ਇਹ ਮੁਆਵਜ਼ਾ ਰਿਫੰਡ ਤੋਂ ਵੱਖਰਾ ਹੋਵੇਗਾ। ਏਅਰਲਾਈਨ ਨੇ ਪਿਛਲੇ ਹਫ਼ਤੇ ਆਪਣੀਆਂ 4,500 ਤੋਂ ਜ਼ਿਆਦਾ ਉਡਾਣਾਂ ਰੱਦ ਕੀਤੀਆਂ ਸਨ ਜਦਕਿ ਸੈਂਕੜੇ ਦੇਰੀ ਨਾਲ ਉੱਡੀਆਂ ਸਨ। ਇੰਡੀਗੋ ਦੀ ਖ਼ਰਾਬ ਪਾਇਲਟ ਰੋਸਟਰ ਪਲਾਨਿੰਗ ਦੇ ਕਾਰਨ ਇਹ ਸਾਰੀ ਬਦਅਮਨੀ ਪੈਦਾ ਹੋਈ ਸੀ ਅਤੇ ਇਸ ਵਿਚ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ, ਉਹ ਘੰਟਿਆਂ ਏਅਰਪੋਰਟਾਂ ’ਤੇ ਫਸੇ ਰਹੇ ਸਨ।

ਨਵੀਂ ਦਿੱਲੀ (ਰਾਇਟਰ) : ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀਆਂ ਉਡਾਣਾਂ ’ਚ ਹਫ਼ਤੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ ਰੁਕਾਵਟ ਤੋਂ ਬਾਅਦ ਹੁਣ ਇਹ ਏਅਰਲਾਈਨ ਆਪਣੀ ਮਨਮਰਜ਼ੀ ਦੀ ਕੀਮਤ 500 ਕਰੋੜ ਰੁਪਏ ਤੋਂ ਜ਼ਿਆਦਾ ਦਾ ਮੁਆਵਜ਼ਾ ਦੇ ਕੇ ਚੁਕਾਏਗੀ। ਇਹ ਮੁਆਵਜ਼ਾ ਰਿਫੰਡ ਤੋਂ ਵੱਖਰਾ ਹੋਵੇਗਾ। ਏਅਰਲਾਈਨ ਨੇ ਪਿਛਲੇ ਹਫ਼ਤੇ ਆਪਣੀਆਂ 4,500 ਤੋਂ ਜ਼ਿਆਦਾ ਉਡਾਣਾਂ ਰੱਦ ਕੀਤੀਆਂ ਸਨ ਜਦਕਿ ਸੈਂਕੜੇ ਦੇਰੀ ਨਾਲ ਉੱਡੀਆਂ ਸਨ। ਇੰਡੀਗੋ ਦੀ ਖ਼ਰਾਬ ਪਾਇਲਟ ਰੋਸਟਰ ਪਲਾਨਿੰਗ ਦੇ ਕਾਰਨ ਇਹ ਸਾਰੀ ਬਦਅਮਨੀ ਪੈਦਾ ਹੋਈ ਸੀ ਅਤੇ ਇਸ ਵਿਚ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ, ਉਹ ਘੰਟਿਆਂ ਏਅਰਪੋਰਟਾਂ ’ਤੇ ਫਸੇ ਰਹੇ ਸਨ। ਇਸ ਤੋਂ ਬਾਅਦ ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਸ਼ਿਕੰਜਾ ਕੱਸਦੇ ਹੋਏ ਉਸ ਦੀਆਂ ਸਿਆਲਾਂ ਦੀਆਂ ਉਡਾਣਾਂ ’ਚ 10 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਸੀ।
ਏਅਰਲਾਈਨ ਨੇ ਐਕਸ ’ਤੇ ਇਕ ਪੋਸਟ ’ਚ ਕਿਹਾ ਕਿ ਉਹ ਤਿੰਨ ਤੋਂ ਪੰਜ ਦਸੰਬਰ ਤੱਕ ਫਲਾਈਟਾਂ ਰੱਦ ਹੋਣ ਨਾਲ ਜ਼ਿਆਦਾ ਪਰੇਸ਼ਾਨ ਹੋਏ ਯਾਤਰੀਆਂ ਨੂੰ ਮੁਆਵਜ਼ਾ ਦੇਵੇਗੀ। ਜਨਵਰੀ ’ਚ ਅਜਿਹੇ ਸਾਰੇ ਪ੍ਰਭਾਵਿਤ ਗਾਹਕਾਂ ਨਾਲ ਸੰਪਰਕ ਕੀਤਾ ਜਾਏਗਾ ਤਾਂ ਜੋ ਮੁਆਵਜ਼ਾ ਦਿੱਤਾ ਜਾ ਸਕੇ। ਸਾਡਾ ਅਨੁਮਾਨ ਹੈ ਕਿ ਕੁੱਲ 500 ਕਰੋੜ ਰੁਪਏ (55.19 ਮਿਲੀਅਨ ਡਾਲਰ) ਤੋਂ ਜ਼ਿਆਦਾ ਦਾ ਮੁਆਵਜ਼ਾ ਉਨ੍ਹਾਂ ਗਾਹਕਾਂ ਨੂੰ ਦਿੱਤਾ ਜਾਏਗਾ, ਜਿਨ੍ਹਾਂ ਦੀ ਫਲਾਈਟ ਉਡਾਣ ਤੋਂ 24 ਘੰਟੇ ਦੇ ਅੰਦਰ ਰੱਦ ਹੋਈ ਜਾਂ ਜਿਹੜੇ ਏਅਰਪੋਰਟ ’ਤੇ ਕਈ ਘੰਟੇ ਫਸੇ ਰਹੇ। ਨਾਲ ਹੀ ਏਅਰਲਾਈਨ ਨੇ ਕਿਹਾ ਕਿ ਅਸੀਂ ਰਿਫੰਡ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਆਸਾਨ ਬਣਾਇਆ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਯਾਤਰੀਆਂ ਨੂੰ ਨਾ ਹੋਵੇ।
ਦੱਸਣਯੋਗ ਹੈ ਕਿ ਦਿੱਲੀ ਹਾਈ ਕੋਰਟ ਦੇ ਨਿਰਦੇਸ਼ ਦੇ ਬਾਅਦ ਇੰਡੀਗੋ ਨੇ ਪਰੇਸ਼ਾਨ ਯਾਤਰੀਆਂ ਨੂੰ 10,000-10,000 ਰੁਪਏ ਦੇ ਵਾਊਚਰ ਦੇਣ ਦਾ ਵੀ ਐਲਾਨ ਕੀਤਾ ਸੀ। ਯਾਤਰੀ ਇਕ ਸਾਲ ਦੇ ਅੰਦਰ ਇਸ ਵਾਊਚਰ ਨਾਲ ਇੰਡੀਗੋ ਦੀ ਕਿਸੇ ਵੀ ਫਲਾਈਟ ’ਚ ਟਿਕਟ ਬੁੱਕ ਕਰਾ ਸਕਦੇ ਹਨ। ਹਾਈ ਕੋਰਟ ਨੇ ਇੰਡੀਗੋ ਨੂੰ ਫਲਾਈਟਾਂ ਰੱਦ ਕਰਨ ਤੇ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਉਨ੍ਹਾਂ ਨੂੰ ਹਰਜਾਨਾ ਦੇਣ ਦਾ ਵੀ ਆਦੇਸ਼ ਦਿੱਤਾ ਸੀ।
ਇੰਡੀਗੋ ਨੇ ਸ਼ਨਿਚਰਵਾਰ ਨੂੰ ਕੀਤਾ 2,050 ਤੋਂ ਜ਼ਿਆਦਾ ਉਡਾਣਾਂ ਦਾ ਆਪ੍ਰੇਸ਼ਨ
ਸਮਾਚਾਰ ਏਜੰਸੀ ਏਐੱਨਆਈ ਦੇ ਮੁਤਾਬਕ ਇੰਡੀਗੋ ਨੇ ਹਾਲੀਆ ਬਦਅਮਨੀ ਦੇ ਬਾਅਦ ਮੁੜ ਲੀਹ ’ਤੇ ਪਰਤਦੇ ਹੋਏ ਸ਼ਨਿਚਰਵਾਰ ਨੂੰ 2,050 ਤੋਂ ਜ਼ਿਆਦਾ ਉਡਾਣਾਂ ਦਾ ਆਪ੍ਰੇਸ਼ਨ ਕੀਤਾ। ਏਅਰਲਾਈਨ ਵਲੋਂ ਬਿਆਨ ’ਚ ਕਿਹਾ ਗਿਆ ਕਿ ਅਸੀਂ ਲਗਾਤਾਰ ਪੰਜ ਦਿਨਾਂ ਤੱਕ ਆਪਣੀ ਆਪ੍ਰੇਸ਼ਨ ਸਥਿਰਤਾ ਬਣਾ ਕੇ ਰੱਖੀ ਹੈ ਅਤੇ ਸਾਰੀਆਂ 138 ਮੰਜ਼ਿਲਾਂ ’ਤੇ ਫਲਾਈਟਾਂ ਆ-ਜਾ ਰਹੀਆਂ ਹਨ। ਏਅਰਲਾਈਨ ਨੇ ਕਿਹਾ ਕਿ ਅੱਠ ਦਸੰਬਰ ਨੂੰ 1,700 ਤੋਂ ਜ਼ਿਆਦਾ, ਨੌਂ ਦਸੰਬਰ ਨੂੰ 1,800 ਤੋਂ ਜ਼ਿਆਦਾ, 10 ਦਸੰਬਰ ਨੂੰ 1,900 ਤੋਂ ਜ਼ਿਆਦਾ ਉਡਾਣਾਂ ਦਾ ਆਪ੍ਰੇਸ਼ਨ ਕੀਤਾ ਗਿਆ। ਇਹੀ ਨਹੀਂ, 11 ਦਸੰਬਰ ਨੂੰ 1,950 ਤੋਂ ਜ਼ਿਆਦਾ ਉਡਾਣਾਂ ਦਾ ਆਪ੍ਰੇਸ਼ਨ ਕੀਤਾ ਗਿਆ ਤੇ ਸਿਰਫ਼ ਚਾਰ ਉਡਾਣਾਂ ਰੱਦ ਕੀਤੀਆਂ ਗਈਆਂ। 12 ਦਸੰਬਰ ਨੂੰ 2,050 ਤੋਂ ਜ਼ਿਆਦਾ ਉਡਾਣਾਂ ਦਾ ਸੰਚਾਲਨ ਕੀਤਾ ਗਿਆ ਤੇ ਸਿਰਫ਼ ਦੋ ਉਡਾਣਾਂ ਰੱਦ ਕੀਤੀਆਂ ਗਈਆਂ। 13 ਦਸੰਬਰ ਨੂੰ 2,050 ਤੋਂ ਜ਼ਿਆਦਾ ਉਡਾਣਾਂ ਦਾ ਸੰਚਾਲਨ ਕੀਤਾ ਗਿਆ।
ਇੰਡੀਗੋ ਦੀਆਂ 90 ਫ਼ੀਸਦੀ ਉਡਾਣ ਸੇਵਾਵਾਂ ਹੁਣ ਆਮ ਹੋ ਗਈਆਂ ਹਨ । ਪਿਛਲੇ ਦਿਨੀਂ ਇੰਡੀਗੋ ਦੀਆਂ ਉਡਾਣ ਸੇਵਾਵਾਂ ਵਿਚ ਪੈਦਾ ਹੋਈਆਂ ਭਾਰੀ ਰੁਕਾਵਟਾਂ ਅਤੇ ਇਸ ਨਾਲ ਯਾਤਰੀਆਂ ਨੂੰ ਹੋਈ ਭਾਰੀ ਪਰੇਸ਼ਾਨੀ ’ਤੇ ਏਅਰਲਾਈਨ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ। ਮੰਤਰਾਲਾ ਕਾਰਵਾਈ ਵੀ ਕਰ ਰਿਹਾ ਹੈ।
-ਮੁਰਲੀਧਰ ਮੋਹੋਲ, ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ।