Congress New CWC : ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪੰਜਾਬ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਅੰਬਿਕਾ ਸੋਨੀ ਦਾ ਨਾਂ ਸ਼ਾਮਲ ਕੀਤਾ ਗਿਆ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਰਫ਼ਤਾਰ ਦੇਣ ਲਈ ਕਾਂਗਰਸ ਨੇ ਆਪਣੀ ਸਿਖਰਲੀ ਨੀਤੀ ਨਿਰਧਾਰਣ ਸਿਆਸੀ ਇਕਾਈ-ਵਰਕਿੰਗ ਕਮੇਟੀ ਦਾ ਲੰਬੇ ਸਮੇਂ ਬਾਅਦ ਐਤਵਾਰ ਨੂੰ ਗਠਨ ਕੀਤਾ। ਇਸ ਵਿਚ ਨਵੇਂ ਚਿਹਰਿਆਂ ਦੇ ਨਾਲ ਪੁਰਾਣੇ ਦਿੱਗਜਾਂ ਨੂੰ ਥਾਂ ਦਿੱਤੀ ਗਈ ਹੈ। ਰਾਜਸਥਾਨ ਦੇ ਸਾਬਕਾ ਉੱਪ-ਮੁੱਖ ਮੰਤਰੀ ਸਚਿਨ ਪਾਇਲਟ ਤੇ ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਵਿਚ ਮੱਲਿਕਾਰਜੁਨ ਖੜਗੇ ਨੂੰ ਚੁਣੌਤੀ ਦੇਣ ਵਾਲੇ ਸ਼ਸ਼ੀ ਧਰੂਰ ਨੂੰ ਪਹਿਲੀ ਵਾਰ ਵਰਕਿੰਗ ਕਮੇਟੀ ਵਿਚ ਥਾਂ ਦਿੱਤੀ ਗਈ ਹੈ। ਇਕ ਸਮੇਂ ਪਾਰਟੀ ਦੇ ਨਾਰਾਜ਼ ਧੜੇ ਦੇ ਸਰਗਰਮ ਮੈਂਬਰ ਰਹੇ ਸੀਨੀਅਰ ਆਗੂ ਆਨੰਦ ਸ਼ਰਮਾ ਨੂੰ ਕਾਇਮ ਰੱਖਦੇ ਹੋਏ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੂੰ ਵੀ ਪਹਿਲੀ ਵਾਰ ਵਰਕਿੰਗ ਕਮੇਟੀ ਵਿਚ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਅੰਬਿਕਾ ਸੋਨੀ ਤੇ ਪਵਨ ਬਾਂਸਲ ਵਰਗੇ ਆਗੂਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ।
ਸੋਨੀਆ ਗਾਂਧੀ, ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ ਵਾਡਰਾ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਰਗੇ ਪਾਰਟੀ ਦੇ ਸਿਖਰਲੇ ਚਿਹਰਿਆਂ ਦੇ ਨਾਲ ਗੌਰਵ ਗੋਗੋਈ, ਕਮਲੇਸ਼ਵਰ ਪਟੇਲ, ਸੁਪਿ੍ਰਆ ਸ਼੍ਰੀਨੇਤ, ਅਲਕਾ ਲਾਂਬਾ ਵਰਗੇ ਨੌਜਵਾਨ ਚਿਹਰੇ ਵੀ ਇਸ ਵਿਚ ਰੱਖੇ ਗਏ ਹਨ।
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਪਾਰਟੀ ਦੀ ਕਮਾਨ ਸੰਭਾਲਣ ਤੋਂ ਲਗਪਗ 10 ਮਹੀਨੇ ਤੇ ਰਾਇਪੁਰ ਵਿਚ ਹੋਏ ਜਨਰਲ ਅਜਲਾਸ ਤੋਂ ਛੇ ਮਹੀਨੇ ਬਾਅਦ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ। ਇਸ ਸਿਖਰਲੀ ਸਿਆਸੀ ਇਕਾਈ ਵਿਚ 39 ਮੁੱਖ ਮੈਂਬਰਾਂ, 32 ਸਥਾਈ ਬੁਲਾਏ, 13 ਖ਼ਾਸ ਬੁਲਾਏ ਸਮੇਤ ਹੋਰ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਵਰਕਿੰਗ ਕਮੇਟੀ ਵਿਚ ਵੱਖ-ਵੱਖ ਵਰਗਾਂ ਨੂੰ ਮਿਲਾ ਕੇ ਕੁੱਲ ਮੈਂਬਰਾਂ ਦੀ ਗਿਣਤੀ 84 ਪੁੱਜ ਗਈ ਹੈ ਜਿਨ੍ਹਾਂ ਵਿਚ 15 ਔਰਤਾਂ ਹਨ। ਕਾਂਗਰਸ ਨੇ ਰਾਇਪੁਰ ਅਜਲਾਸ ਵਿਚ ਪਾਰਟੀ ਸੰਵਿਧਾਨ ਵਿਚ ਸੋਧ ਕਰ ਕੇ ਵਰਕਿੰਗ ਕਮੇਟੀ ਦੀ ਗਿਣਤੀ ਨੂੰ 23 ਤੋਂ ਵਧਾ ਕੇ 39 ਕਰ ਦਿੱਤਾ ਸੀ। ਇਸੇ ਦੌਰਾਨ ਐਲਾਨ ਕੀਤਾ ਗਿਆ ਸੀ ਕਿ ਸੰਗਠਨ ਵਿਚ 50 ਫ਼ੀਸਦੀ ਅਹੁਦੇ 50 ਸਾਲ ਤੋਂ ਘੱਟ ਉਮਰ ਦੇ ਆਗੂਆਂ ਨੂੰ ਦਿੱਤੇ ਜਾਣਗੇ। ਹਾਲਾਂਕਿ ਵਰਕਿੰਗ ਕਮੇਟੀ ਦੇ ਮੁੱਖ 39 ਮੈਂਬਰਾਂ ਵਿਚੋਂ ਸਿਰਫ਼ ਤਿੰਨ ਚਿਹਰੇ 50 ਸਾਲ ਤੋਂ ਘੱਟ ਉਮਰ ਦੇ ਹਨ। ਉਮਰ ਦੀ ਸੀਮਾ ਪਾਰ ਕਰਨ ਦੇ ਬਾਵਜੂਦ ਰਾਹੁਲ-ਪਿ੍ਰਅੰਕਾ ਇਸ ਤੋਂ ਬਹੁਤ ਦੂਰ ਨਹੀਂ ਹਨ। ਵੈਸੇ ਐੱਨਐੱਸਯੂਆਈ ਇੰਚਾਰਜ ਵਜੋਂ ਨੌਜਵਾਨ ਆਗੂ ਕਨ੍ਹਈਆ ਕੁਮਾਰ ਵੀ ਪਾਰਟੀ ਦੀ ਸਿਖਰਲੀ ਇਕਾਈ ਦੇ ਮੈਂਬਰ ਬਣ ਗਏ ਹਨ। ਇਸ ਵਿਚ ਸ਼ੱਕ ਨਹੀਂ ਕਿ ਸੂਚੀ ਵਿਚ ਸਿਆਸੀ ਸੰਵੇਦਨਸ਼ੀਲਤਾ ਦੇ ਹਿਸਾਬ ਨਾਲ ਸਭ ਤੋਂ ਅਹਿਮ ਨਾਂ ਸਚਿਨ ਪਾਇਲਟ, ਸ਼ਸ਼ੀ ਥਰੂਰ ਤੇ ਆਨੰਦ ਸ਼ਰਮਾ ਹਨ। ਰਾਜਸਥਾਨ ਦੇ ਸੱਤਾ ਸੰਘਰਸ਼ ਵਿਚ ਅਸ਼ੋਕ ਗਹਿਲੋਤ ਹੱਥੋਂ ਸੱਟ ਖਾਧੇ ਸਚਿਨ ਦਾ ਸਿਆਸੀ ਕੱਦ ਵਧਾਇਆ ਗਿਆ ਹੈ। ਇਸੇ ਤਰ੍ਹਾਂ ਸ਼ਸ਼ੀ ਥਰੂਰ, ਆਨੰਦ ਸ਼ਰਮਾ ਦੇ ਨਾਲ ਮਨੀਸ਼ ਤਿਵਾੜੀ ਨੂੰ ਸ਼ਾਮਲ ਕਰ ਕੇ ਕਾਂਗਰਸ ਹਾਈ ਕਮਾਨ ਨੇ ਇਹ ਸੁਨੇਹਾ ਦਿੱਤਾ ਹੈ ਕਿ ਕੁਝ ਮੁੱਦਿਆਂ ’ਤੇ ਅਸਹਿਮਤੀ ਦੀ ਆਵਾਜ਼ ਚੁੱਕਣ ਵਾਲੇ ਆਗੂਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ।
ਖੜਗੇ ਨੇ ਸਮਾਜਿਕ ਤੇ ਸਿਆਸੀ ਸੰਤੁਲਨ ਦੇ ਨਾਲ ਅੰਦਰੂਨੀ ਸਮੀਕਰਨਾਂ ਦਾ ਵੀ ਧਿਆਨ ਰੱਖਿਆ ਹੈ। ਇਸ ਵਿਚ ਖੜਗੇ ਨੇ ਜਿੱਥੇ ਨਾਸਿਰ ਹੁਸੈਨ, ਗੁਰਦੀਪ ਸੱਪਲ ਵਰਗੇ ਆਪਣੀ ਪਸੰਦ ਦੇ ਲੋਕਾਂ ਨੂੰ ਥਾਂ ਦਿੱਤੀ ਹੈ, ਉਥੇ ਅੰਬਿਕਾ ਸੋਨੀ, ਏਕੇ ਏਂਟਨੀ, ਮੀਰਾ ਕੁਮਾਰ ਵਰਗੇ ਸੋਨੀਆ ਗਾਂਧੀ ਦੇ ਦੌਰ ਦੇ ਮੁੱਖ ਚਿਹਰਿਆਂ ਨੂੰ ਕਾਇਮ ਰੱਖਿਆ ਹੈ। ਅਜੇ ਮਾਕਨ, ਗੌਰਵ ਗੋਗੋਈ, ਸਚਿਨ ਰਾਓ ਵਰਗੇ ਰਾਹੁਲ ਗਾਂਧੀ ਦੀ ਟੀਮ ਦੇ ਮੈਂਬਰਾਂ ਨੂੰ ਵੀ ਪੂਰੀ ਤਵੱਜੋ ਦਿੱਤੀ ਗਈ ਹੈ।
ਸਰਗਰਮ ਸਿਆਸਤ ਤੋਂ ਦੂਰ ਰਹਿਣ ਦਾ ਐਲਾਨ ਕਰ ਚੁੱਕੇ ਏਕੇ ਏਂਟਨੀ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਬਣਾਈ ਰੱਖਿਆ ਹੈ। ਭਾਜਪਾ ਨੇ ਪਿਛਲੇ ਦਿਨੀਂ ਏਂਟਨੀ ਦੇ ਪੁੱਤਰ ਨੂੰ ਪਾਰਟੀ ਦਾ ਕੌਮੀ ਸਕੱਤਰ ਬਣਾਇਆ ਹੈ। ਪੁਰਾਣੇ ਚਿਹਰਿਆਂ ਵਿਚ ਕੇਸੀ ਵੇਣੂਗੋਪਾਲ, ਅੰਬਿਕਾ ਸੋਨੀ, ਮੀਰਾ ਕੁਮਾਰ, ਪੀ ਚਿਦੰਬਰਮ, ਅਧੀਰ ਰੰਜਨ ਚੌਧਰੀ, ਦਿਗਵਿਜੇ ਸਿੰਘ, ਤਾਰਿਕ ਅਨਵਰ, ਮਿਜੋਰਮ ਦੇ ਸਾਬਕਾ ਸੀਐੱਮ ਲਲਥਨਹਾਵਲਾ, ਮੁਕੁਲ ਵਾਸਨਿਕ, ਮਹਾਰਾਸ਼ਟਰ ਦੇ ਸਾਬਕਾ ਸੀਐੱਮ ਅਸ਼ੋਕ ਚੌਹਾਣ, ਅਜੇ ਮਾਕਨ, ਗਈਖੰਗਮ, ਕੁਮਾਰੀ ਸ਼ੈਲਜਾ, ਜੈਰਾਮ ਰਮੇਸ਼, ਰਣਦੀਪ ਸੁਰਜੇਵਾਲਾ, ਦੀਪਕ ਬਾਬਰੀਆ, ਜਿਤੇਂਦਰ ਸਿੰਘ, ਸਲਮਾਨ ਖ਼ੁਰਸ਼ੀਦ ਤੇ ਅਭਿਸ਼ੇਕ ਮਨੂ ਸਿੰਘਵੀ ਵਰਗੇ ਆਗੂ ਸ਼ਾਮਲ ਹਨ। ਸਈਅਦ ਨਾਸਿਰ ਹੁਸੈਨ, ਐੱਨ ਰਘੂਵੀਰ ਰੈੱਡੀ, ਤਾਮਰਧਵਜ ਸਾਹੂ, ਗੁਜਰਾਤ ਤੋਂ ਜਗਦੀਸ਼ ਠਾਕੋਰ, ਬੰਗਾਲ ਤੋਂ ਦੀਪਾ ਦਾਸ ਮੁਨਸ਼ੀ, ਪੰਜਾਬ ਦੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਵਰਗੇ ਚਿਹਰਿਆਂ ਨੂੰ ਪਹਿਲੀ ਵਾਰ ਥਾਂ ਦਿੱਤੀ ਗਈ ਹੈ। ਕਾਰਜਕਾਰੀ ਕਮੇਟੀ ਦੇ ਸਥਾਈ ਬੁਲਾਏ ਗਏ ਮੈਂਬਰਾਂ ਵਿਚ ਮਨੀਸ਼ ਤਿਵਾੜੀ ਤੇ ਵੀਰੱਪਾ ਮੋਈਲੀ ਦੇ ਨਾਲ ਬੀਕੇ ਹਰਿਪ੍ਰਸਾਦ, ਮੋਹਨ ਪ੍ਰਕਾਸ਼, ਪਵਨ ਬਾਂਸਲ, ਹਰੀਸ਼ ਰਾਵਤ, ਦੀਪੇਂਦਰ ਹੁੱਡਾ, ਮੀਨਾਕਸ਼ੀ ਨਟਰਾਜਨ, ਫੂਲੋ ਦੇਵੀ ਨੇਤਾਮ, ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਤੇ ਰਮੇਸ਼ ਚੇਨੀਥਲਾ ਵਰਗੇ ਮੁੱਖ ਚਿਹਰੇ ਹਨ। ਖ਼ਾਸ ਬੁਲਾਏ ਮੈਂਬਰਾਂ ਦੇ ਰੂਪ ਵਿਚ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ, ਇੰਟਰਨੈੱਟ ਮੀਡੀਆ ਵਿਭਾਗ ਦੀ ਮੁਖੀ ਸੁਪਿ੍ਰਆ ਸ਼੍ਰੀਨੇਤ ਤੋਂ ਇਲਾਵਾ ਅਲਕਾ ਲਾਂਬਾ, ਪਰਨੀਤੀ ਸ਼ਿੰਦੇ, ਗਣੇਸ਼ ਗੋਦੀਆਲ ਤੇ ਯਸ਼ੋਮਤੀ ਠਾਕੁਰ ਨੂੰ ਥਾਂ ਦਿੱਤੀ ਗਈ ਹੈ।
Congress president Mallikarjun Kharge constitutes the Congress Working Committee. pic.twitter.com/lsxTK8rcei
— ANI (@ANI) August 20, 2023