Jaishankar ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਅਤੇ ਪੋਲੈਂਡ, ਜਿਨ੍ਹਾਂ ਦੇ ਸਬੰਧ ਅਗਸਤ 2024 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਸਾ ਯਾਤਰਾ ਦੌਰਾਨ ਰਣਨੀਤਕ ਭਾਈਵਾਲੀ ਦੇ ਪੱਧਰ ਤਕ ਪਹੁੰਚੇ ਸਨ, ਉਹ ਕਾਰਜ ਯੋਜਨਾ 2024-28 ਦੀ ਸਮੀਖਿਆ ਕਰਨਗੇ।

ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤ ਅਤੇ ਪੋਲੈਂਡ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਲੈ ਕੇ ਨਵੀਂ ਦਿੱਲੀ 'ਚ ਹੋਈ ਉੱਚ ਪੱਧਰੀ ਬੈਠਕ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਖ਼ਤ ਰੁਖ਼ ਅਪਣਾਇਆ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਰਾਦੋਸਲਾਵ ਸਿਕੋਰਸਕੀ ਦੇ ਸਾਹਮਣੇ ਰੂਸ-ਯੂਕਰੇਨ ਯੁੱਧ ਦੇ ਨਾਂ 'ਤੇ ਭਾਰਤ ਨੂੰ 'ਚੋਣਵੇਂ ਅਤੇ ਅਣਉਚਿਤ ਤਰੀਕੇ' ਨਾਲ ਨਿਸ਼ਾਨਾ ਬਣਾਏ ਜਾਣ 'ਤੇ ਇਤਰਾਜ਼ ਪ੍ਰਗਟਾਇਆ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਸਖ਼ਤ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਪੋਲੈਂਡ ਨੂੰ ਅੱਤਵਾਦ ਪ੍ਰਤੀ 'ਜ਼ੀਰੋ ਟਾਲਰੈਂਸ' (ਸਿਫ਼ਰ ਸਹਿਣਸ਼ੀਲਤਾ) ਅਪਣਾਉਣੀ ਚਾਹੀਦੀ ਹੈ ਅਤੇ ਸਰਹੱਦ ਪਾਰ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਦੇਸ਼ਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਮਰਥਨ ਨਹੀਂ ਦੇਣਾ ਚਾਹੀਦਾ।
ਜੈਸ਼ੰਕਰ ਨੇ ਨਵੀਂ ਦਿੱਲੀ 'ਚ ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਰਾਦੋਸਲਾਵ ਸਿਕੋਰਸਕੀ ਨਾਲ ਆਪਣੀ ਮੁਲਾਕਾਤ ਦੌਰਾਨ ਭਾਰਤ ਦੀਆਂ ਚਿੰਤਾਵਾਂ ਨੂੰ ਉਠਾਇਆ। ਇਸ ਦੌਰਾਨ ਦੋਵਾਂ ਦੇਸ਼ਾਂ ਨੇ ਭਾਰਤ-ਪੋਲੈਂਡ ਰਣਨੀਤਕ ਭਾਈਵਾਲੀ ਦੇ ਵਿਸਤਾਰ ਦੀ ਸਮੀਖਿਆ ਕੀਤੀ ਅਤੇ ਪ੍ਰਮੁੱਖ ਖੇਤਰੀ ਤੇ ਵਿਸ਼ਵਵਿਆਪੀ ਘਟਨਾਵਾਂ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਪੋਲਿਸ਼ ਵਫ਼ਦ ਦਾ ਸਵਾਗਤ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਇਹ ਬੈਠਕ ਵਿਸ਼ਵਵਿਆਪੀ ਮਾਮਲਿਆਂ ਵਿੱਚ 'ਕਾਫ਼ੀ ਉਥਲ-ਪੁਥਲ' ਦੇ ਦੌਰ 'ਚ ਹੋ ਰਹੀ ਹੈ, ਜਿਸ ਕਾਰਨ ਵੱਖ-ਵੱਖ ਖੇਤਰਾਂ ਦੇ ਦੇਸ਼ਾਂ ਲਈ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।
ਜੈਸ਼ੰਕਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਅਤੇ ਪੋਲੈਂਡ, ਜਿਨ੍ਹਾਂ ਦੇ ਸਬੰਧ ਅਗਸਤ 2024 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਸਾ ਯਾਤਰਾ ਦੌਰਾਨ ਰਣਨੀਤਕ ਭਾਈਵਾਲੀ ਦੇ ਪੱਧਰ ਤਕ ਪਹੁੰਚੇ ਸਨ, ਉਹ ਕਾਰਜ ਯੋਜਨਾ 2024-28 ਦੀ ਸਮੀਖਿਆ ਕਰਨਗੇ। ਦੋਵੇਂ ਦੇਸ਼ ਵਪਾਰ, ਨਿਵੇਸ਼, ਰੱਖਿਆ, ਸੁਰੱਖਿਆ, ਸਵੱਛ ਤਕਨਾਲੋਜੀ ਅਤੇ ਡਿਜੀਟਲ ਨਵੀਨਤਾ ਦੇ ਖੇਤਰ ਵਿੱਚ ਡੂੰਘੇ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨਗੇ।
ਪਰ ਇਹ ਗੱਲਬਾਤ ਜਲਦੀ ਹੀ ਭੂ-ਰਾਜਨੀਤੀ, ਵਿਸ਼ੇਸ਼ ਤੌਰ 'ਤੇ ਯੂਕਰੇਨ ਸੰਘਰਸ਼ ਅਤੇ ਉਸ ਦੇ ਵਿਆਪਕ ਪ੍ਰਭਾਵਾਂ ਵੱਲ ਮੁੜ ਗਈ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨਿਊਯਾਰਕ ਤੇ ਪੈਰਿਸ ਸਮੇਤ ਕਈ ਮੌਕਿਆਂ 'ਤੇ ਮੰਤਰੀ ਸਿਕੋਰਸਕੀ ਨਾਲ ਭਾਰਤ ਦੇ ਵਿਚਾਰਾਂ ਨੂੰ ਸਪਸ਼ਟ ਰੂਪ ਵਿੱਚ ਸਾਂਝਾ ਕੀਤਾ ਸੀ ਅਤੇ ਨਵੀਂ ਦਿੱਲੀ ਵਿੱਚ ਵੀ ਉਨ੍ਹਾਂ ਨੂੰ ਦੁਹਰਾਇਆ।
ਜੈਸ਼ੰਕਰ ਨੇ ਅੱਗੇ ਕਿਹਾ ਕਿ ਅਜਿਹਾ ਕਰਦਿਆਂ ਮੈਂ ਵਾਰ-ਵਾਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਭਾਰਤ ਨੂੰ ਚੋਣਵੇਂ ਰੂਪ 'ਚ ਨਿਸ਼ਾਨਾ ਬਣਾਉਣਾ ਅਣਉੱਚਿਤ ਤੇ ਬੇਇਨਸਾਫ਼ੀ ਹੈ। ਮੈਂ ਅੱਜ ਫਿਰ ਇਹੀ ਗੱਲ ਦੁਹਰਾਉਂਦਾ ਹਾਂ। ਭਾਰਤ ਨੇ ਇਹ ਵਾਰ-ਵਾਰ ਸਪਸ਼ਟ ਕੀਤਾ ਹੈ ਕਿ ਉਹ ਸੰਘਰਸ਼ ਨੂੰ ਖ਼ਤਮ ਕਰਨ ਲਈ ਸੰਵਾਦ ਅਤੇ ਕੂਟਨੀਤੀ ਚਾਹੁੰਦਾ ਹੈ ਅਤੇ ਚੋਣਵੇਂ ਟੀਚਿਆਂ ਨੂੰ ਨਿਸ਼ਾਨਾ ਬਣਾ ਕੇ ਕਿਸੇ ਵਿਸ਼ੇਸ਼ ਗੁੱਟ ਦੇ ਪੱਖ ਵਿੱਚ ਜਾਣ ਤੋਂ ਖ਼ੁਦ ਨੂੰ ਰੋਕਦਾ ਹੈ।
ਪੋਲੈਂਡ ਦੇ ਮੰਤਰੀ ਸਿਕੋਰਸਕੀ ਨੇ ਵੀ ਮੋਟੇ ਤੌਰ 'ਤੇ ਭਾਰਤ ਦੀਆਂ ਚਿੰਤਾਵਾਂ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਪੋਲੈਂਡ ਵੀ ਚੋਣਵੇਂ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਅਣਉਚਿਤਤਾ ਨਾਲ ਸਹਿਮਤ ਹੈ ਤੇ ਚਿਤਾਵਨੀ ਦਿੱਤੀ ਕਿ ਅਜਿਹੀਆਂ ਪ੍ਰਥਾਵਾਂ ਨਾਲ ਵਿਸ਼ਵਵਿਆਪੀ ਵਪਾਰ 'ਚ ਵਿਆਪਕ ਉਥਲ-ਪੁਥਲ ਮਚ ਸਕਦੀ ਹੈ। ਆਪਣੇ ਦੇਸ਼ ਵਿੱਚ ਹਾਲ ਹੀ 'ਚ ਹੋਈਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੋਲੈਂਡ ਅੱਗਜ਼ਨੀ ਤੇ ਸਰਕਾਰੀ ਅੱਤਵਾਦ ਦੀਆਂ ਕੋਸ਼ਿਸ਼ਾਂ ਦਾ ਸ਼ਿਕਾਰ ਰਿਹਾ ਹੈ, ਜਿਸ ਵਿੱਚ ਰੇਲਵੇ ਲਾਈਨ 'ਤੇ ਹਮਲਾ ਵੀ ਸ਼ਾਮਲ ਹੈ। ਪੋਲੈਂਡ ਦੇ ਮੰਤਰੀ ਨੇ ਅੱਤਵਾਦ ਦਾ ਮੁਕਾਬਲਾ ਕਰਨ ਦੀ ਲੋੜ 'ਤੇ ਸਹਿਮਤੀ ਪ੍ਰਗਟਾਈ।