ਆਈਐੱਸਆਈ ਨੇ ਭਾਰਤੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਨੂੰ ਭੜਕਾਉਣ ਲਈ ਵੱਖ-ਵੱਖ ਦੇਸ਼ਾਂ ਵਿਚ ਕਈ ਕੱਟੜ ਮੌਲਵੀਆਂ ਨਾਲ ਵੀ ਸੰਪਰਕ ਕੀਤਾ ਹੈ। ਆਈਐੱਸਆਈ ਚਾਹੁੰਦੀ ਹੈ ਕਿ ਜਿਵੇਂ ਹੀ ਉਹ ਭਾਰਤ ਵਾਪਸ ਆਉਣ, ਉਹ ਹਮਲਾ ਕਰਨ ਲਈ ਤਿਆਰ ਰਹਿਣ।

ਨਵੀਂ ਦਿੱਲੀ (ਏਜੰਸੀ) : ਫ਼ਰੀਦਾਬਾਦ ਵਿਚ ਸਫੈਦਪੋਸ਼ ਮਾਡਿਊਲ ਦੇ ਫੜੇ ਜਾਣ ਤੋਂ ਬਾਅਦ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਇਸ ਦੀਆਂ ਸਰਗਰਮੀਆਂ ’ਤੇ ਹੁਣ ਭਾਰਤੀ ਖੁਫ਼ੀਆ ਏਜੰਸੀਆਂ ਦੀ ਬਾਜ਼ ਅੱਖ ਰਹੇਗੀ। ਇਸ ਲਈ ਇਸ ਤੋਂ ਬਚਣ ਲਈ ਇਸ ਨੇ ਹੁਣ ਵਿਦੇਸ਼ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਆਈਐੱਸਆਈ ਚਾਹੁੰਦੀ ਹੈ ਕਿ ਇਹ ਵਿਦਿਆਰਥੀ ਆਪਣੇ ਦੇਸ਼ ਵਾਪਸ ਆਉਣ ’ਤੇ ਅਜਿਹੇ ਹੀ ਮਾਡਿਊਲ ਬਣਾਉਣ ਅਤੇ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਤਿਆਰ ਰਹਿਣ।
ਵਿਦਿਆਰਥੀਆਂ ਨੂੰ ਕੱਟੜਪੰਥੀ ਬਣਾਉਣ ਲਈ ਤਿਆਰ ਕੀਤਾ ਪੂਰਾ ਈਕੋ ਸਿਸਟਮ
ਖੁਫ਼ੀਆ ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਭਰ ਵਿਚ ਕੱਟੜਪੰਥੀ ਨੂੰ ਉਤਸ਼ਾਹਤ ਕਰਨ ਲਈ ਡੂੰਘੀ ਸਾਜ਼ਿਸ਼ ਚੱਲ ਰਹੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸਭ ਤੋਂ ਵੱਧ ਨਿਗਰਾਨੀ ਬੰਗਲਾਦੇਸ਼ ’ਤੇ ਹੈ, ਕਿਉਂਕਿ ਆਈਐੱਸਆਈ ਨੇ ਜਮਾਤ-ਏ-ਇਸਲਾਮੀ ਨਾਲ ਮਿਲ ਕੇ ਭਾਰਤੀ ਵਿਦਿਆਰਥੀਆਂ, ਖ਼ਾਸ ਕਰ ਕੇ ਮੈਡੀਕਲ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਕੱਟੜਪੰਥੀ ਬਣਾਉਣ ਲਈ ਇਕ ਪੂਰਾ ਈਕੋ ਸਿਸਟਮ ਤਿਆਰ ਕੀਤਾ ਹੈ। ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਵੱਡੀ ਗਿਣਤੀ ਵਿਚ ਲੋਕਾਂ ਨੂੰ ਕੱਟੜਪੰਥੀ ਬਣਾਉਣ ਅਤੇ ਫ਼ਰੀਦਾਬਾਦ ਵਿਚ ਫੜੇ ਗਏ ਮਾਡਿਊਲ ਵਾਂਗ ਸਫੈਦਪੋਸ਼ ਮਾਡਿਊਲ ਬਣਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।
ਮੈਡੀਸਨ-ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਹੀ ਨਿਸ਼ਾਨੇ ’ਤੇ
ਇਕ ਅਧਿਕਾਰੀ ਨੇ ਕਿਹਾ ਕਿ ਆਈਐੱਸਆਈ ਦੇ ਏਜੰਟ ਵਿਦੇਸ਼ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਕੱਟੜਪੰਥੀ ਬਣਾਉਣ ਦੇ ਮਕਸਦ ਨਾਲ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤ ਵਾਪਸ ਆ ਜਾਣਗੇ। ਪਰ ਇਨ੍ਹਾਂ ਵਿਚੋਂ ਕੱਟੜਪੰਥ ਦਾ ਪਾਠ ਪੜ੍ਹ ਚੁੱਕੇ ਵਿਦਿਆਰਥੀ ਸਿਸਟਮ ਲਈ ਵੱਡਾ ਖ਼ਤਰਾ ਬਣ ਸਕਦੇ ਹਨ। ਅਧਿਕਾਰੀ ਨੇ ਕਿਹਾ ਕਿ ਆਈਐੱਸਆਈ ਖ਼ਾਸ ਤੌਰ ’ਤੇ ਉਨ੍ਹਾਂ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਮੈਡੀਸਨ ਜਾਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ।
ਅਮਰੀਕਾ, ਬ੍ਰਿਟੇਨ, ਜਰਮਨੀ, ਆਸਟ੍ਰੇਲੀਆ ਵਰਗੇ ਦੇਸ਼ਾਂ ਲਈ ਬਣਾਈ ਗਈ ਟੀਮ
ਹੁਣ ਇਹ ਇਕ ਨਵਾਂ ਨਾਰਮ ਬਣ ਗਿਆ ਹੈ ਜਿੱਥੇ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਸਰਗਨਾ ਮੈਡੀਕਲ ਤੇ ਇੰਜੀਨੀਅਰਿੰਗ ਕਾਲਜਾਂ ਤੋਂ ਵਿਦਿਆਰਥੀਆਂ ਨੂੰ ਚੁਣ ਰਹੇ ਹਨ। ਸਫੈਦਪੋਸ਼ ਅੱਤਵਾਦੀ ਜ਼ਿਆਦਾ ਖ਼ਤਰਨਾਕ ਹੁੰਦੇ ਹਨ ਅਤੇ ਉਨ੍ਹਾਂ ਦਾ ਪੇਸ਼ਾ ਉਨ੍ਹਾਂ ਨੂੰ ਕਵਰ ਦਿੰਦਾ ਹੈ ਜਿਸ ਕਾਰਨ ਉਹ ਅਕਸਰ ਫੜੇ ਨਹੀਂ ਜਾਂਦੇ। ਇਸ ਤੋਂ ਇਲਾਵਾ ਉਹ ਵੈੱਬ (ਇੰਟਰਨੈੱਟ) ਨੂੰ ਸੰਭਾਲਣ ਵਿਚ ਜ਼ਿਆਦਾ ਮਾਹਰ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਗੁਪਤ ਤਰੀਕੇ ਨਾਲ ਗੱਲਬਾਤ ਕਰਨ ਅਤੇ ਸਾਜ਼ਿਸ਼ ਰਚਣ ਵਿਚ ਮਦਦ ਮਿਲਦੀ ਹੈ। ਏਜੰਸੀਆਂ ਨੂੰ ਮਿਲੀ ਖੁਫ਼ੀਆ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਆਈਐੱਸਆਈ ਨੇ ਉਨ੍ਹਾਂ ਭਾਰਤੀ ਵਿਦਿਆਰਥੀਆਂ ਦੀ ਪਛਾਣ ਕਰਨ ਲਈ ਇਕ ਟੀਮ ਬਣਾਈ ਹੈ ਜਿਨ੍ਹਾਂ ਨੇ ਅਮਰੀਕਾ, ਬ੍ਰਿਟੇਨ, ਜਰਮਨੀ ਤੇ ਆਸਟ੍ਰੇਲੀਆ ਵਿਚ ਇੰਜੀਨੀਅਰਿੰਗ ਜਾਂ ਮੈਡੀਸਨ ਵਿਚ ਦਾਖ਼ਲਾ ਲਿਆ ਹੈ।
ਕਈ ਦੇਸ਼ਾਂ ’ਚ ਕੱਟੜ ਮੌਲਵੀਆਂ ਨਾਲ ਵੀ ਆਈਐੱਸਆਈ ਦਾ ਸੰਪਰਕ
ਆਈਐੱਸਆਈ ਨੇ ਭਾਰਤੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਨੂੰ ਭੜਕਾਉਣ ਲਈ ਵੱਖ-ਵੱਖ ਦੇਸ਼ਾਂ ਵਿਚ ਕਈ ਕੱਟੜ ਮੌਲਵੀਆਂ ਨਾਲ ਵੀ ਸੰਪਰਕ ਕੀਤਾ ਹੈ। ਆਈਐੱਸਆਈ ਚਾਹੁੰਦੀ ਹੈ ਕਿ ਜਿਵੇਂ ਹੀ ਉਹ ਭਾਰਤ ਵਾਪਸ ਆਉਣ, ਉਹ ਹਮਲਾ ਕਰਨ ਲਈ ਤਿਆਰ ਰਹਿਣ। ਭਾਰਤੀ ਖੁਫ਼ੀਆ ਅਧਿਕਾਰੀ ਲਗਪਗ 12,000 ਵਿਦਿਆਰਥੀਆਂ ਦੇ ਪਿਛਲੇ ਰਿਕਾਰਡ ਦੀ ਜਾਂਚ ਕਰ ਰਹੇ ਹਨ ਜੋ 2024 ਦੇ ਵਿਰੋਧ ਪ੍ਰਦਰਸ਼ਨਾਂ ਸਮੇਂ ਬੰਗਲਾਦੇਸ਼ ਵਿਚ ਮੈਡੀਸਨ ਦੀ ਪੜ੍ਹਾਈ ਕਰ ਰਹੇ ਸਨ। ਇਨ੍ਹਾਂ ਪ੍ਰਦਰਸ਼ਨਾਂ ਤੋਂ ਬਾਅਦ ਸ਼ੇਖ ਹਸੀਨਾ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਹਸੀਨਾ ਨੂੰ ਹਟਾਉਣ ਤੋਂ ਬਾਅਦ ਜਮਾਤ-ਏ-ਇਸਲਾਮੀ ਦੀ ਵਿਦਿਆਰਥੀ ਇਕਾਈ ਇਸਲਾਮਿਕ ਵਿਦਿਆਰਥੀ ਸ਼ਿਬਿਰ ਨੇ ਮੈਡੀਸਨ ਦੀ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਦੀ ਪਛਾਣ ਕਰਨ, ਉਨ੍ਹਾਂ ਨੂੰ ਕੱਟੜਪੰਥੀ ਬਣਾਉਣ ਅਤੇ ਭਰਤੀ ਕਰਨ ਲਈ ਵੱਡੀ ਮੁਹਿੰਮ ਚਲਾਈ ਸੀ।