ਸਕੈਮ ਸੈਂਟਰ 'ਚ ਫਸੇ 125 ਭਾਰਤੀ ਨਾਗਰਿਕਾਂ ਦੀ ਥਾਈਲੈਂਡ ਤੋਂ ਕਰਵਾਈ ਵਤਨ ਵਾਪਸੀ
ਭਾਰਤੀ ਪਾਸਪੋਰਟ ਧਾਰਕਾਂ ਲਈ ਥਾਈਲੈਂਡ ਵਿਚ ਵੀਜ਼ਾ-ਮੁਕਤ ਪ੍ਰਵੇਸ਼ ਸਿਰਫ਼ ਸੈਰ-ਸਪਾਟਾ ਤੇ ਨਿੱਕੇ ਵਪਾਰ ਦੇ ਉਦੇਸ਼ਾਂ ਲਈ ਹਨ ਤੇ ਥਾਈਲੈਂਡ ਵਿਚ ਰੁਜ਼ਗਾਰ ਹਾਸਿਲ ਕਰਨ ਲਈ ਇਸ ਦੀ ਦੁਰਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 11 ਔਰਤਾਂ ਸਮੇਤ 269 ਭਾਰਤੀ ਨਾਗਰਿਕਾਂ ਨੂੰ ਹਵਾਈ ਫ਼ੌਜ ਵੱਲੋਂ ਦੋ ਖ਼ਾਸ ਉਡਾਣਾਂ ਜ਼ਰੀਏ ਵਤਨ ਵਾਪਸ ਲਿਆਂਦਾ ਗਿਆ।
Publish Date: Thu, 20 Nov 2025 10:19 AM (IST)
Updated Date: Thu, 20 Nov 2025 10:23 AM (IST)
ਬੈਂਕਾਕ (ਆਈਏਐੱਨਐੱਸ) : ਭਾਰਤੀ ਹਵਾਈ ਫ਼ੌਜ ਦੇ ਖ਼ਾਸ ਜਹਾਜ਼ ਰਾਹੀਂ ਬੁੱਧਵਾਰ ਨੂੰ 125 ਭਾਰਤੀ ਨਾਗਰਿਕਾਂ ਨੂੰ ਥਾਈਲੈਂਡ ਦੇ ਮਾਈ ਸੋਤ ਤੋਂ ਭਾਰਤ ਲਿਆਂਦਾ ਗਿਆ। ਇਸ ਦੇ ਨਾਲ ਹੀ ਮਿਆਂਮਾਰ ਦੇ ਮਾਈਵਾਡੀ ਸਥਿਤ ਆਨਲਾਈਨ ਸਕੈਮ ਸੈਂਟਰ ਤੋਂ ਰਿਹਾਅ ਹੋਏ ਤੇ ਮਾਰਚ ਤੋਂ ਥਾਈਲੈਂਡ ਦੇ ਰਸਤੇ ਭਾਰਤ ਲਿਆਂਦੇ ਗਏ ਨਾਗਰਿਕਾਂ ਦੀ ਗਿਣਤੀ 1500 ਹੋ ਗਈ।
ਸਕੈਮ ਸੈਂਟਰ ਵਿਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਦੇ ਯਤਨਾਂ ਤਹਿਤ ਬੈਂਕਾਕ ਸਥਿਤ ਭਾਰਤੀ ਦੂਤਘਰ ਤੇ ਥਾਈਲੈਂਡ ਦੇ ਚਿਯਾਂਗਮਾਈ ਸੂਬੇ ਸਥਿਤ ਭਾਰਤੀ ਵਣਜ ਦੂਤਘਰ ਨੇ ਥਾਈ ਸਰਕਾਰ ਤੇ ਟਾਕ ਸੂਬੇ ਦੀਆਂ ਵੱਖ-ਵੱਖ ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ ਹੈ। ਬੈਂਕਾਕ ਸਥਿਤ ਭਾਰਤੀ ਦੂਤਘਰ ਨੇ ਐਕਸ ’ਤੇ ਲਿਖਿਆ ਹੈ ਕਿ ਭਾਰਤੀ ਨਾਗਰਿਕਾਂ ਨੂੰ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਉਹ ਵਿਦੇਸ਼ ਵਿਚ ਨੌਕਰੀ ਦੀ ਪੇਸ਼ਕਸ਼ ਸਵੀਕਾਰ ਕਰਨ ਤੋਂ ਪਹਿਲਾਂ ਵਿਦੇਸ਼ੀ ਨਿਯੁਕਤੀਕਾਰ ਦੀ ਸਾਖ਼ ਬਾਰੇ ਪੁਸ਼ਟੀ ਕਰ ਲੈਣ। ਨਾਲ ਹੀ ਭਰਤੀ ਏਜੰਟਾਂ ਤੇ ਕੰਪਨੀਆਂ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕਰਨ।