ਇੰਡੋਨੇਸ਼ੀਆ ਦੇ ਬਾਲੀ ’ਚ ਸੰਯੁਕਤ ਰਾਸ਼ਟਰ ਖ਼ੁਰਾਕ ਅਤੇ ਖੇਤੀ ਸੰਗਠਨ (ਐੱਫਏਓ) ਵੱਲੋਂ ਜਾਰੀ ਗਲੋਬਲ ਜੰਗਲਾਤ ਸਰੋਤ ਮੁਲਾਂਕਣ (ਜੀਐੱਫਆਰਏ)-2025 ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਵਾਤਾਵਰਨ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਦਸਵੇਂ ਸਥਾਨ ਤੋਂ ਨੌਵੇਂ ਸਥਾਨ ’ਤੇ ਆਉਣਾ ਲਗਾਤਾਰ ਫਾਰੈਸਟ ਮੈਨੇਜਮੈਂਟ ਤੇ ਵਾਤਾਵਰਨ ਸੁਰੱਖਿਆ ’ਚ ਇਕ ਵੱਡੀ ਉਪਲੱਬਧੀ ਹੈ।
ਨਵੀਂ ਦਿੱਲੀ (ਪੀਟੀਆਈ) : ਦੀਵਾਲੀ ਤੋਂ ਬਾਅਦ ਉੱਤਰ ਭਾਰਤ ’ਚ ਭਾਰੀ ਹਵਾ ਪ੍ਰਦੂਸ਼ਣ ਵਿਚਾਲੇ ਇਕ ਚੰਗੀ ਖ਼ਬਰ ਇਹ ਹੈ ਕਿ ਜੰਗਲੀ ਖੇਤਰ ਵਾਧੇ ’ਚ ਭਾਰਤ ਨੌਵੇਂ ਸਥਾਨ ’ਤੇ ਆ ਗਿਆ ਹੈ। ਪਿਛਲੇ ਸਾਲ ਦੇਸ਼ ਦਸਵੇਂ ਸਥਾਨ ’ਤੇ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਕਾਰਨ ਭਾਰਤ ਨੇ ਇਕ ਸਾਲ ’ਚ ਹੀ ਇਕ ਸਥਾਨ ਦੀ ਬੜ੍ਹਤ ਹਾਸਲ ਕਰ ਲਈ ਹੈ।
ਇੰਡੋਨੇਸ਼ੀਆ ਦੇ ਬਾਲੀ ’ਚ ਸੰਯੁਕਤ ਰਾਸ਼ਟਰ ਖ਼ੁਰਾਕ ਅਤੇ ਖੇਤੀ ਸੰਗਠਨ (ਐੱਫਏਓ) ਵੱਲੋਂ ਜਾਰੀ ਗਲੋਬਲ ਜੰਗਲਾਤ ਸਰੋਤ ਮੁਲਾਂਕਣ (ਜੀਐੱਫਆਰਏ)-2025 ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਵਾਤਾਵਰਨ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਦਸਵੇਂ ਸਥਾਨ ਤੋਂ ਨੌਵੇਂ ਸਥਾਨ ’ਤੇ ਆਉਣਾ ਲਗਾਤਾਰ ਫਾਰੈਸਟ ਮੈਨੇਜਮੈਂਟ ਤੇ ਵਾਤਾਵਰਨ ਸੁਰੱਖਿਆ ’ਚ ਇਕ ਵੱਡੀ ਉਪਲੱਬਧੀ ਹੈ। ਇਹ ਤਰੱਕੀ ਜੰਗਲਾਂ ਦੀ ਸੁਰੱਖਿਆ, ਜੰਗਲਾਤ ਤੇ ਸਮੂਹਕ ਕੋਸ਼ਿਸ਼ਾਂ ਨਾਲ ਵਾਤਾਵਰਨ ਸੁਰੱਖਿਆ ਦੀ ਦਿਸ਼ਾ ’ਚ ਸਰਕਾਰ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦੀ ਸਫ਼ਲਤਾ ਰੇਖਾਂਕਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲਾਨਾ ਜੰਗਲੀ ਖੇਤਰ ਵਾਧੇ ’ਚ ਵਿਸ਼ਵ ’ਚ ਭਾਰਤ ਦਾ ਤੀਜਾ ਸਥਾਨ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ-‘ਏਕ ਪੇੜ ਮਾਂ ਕੇ ਨਾਮ’ ਨਾਲ ਪੂਰੇ ਦੇਸ਼ ਨੂੰ ਬੂਟੇ ਲਾਉਣ ਦੀ ਪ੍ਰੇਰਣਾ ਮਿਲ ਰਹੀ ਹੈ।
ਭੂਪੇਂਦਰ ਯਾਦਵ ਨੇ ਕਿਹਾ ਕਿ ਬੂਟੇ ਲਾਉਣ ਦੀਆਂ ਮੁਹਿੰਮਾਂ ’ਚ ਵਧਦੀ ਜਨਤਾ ਦੀ ਹਿੱਸੇਦਾਰੀ, ਵਿਸ਼ੇਸ਼ ਰੂਪ ਨਾਲ ‘ਏਕ ਪੇੜ ਮਾਂ ਕੇ ਨਾਮ’ ਪਹਿਲ ਦੇ ਤਹਿਤ, ਤੇ ਸੂਬਾਈ ਸਰਕਾਰਾਂ ਵੱਲੋਂ ਵੱਡੇ ਪੱਧਰ ’ਤੇ ਚਲਾਈਆਂ ਗਈਆਂ ਮੁਹਿੰਮਾਂ ਨੇ ਇਸ ਤਰੱਕੀ ’ਚ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਐਕਸ ਪੋਸਟ ’ਚ ਲਿਖਿਆ ਕਿ ਇਹ ਸਾਰੇ ਭਾਰਤੀਆਂ ਲਈ ਖ਼ੁਸ਼ੀ ਦਾ ਕਾਰਨ ਹੈ। ਅਸੀਂ ਪਿਛਲੇ ਮੁਲਾਂਕਣ ’ਚ 10ਵੇਂ ਸਥਾਨ ਦੀ ਤੁਲਨਾ ’ਚ ਵਿਸ਼ਵ ਪੱਧਰ ’ਤੇ ਜੰਗਲੀ ਖੇਤਰ ਦੇ ਮਾਮਲੇ ’ਚ ਨੌਵਾਂ ਸਥਾਨ ਹਾਸਲ ਕੀਤਾ ਹੈ। ਅਸੀਂ ਸਾਲਾਨਾ ਲਾਭ ਦੇ ਮਾਮਲੇ ’ਚ ਵੀ ਵਿਸ਼ਵ ਪੱਧਰ ’ਤੇ ਆਪਣਾ ਤੀਜਾ ਸਥਾਨ ਬਣਾਈ ਰੱਖਿਆ ਹੈ। ਗਲੋਬਲ ਜੰਗਲਾਤ ਸਰੋਤ ਮੁਲਾਂਕਣ (ਜੀਐੱਫਆਰਏ) 2025 ਨੂੰ ਐੱਫਏਓ ਵੱਲੋਂ ਬਾਲੀ ’ਚ ਜਾਰੀ ਕੀਤਾ ਗਿਆ ਹੈ।
ਦੁਨੀਆ ਦੇ ਸਿਖਰਲੇ 10 ਜੰਗਲ ਭਰਪੂਰ ਦੇਸ਼ਾਂ ’ਚ ਸ਼ਾਮਲ ਹੈ ਭਾਰਤ
ਐੱਫਏਓ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੁਨੀਆ ਦਾ ਕੁੱਲ ਜੰਗਲੀ ਖੇਤਰ 4.14 ਬਿਲੀਅਨ ਹੈਕਟੇਅਰ ਹੈ, ਜੋ ਧਰਤੀ ਦੇ 32 ਫ਼ੀਸਦੀ ਹਿੱਸੇ ਨੂੰ ਕਵਰ ਕਰਦਾ ਹੈ। ਇਸ ਦਾ ਅੱਧੇ ਤੋਂ ਵੱਧ (54 ਫ਼ੀਸਦੀ) ਹਿੱਸਾ ਸਿਰਫ਼ ਪੰਜ ਦੇਸ਼ਾਂ-ਰੂਸ, ਬ੍ਰਾਜ਼ੀਲ, ਕੈਨੇਡਾ, ਅਮਰੀਕਾ ਤੇ ਚੀਨ ’ਚ ਕੇਂਦਰਿਤ ਹੈ। ਆਸਟ੍ਰੇਲੀਆ, ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਤੇ ਇੰਡੋਨੇਸ਼ੀਆ ਤੋਂ ਬਾਅਦ ਭਾਰਤ ਦੁਨੀਆ ਦੇ ਸਿਖਰਲੇ 10 ਜੰਗਲ ਭਰਪੂਰ ਦੇਸ਼ਾਂ ’ਚ ਸ਼ਾਮਲ ਹੈ। ਚੀਨ ਨੇ 2015 ਤੋਂ 2025 ਵਿਚਾਲੇ ਜੰਗਲੀ ਖੇਤਰ ’ਚ ਸਭ ਤੋਂ ਵੱਧ ਸ਼ੁੱਧ ਸਾਲਾਨਾ ਵਾਧਾ ਦਰਜ ਕੀਤਾ, ਜੋ 1.69 ਮਿਲੀਅਨ ਹੈਕਟੇਅਰ ਪ੍ਰਤੀ ਸਾਲ ਸੀ, ਉਸ ਤੋਂ ਬਾਅਦ ਰੂਸ 9,42,000 ਹੈਕਟੇਅਰ ਤੇ ਭਾਰਤ 1,91,000 ਹੈਕਟੇਅਰ ਹਨ। ਮਹੱਤਵਪੂਰਨ ਜੰਗਲ ਵਿਸਥਾਰ ਵਾਲੇ ਹੋਰ ਦੇਸ਼ਾਂ ’ਚ ਤੁਰਕੀਏ (1,18,000 ਹੈਕਟੇਅਰ), ਆਸਟ੍ਰੇਲੀਆ (1,05,000 ਹੈਕਟੇਅਰ), ਫਰਾਂਸ (95,900 ਹੈਕਟੇਅਰ), ਇੰਡੋਨੇਸ਼ੀਆ (94,1000 ਹੈਕਟੇਅਰ), ਦੱਖਣੀ ਅਫਰੀਕਾ (87,600 ਹੈਕਟੇਅਰ), ਕੈਨੇਡਾ (82,500 ਹੈਕਟੇਅਰ) ਤੇ ਵੀਅਤਨਾਮ (72,800 ਹੈਕਟੇਅਰ) ਸ਼ਾਮਲ ਹਨ।
ਜੰਗਲੀ ਖੇਤਰ ’ਚ ਵਾਧਾ ਦਰਜ ਕਰਨ ਵਾਲਾ ਇੱਕੋ-ਇਕ ਖੇਤਰ ਹੈ ਏਸ਼ੀਆ
ਮੁਲਾਂਕਣ ’ਚ ਪਤਾ ਲੱਗਾ ਹੈ ਕਿ 1990 ਤੇ 2025 ਵਿਚਾਲੇ ਜੰਗਲੀ ਖੇਤਰ ’ਚ ਵਾਧਾ ਦਰਜ ਕਰਨ ਵਾਲਾ ਏਸ਼ੀਆ ਇੱਕੋ-ਇਕ ਖੇਤਰ ਹੈ, ਜਿਸ ’ਚ ਚੀਨ ਤੇ ਭਾਰਤ ’ਚ ਵਾਧਾ ਸਭ ਤੋਂ ਵੱਧ ਹੈ। ਵਿਸ਼ਵ ਪੱਧਰ ’ਤੇ ਸ਼ੁੱਧ ਜੰਗਲ ਨੁਕਸਾਨ ਦੀ ਸਾਲਾਨਾ ਦਰ ’ਚ ਅੱਧੇ ਤੋਂ ਵੀ ਵੱਧ ਦੀ ਕਮੀ ਆਈ ਹੈ, ਜੋ 1990 ਦੇ ਦਹਾਕੇ ਦੇ 10.7 ਮਿਲੀਅਨ ਹੈਕਟੇਅਰ ਤੋਂ ਘਟ ਕੇ 2015-2025 ਦੌਰਾਨ 4.12 ਮਿਲੀਅਨ ਹੈਕਟੇਅਰ ਹੋ ਗਈ ਹੈ। ਐੱਫਏਓ ਨੇ ਕਿਹਾ ਕਿ ਏਸ਼ੀਆ ਦੇ ਜੰਗਲ ਵਿਸਥਾਰ ਨੇ ਵਿਸ਼ਵ ਪੱਧਰੀ ਜੰਗਲਾਂ ਦੀ ਕਟਾਈ ਨੂੰ ਹੌਲੀ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜੋ ਦੱਖਣੀ ਅਮਰੀਕਾ ਤੇ ਅਫਰੀਕਾ ’ਚ ਸਭ ਤੋਂ ਵੱਧ ਹੈ। ਰਿਪੋਰਟ ਮੁਤਾਬਕ, ਦੁਨੀਆ ਦੇ 20 ਫ਼ੀਸਦੀ ਜੰਗਲ ਹੁਣ ਕਾਨੂੰਨੀ ਰੂਪ ਨਾਲ ਸਥਾਪਿਤ ਸੁਰੱਖਿਅਤ ਖੇਤਰਾਂ ’ਚ ਹਨ, ਜਦਕਿ 55 ਫ਼ੀਸਦੀ ਦੀ ਮੈਨੇਜਮੈਂਟ ਲੰਬੇ ਸਮੇਂ ਦੀਆਂ ਯੋਜਨਾਵਾਂ ਦੇ ਤਹਿਤ ਕੀਤੀ ਜਾਂਦੀ ਹੈ।