ਇੰਡੀਗੋ ਵੱਲੋਂ ਇੱਕ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇੰਡੀਗੋ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇੰਡੀਗੋ ਵੱਲੋਂ ਦੱਸਿਆ ਗਿਆ ਕਿ 3/4/5 ਦਸੰਬਰ ਨੂੰ ਯਾਤਰਾ ਕਰਨ ਵਾਲੇ ਸਾਡੇ ਕੁਝ ਗਾਹਕ ਕੁਝ ਏਅਰਪੋਰਟਾਂ 'ਤੇ ਕਈ ਘੰਟਿਆਂ ਤੱਕ ਫਸੇ ਰਹੇ ਅਤੇ ਉਨ੍ਹਾਂ ਵਿੱਚੋਂ ਕਈਆਂ 'ਤੇ ਭੀੜ ਕਾਰਨ ਬਹੁਤ ਬੁਰਾ ਅਸਰ ਪਿਆ।

ਡਿਜੀਟਲ ਡੈਸਕ, ਨਵੀਂ ਦਿੱਲੀ : ਦਸੰਬਰ ਦੀ ਸ਼ੁਰੂਆਤ 'ਚ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ (IndiGo) ਦੀਆਂ ਇਕ ਤੋਂ ਬਾਅਦ ਇਕ ਉਡਾਣਾਂ ਰੱਦ ਹੋ ਗਈਆਂ, ਜਿਸ ਕਾਰਨ ਯਾਤਰੀਆਂ 'ਚ ਹਾਹਾਕਾਰ ਮੱਚ ਗਈ। ਹਵਾਬਾਜ਼ੀ ਖੇਤਰ 'ਚ ਇਸ ਤੋਂ ਪਹਿਲਾਂ ਇੰਨਾ ਵੱਡਾ ਸੰਕਟ ਸ਼ਾਇਦ ਹੀ ਦੇਖਣ ਨੂੰ ਮਿਲਿਆ ਹੋਵੇਗਾ।
ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਹੋਣ ਕਾਰਨ ਲੱਖਾਂ ਯਾਤਰੀਆਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਈ ਘੰਟਿਆਂ ਤੱਕ ਯਾਤਰੀ ਏਅਰਪੋਰਟ 'ਤੇ ਇੰਤਜ਼ਾਰ ਕਰਦੇ ਰਹੇ। ਕਈ ਏਅਰਪੋਰਟਾਂ 'ਤੇ ਸੂਟਕੇਸਾਂ ਦੇ ਢੇਰ ਦੇਖਣ ਨੂੰ ਮਿਲੇ। ਹੁਣ ਹੌਲੀ-ਹੌਲੀ ਸਥਿਤੀ ਵਿੱਚ ਸੁਧਾਰ ਆ ਰਿਹਾ ਹੈ। ਇਸੇ ਦੌਰਾਨ ਇੰਡੀਗੋ ਨੇ 3/4/5 ਦਸੰਬਰ ਨੂੰ ਪ੍ਰਭਾਵਿਤ ਹੋਏ ਯਾਤਰੀਆਂ ਲਈ ਖਾਸ ਐਲਾਨ ਕੀਤਾ ਹੈ।
ਇੰਡੀਗੋ ਵੱਲੋਂ ਇੱਕ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇੰਡੀਗੋ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇੰਡੀਗੋ ਵੱਲੋਂ ਦੱਸਿਆ ਗਿਆ ਕਿ 3/4/5 ਦਸੰਬਰ ਨੂੰ ਯਾਤਰਾ ਕਰਨ ਵਾਲੇ ਸਾਡੇ ਕੁਝ ਗਾਹਕ ਕੁਝ ਏਅਰਪੋਰਟਾਂ 'ਤੇ ਕਈ ਘੰਟਿਆਂ ਤਕ ਫਸੇ ਰਹੇ ਤੇ ਉਨ੍ਹਾਂ ਵਿੱਚੋਂ ਕਈਆਂ 'ਤੇ ਭੀੜ ਕਾਰਨ ਬਹੁਤ ਬੁਰਾ ਅਸਰ ਪਿਆ। ਅਸੀਂ ਅਜਿਹੇ ਬੁਰੀ ਤਰ੍ਹਾਂ ਪ੍ਰਭਾਵਿਤ ਗਾਹਕਾਂ ਨੂੰ ₹10,000 ਦੇ ਟਰੈਵਲ ਵਾਊਚਰ ਦੇਵਾਂਗੇ। ਇਨ੍ਹਾਂ ਟਰੈਵਲ ਵਾਊਚਰਾਂ ਦੀ ਵਰਤੋਂ ਅਗਲੇ 12 ਮਹੀਨਿਆਂ ਤਕ ਇੰਡੀਗੋ ਦੀ ਕਿਸੇ ਵੀ ਯਾਤਰਾ ਲਈ ਕੀਤੀ ਜਾ ਸਕਦੀ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ ਇਹ ਮੁਆਵਜ਼ਾ ਮੌਜੂਦਾ ਸਰਕਾਰੀ ਗਾਈਡਲਾਈਨਜ਼ (ਦਿਸ਼ਾ-ਨਿਰਦੇਸ਼ਾਂ) ਤਹਿਤ ਕਮਿਟਮੈਂਟ (ਵਾਅਦੇ) ਤੋਂ ਇਲਾਵਾ ਹੈ ਜਿਸ ਅਨੁਸਾਰ ਇੰਡੀਗੋ ਉਨ੍ਹਾਂ ਯਾਤਰੀਆਂ ਨੂੰ ਉਡਾਣ ਦੇ ਬਲਾਕ ਟਾਈਮ ਦੇ ਆਧਾਰ 'ਤੇ ₹5,000 ਤੋਂ ₹10,000 ਦਾ ਮੁਆਵਜ਼ਾ ਦੇਵੇਗਾ, ਜਿਨ੍ਹਾਂ ਦੀਆਂ ਉਡਾਣਾਂ ਡਿਪਾਰਚਰ (ਰਵਾਨਗੀ) ਟਾਈਮ ਦੇ 24 ਘੰਟੇ ਦੇ ਅੰਦਰ ਰੱਦ ਹੋ ਗਈਆਂ ਸਨ।
ਉੱਥੇ ਹੀ, ਜਿਨ੍ਹਾਂ ਯਾਤਰੀਆਂ ਦੀ ਫਲਾਈਟ ਰੱਦ ਹੋਈ, ਉਨ੍ਹਾਂ ਦੇ ਰਿਫੰਡ ਨੂੰ ਲੈ ਕੇ ਵੀ ਏਅਰਲਾਈਨ ਨੇ ਅਪਡੇਟ ਦਿੱਤਾ ਹੈ। ਇੰਡੀਗੋ ਵੱਲੋਂ ਕਿਹਾ ਗਿਆ ਕਿ ਆਪਰੇਸ਼ਨ 'ਚ ਰੁਕਾਵਟ ਤੋਂ ਬਾਅਦ ਅਸੀਂ ਇਹ ਪੱਕਾ ਕੀਤਾ ਹੈ ਕਿ ਰੱਦ ਹੋਈਆਂ ਉਡਾਣਾਂ ਲਈ ਸਾਰੇ ਜ਼ਰੂਰੀ ਰਿਫੰਡ ਸ਼ੁਰੂ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਬਹੁਤੇ ਪਹਿਲਾਂ ਹੀ ਯਾਤਰੀਆਂ ਦੇ ਅਕਾਊਂਟ ਵਿੱਚ ਆ ਚੁੱਕੇ ਹਨ ਅਤੇ ਬਾਕੀ ਜਲਦ ਹੀ ਅਕਾਊਂਟ ਵਿੱਚ ਆ ਜਾਣਗੇ।
Source : IndiGo