਸ਼ ਬਾਲਾਸੁਬਰਾਮਣੀਅਮ ਨੇ ਦੱਸਿਆ ਕਿ ਟੀਮ ਨੇ ਵਿਦਿਆਰਥੀਆਂ ਵੱਲੋਂ ਦੱਸੀਆਂ ਭਾਵਨਾਵਾਂ ਦੀ ਬਜਾਏ ਮਾਪੇ ਜਾ ਸਕਣ ਵਾਲੇ ਸਰੀਰਕ ਸੰਕੇਤਾਂ ’ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤਣਾਅ ਦੌਰਾਨ ਦਿਮਾਗ਼ ਤੇ ਦਿਲ ਵਿਚਾਲੇ ਸੰਚਾਰ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ ਤਾਂ ਕੁਝ ਵਿਦਿਆਰਥੀਆਂ ਵਿਚ ਚਿੰਤਾ ਵਧ ਜਾਂਦੀ ਹੈ। ਇਸ ਤੋਂ ਸਪੱਸ਼ਟ ਜੈਵਿਕ ਅੰਤਰ ਸਾਹਮਣੇ ਆਉਂਦਾ ਹੈ ਕਿ ਕਿਹੜੇ ਵਿਦਿਆਰਥੀ ਤਣਾਅ ਵਿਚ ਅਨੁਕੂਲਤਾ ਹਾਸਲ ਕਰ ਪਾਉਂਦੇ ਹਨ ਅਤੇ ਕਿਹੜੇ ਨਹੀਂ।
ਵਿਗਿਆਨੀਆਂ ਨੇ ਖੋਜੇ ਦੋ ਪ੍ਰਮੁੱਖ ਸੰਕੇਤਕ
ਅਧਿਐਨ ਦੀਆਂ ਮੁੱਖ ਗੱਲਾਂ ਦੋ ਸਰੀਰਕ ਸੰਕੇਤਕਾਂ ਨੂੰ ਜੋੜਨ ਵਿਚ ਸ਼ਾਮਲ ਹਨ- ਫਰੰਟਲ ਅਲਫਾ ਐਸੀਮੈਟਰੀ (ਐੱਫਏਏ) ਜਿਹੜਾ ਭਾਵਨਾਤਮਕ ਨਿਯਮਨ ਦਾ ਦਿਮਾਗ਼ ਆਧਾਰਤ ਸੰਕੇਤਕ ਹੈ ਅਤੇ ਦੂਜਾ ਹਾਰਟ ਰੇਟ ਵੈਰੀਏਬੀਲਿਟੀ (ਐੱਚਆਰਵੀ) ਜਿਹੜਾ ਦਿਲ ਦੇ ਅਨੁਕੂਲਨ ਕੰਟਰੋਲ ਨੂੰ ਮਾਪਦਾ ਹੈ। ਇਹ ਸੰਕੇਤਕ ਮਿਲ ਕੇ ਚਿੰਤਾਗ੍ਰਸਤ ਵਿਦਿਆਰਥੀਆਂ ਦੀ ਪਛਾਣ ਕਰਨ ਵਿਚ ਮਦਦ ਕਰਦੇ ਹਨ। ਟੀਮ ਨੇ ਦੇਖਿਆ ਕਿ ਜਿਨ੍ਹਾਂ ਵਿਦਿਆਰਥੀਆਂ ਵਿਚ ਐੱਫਏਏ ਪੈਟਰਨ ਨਕਾਰਾਤਮਕ ਹੁੰਦਾ ਹੈ, ਉਨ੍ਹਾਂ ਵਿਚ ਤਣਾਅ ਦੌਰਾਨ ਦਿਲ ਦੀ ਸੰਤੁਲਨ ਪ੍ਰਣਾਲੀ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਅੰਦਰੂਨੀ ਚਿੰਤਾ ਦਿਲ ਦੀ ਪ੍ਰਤੀਕਿਰਿਆ ਨੂੰ ਵੀ ਪ੍ਰਭਾਵਿਤ ਕਰਦੀ ਹੈ ਜਿਸ ਨਾਲ ਉਹ ਪ੍ਰੀਖਿਆ ਵਰਗੀਆਂ ਸਥਿਤੀਆਂ ਵਿਚ ਵੱਧ ਤਣਾਅ ਮਹਿਸੂਸ ਕਰਦੇ ਹਨ।
ਏਆਈ ਆਧਾਰਤ ਨਿਗਰਾਨੀ ਨਾਲ ਬਣਨਗੀਆਂ ਨਵੀਆਂ ਸੰਭਾਵਨਾਵਾਂ
ਖੋਜਕਰਤਾ ਸਵਾਤੀ ਪਰਮੇਸ਼ਵਰਨ ਨੇ ਦੱਸਿਆ ਕਿ ਇਨ੍ਹਾਂ ਮਾਰਕਰਸ ਦੀ ਮਦਦ ਨਾਲ ਭਵਿੱਖ ਵਿਚ ਅਜਿਹੇ ਏਆਈ ਆਧਾਰਤ ਟੂਲ ਵਿਕਸਿਤ ਕੀਤੇ ਜਾ ਸਕਦੇ ਹਨ ਜਿਹੜੇ ਵਾਸਤਵਿਕ ਸਮੇਂ ਵਿਚ ਇਹ ਪਛਾਣ ਸਕਣ ਕਿ ਕਿਹੜਾ ਵਿਦਿਆਰਥੀ ਪ੍ਰੀਖਿਆ ਦੇ ਤਣਾਅ ਦੇ ਖ਼ਤਰੇ ਵਿਚ ਹੈ। ਉਨ੍ਹਾਂ ਕਿਹਾ ਕਿ ਇਹ ਖੋਜ ਨਿੱਜੀ ਪੱਧਰ ’ਤੇ ਤਣਾਅ ਮੈਨੇਜਮੈਂਟ ਪ੍ਰੋਗਰਾਮ ਤਿਆਰ ਕਰਨ ਵਿਚ ਮਦਦ ਕਰੇਗੀ ਜਿਸ ਨੂੰ ਸਕੂਲਾਂ ਤੇ ਯੂਨੀਵਰਸਿਟੀਆਂ ਦੇ ਸਿਹਤ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।