ਖੁਫੀਆ ਏਜੰਸੀਆਂ ਦਿੱਲੀ ਧਮਾਕੇ ਦੇ ਮਾਮਲੇ ਵਿੱਚ ਜੈਸ਼-ਏ-ਮੁਹੰਮਦ (JeM) ਅਤੇ PFI ਵਿਚਕਾਰ ਸਬੰਧਾਂ ਦੀ ਜਾਂਚ ਕਰ ਰਹੀਆਂ ਹਨ। ਸਲੀਪਰ ਸੈੱਲ ਪੱਛਮੀ ਉੱਤਰ ਪ੍ਰਦੇਸ਼ ਤੋਂ ਰਾਸ਼ਟਰੀ ਰਾਜਧਾਨੀ ਖੇਤਰ (NCR) ਤੱਕ ਸਰਗਰਮ ਹੋਣ ਦਾ ਸ਼ੱਕ ਹੈ। ਏਜੰਸੀਆਂ ਇਨ੍ਹਾਂ ਸਲੀਪਰ ਸੈੱਲਾਂ ਦੀ ਭੂਮਿਕਾ ਅਤੇ PFI ਤੋਂ ਜੈਸ਼ ਨੂੰ ਮਿਲੀ ਸਹਾਇਤਾ ਦੀ ਜਾਂਚ ਕਰ ਰਹੀਆਂ ਹਨ। ਜਾਂਚ ਦਾ ਵਿਸਤਾਰ ਕੀਤਾ ਗਿਆ ਹੈ ਅਤੇ ਸਲੀਪਰ ਸੈੱਲਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਨਵੀਂ ਦਿੱਲੀ (ਆਈਏਐੱਨਐੱਸ) : ਦਿੱਲੀ ਦੇ ਲਾਲ ਕਿਲ੍ਹਾ ਕਾਰ ਬਲਾਸਟ ਮਾਮਲੇ ਦੀ ਜਾਂਚ ’ਚ ਖੁਫ਼ੀਆ ਏਜੰਸੀਆਂ ਦੇ ਹੱਥ ਨਵੇਂ ਸੁਰਾਗ ਲੱਗੇ ਹਨ। ਏਜੰਸੀਆਂ ਦਾ ਦਾਅਵਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਨੇ ਇਸ ਹਮਲੇ ’ਚ ਆਪਣੀ ਸਿੱਧੀ ਭੂਮਿਕਾ ਲੁਕਾਉਣ ਲਈ ਅੰਤਰਰਾਸ਼ਟਰੀ ਨੈੱਟਵਰਕ ਦੀ ਮਦਦ ਨਾਲ ਸਾਜ਼ਿਸ਼ ਰਚੀ। ਇਸ ਲਈ ਅਫ਼ਗਾਨਿਸਤਾਨ ਤੇ ਤੁਰਕੀਏ ਵਰਗੇ ਦੇਸ਼ਾਂ ਦਾ ਇਸਤੇਮਾਲ ਕੀਤਾ ਗਿਆ। ਘਟਨਾ ’ਚ 12 ਲੋਕ ਮਾਰੇ ਗਏ ਸਨ, ਜਦਕਿ ਦਰਜਨਾਂ ਜ਼ਖ਼ਮੀ ਹੋ ਗਏ ਸਨ।
ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀਆਂ ਦੇ ਮੁਤਾਬਕ ਆਈਐੱਸਆਈ ਨਹੀਂ ਚਾਹੁੰਦੀ ਸੀ ਕਿ ਹਮਲਾ ਕਿਸੇ ਵੀ ਤਰ੍ਹਾਂ ਨਾਲ ਪਾਕਿਸਤਾਨ ਨਾਲ ਜੁੜ ਕੇ ਸਾਹਮਣੇ ਆਏ। ਪਹਿਲਗਾਮ ਹਮਲੇ ਦੇ ਬਾਅਦ ਭਾਰਤ ਦੀ ਸਖ਼ਤ ਪ੍ਰਤੀਕ੍ਰਿਆ ਤੇ ਆਪ੍ਰੇਸ਼ਨ ਸਿੰਧੂਰ ਦੇ ਕਾਰਨ ਪਾਕਿਸਤਾਨ ਪਹਿਲਾਂ ਹੀ ਦਬਾਅ ’ਚ ਸੀ। ਉਹ ਨਹੀਂ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਦਾ ਸਬੂਤ ਸਾਹਮਣੇ ਆਏ ਤੇ ਆਪ੍ਰੇਸ਼ਨ ਸਿੰਧੂਰ 2.0 ਵਰਗਾ ਕੁਝ ਝੱਲਣਾ ਪਵੇ। ਭਾਰਤ ਨੇ ਚਿਤਾਵਨੀ ਦਿੱਤੀ ਸੀ ਕਿ ਅੱਗੇ ਦੇ ਸਾਰੇ ਅੱਤਵਾਦੀ ਹਮਲਿਆਂ ਨੂੰ ਦੇਸ਼ ਦੇ ਨਾਲ ਜੰਗ ਵਾਂਗ ਦੇਖਿਆ ਜਾਏਗਾ।
ਇਸ ਤੋਂ ਇਲਾਵਾ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੀ ਸਖ਼ਤ ਨਿਗਰਾਨੀ ਨੂੰ ਦੇਖਦੇ ਹੋਏ ਉਹ ਦੁਬਾਰਾ ਗ੍ਰੇ ਜਾਂ ਬਲੈਕ ਲਿਸਟ ’ਚ ਜਾਣ ਦਾ ਖ਼ਤਰਾ ਨਹੀਂ ਲੈ ਸਕਦਾ ਸੀ। ਆਈਐੱਸਆਈ ਨੇ ਯਕੀਨੀ ਬਣਾਇਆ ਕਿ ਜਦੋਂ ਇਸ ਘਟਨਾ ਦੀ ਜਾਂਚ ਹੋਵੇ ਤਾਂ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦਾ ਸਿੱਧਾ ਸੰਚਾਰ ਨਾ ਸਾਹਮਣੇ ਆਏ।
ਇਸੇ ਕਾਰਨ ਜੰਮੂ ਕਸ਼ਮੀਰ ’ਚ ਰਹਿਣ ਵਾਲੇ ਮੌਲਵੀ ਇਰਫ਼ਾਨ ਅਹਿਮਦ ਨੂੰ ਚੁਣਿਆ ਗਿਆ, ਜਿਸ ਨੂੰ ਭਾਰਤ ਦੇ ਅੰਦਰ ਮਾਡਿਊਲ ਬਣਾਉਣ ਤੇ ਲੋਕਾਂ ਨੂੰ ਭਰਤੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸੇ ਦੇ ਤਹਿਤ ਫ਼ਰੀਦਾਬਾਦ ਮਾਡਿਊਲ ਤਿਆਰ ਹੋਇਆ।
ਅਹਿਮਦ ਤੇ ਕਈ ਹੋਰ ਮੁਲਜ਼ਮ ਲਗਾਤਾਰ ਅਫ਼ਗਾਨਿਸਤਾਨ ’ਚ ਬੈਠੇ ਜੈਸ਼-ਏ-ਮੁਹੰਮਦ ਦੇ ਹੈਂਡਲਰਾਂ ਦੇ ਸੰਪਰਕ ’ਚ ਸਨ। ਇਹ ਸੈੱਲ 2021 ’ਚ ਸਰਗਰਮ ਕੀਤਾ ਗਿਆ ਸੀ।
ਤੁਰਕੀਏ ਦਾ ਕੁਨੈਕਸ਼ਨ ਵੀ ਆਇਆ ਸਾਹਮਣੇ
ਜਾਂਚ ’ਚ ਤੁਰਕੀਏ ਨਾਲ ਜੁੜੇ ਸੰਪਰਕ ਵੀ ਮਿਲੇ ਹਨ। ਜੰਮੂ-ਕਸ਼ਮੀਰ ਪੁਲਿਸ ਨੇ ਡਾ. ਮੁਜ਼ੱਫਰ ਰਾਥਰ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਦੀ ਮੰਗ ਕੀਤੀ ਹੈ। ਮੰਨਿਆ ਜਾਂਦਾ ਹੈ ਕਿ ਉਹ ਇਸ ਸਮੇਂ ਅਫ਼ਗਾਨਿਸਤਾਨ ’ਚ ਹੈ।
ਰਾਥਰ ਨਾਲ ਡਾ. ਮੁਜ਼ੱਮਿਲ ਅਹਿਮਦ ਗਨਈ ਤੇ ਡਾ. ਉਮਰ ਨਬੀ 2021 ’ਚ 20 ਦਿਨਾਂ ਲਈ ਤੁਰਕੀਏ ਗਏ ਸਨ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਉਹ ਉੱਥੇ ਆਈਐੱਸਆਈ ਦੇ ਨੈੱਟਵਰਕ ਨਾਲ ਜੁੜੇ ਕੁਝ ਲੋਕਾਂ ਨੂੰ ਮਿਲੇ ਤੇ ਮਾਡਿਊਲ ਸੈੱਟ-ਅਪ ’ਚ ਮਦਦ ਮੰਗੀ।
ਹਾਲਾਂਕਿ ਤੁਰਕੀਏ ਦੀ ਡਾਇਰੈਕਟੋਰੇਟ ਆਫ ਕਮਿਊਨੀਕੇਸ਼ਨਸ- ਸੈਂਟਰ ਫਾਰ ਕਾਊਂਟਰਿੰਗ ਡਿਸਇਨਫਰਮੇਸ਼ਨ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਉਸ ਦਾ ਦੇਸ਼ ਕੱਟੜਪੰਥ ਜਾਂ ਦਹਿਸ਼ਤ ਨਾਲ ਜੁੜੀ ਕਿਸੇ ਵੀ ਸਰਗਰਮੀ ਲਈ ਇਸਤੇਮਾਲ ਨਹੀਂ ਹੋਣ ਦਿੱਤਾ ਜਾਵੇਗਾ।