ਆਪ੍ਰੇਸ਼ਨ ਦੇ ਕੁਝ ਹੀ ਮਿੰਟਾਂ ਬਾਅਦ ਔਰਤ ਦੀ ਹਾਲਤ ਵਿਗੜ ਗਈ, ਪਰ ਸਮੇਂ ਸਿਰ ਸਹੀ ਇਲਾਜ ਅਤੇ ਜਾਂਚ ਨਹੀਂ ਕੀਤੀ ਗਈ। ਬਾਅਦ 'ਚ ਉਸ ਨੂੰ ਕੁੱਲੂ ਹਸਪਤਾਲ ਅਤੇ ਫਿਰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ, ਜਿੱਥੇ 11 ਫਰਵਰੀ 2014 ਨੂੰ ਉਸ ਦੀ ਮੌਤ ਹੋ ਗਈ।

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ 'ਚ ਪਰਿਵਾਰ ਨਿਯੋਜਨ ਆਪ੍ਰੇਸ਼ਨ ਦੌਰਾਨ ਡਾਕਟਰੀ ਲਾਪਰਵਾਹੀ ਕਾਰਨ ਇਕ ਔਰਤ ਦੀ ਮੌਤ ਹੋ ਗਈ। ਇਸ ਮਾਮਲੇ 'ਚ ਸਿਵਲ ਜੱਜ ਕੋਰਟ-2 ਸਰਕਾਘਾਟ ਨੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸੂਬਾ ਸਰਕਾਰ ਤੇ ਸਬੰਧਤ ਡਾਕਟਰ ਨੂੰ ਮ੍ਰਿਤਕਾ ਦੇ ਪਤੀ ਤੇ ਬੱਚਿਆਂ ਨੂੰ 24.60 ਲੱਖ ਰੁਪਏ ਮੁਆਵਜ਼ਾ 6 ਫੀਸਦੀ ਸਾਲਾਨਾ ਵਿਆਜ ਸਮੇਤ ਦੇਣ ਦੇ ਹੁਕਮ ਦਿੱਤੇ ਹਨ।
ਸਰਕਾਰ ਵੱਲੋਂ ਪਹਿਲਾਂ ਦਿੱਤੀ ਗਈ 2 ਲੱਖ ਰੁਪਏ ਦੀ ਰਾਸ਼ੀ ਨੂੰ ਮੁਆਵਜ਼ੇ ਵਿੱਚ ਐਡਜਸਟ ਕੀਤਾ ਜਾਵੇਗਾ। ਇਹ ਮਾਮਲਾ ਤਹਿਸੀਲ ਸਰਕਾਘਾਟ ਦੇ ਪਿੰਡ ਬਗਫਲ ਦੇ ਨਿਵਾਸੀ ਵਿਨੋਦ ਕੁਮਾਰ ਨਾਲ ਸਬੰਧਤ ਹੈ।
ਵਿਨੋਦ ਕੁਮਾਰ ਨੇ ਆਪਣੇ ਨਾਬਾਲਗ ਬੱਚਿਆਂ ਸਮੇਤ ਸਰਕਾਰ ਤੇ ਡਾਕਟਰ ਖ਼ਿਲਾਫ਼ 30 ਲੱਖ ਰੁਪਏ ਦੇ ਹਰਜਾਨੇ ਦੀ ਮੰਗ ਕਰਦਿਆਂ ਸਿਵਲ ਕੇਸ ਦਾਇਰ ਕੀਤਾ ਸੀ। ਕੇਸ ਵਿਚ ਕਿਹਾ ਗਿਆ ਸੀ ਕਿ 10 ਫਰਵਰੀ 2014 ਨੂੰ ਪ੍ਰਾਇਮਰੀ ਹੈਲਥ ਸੈਂਟਰ ਨੱਗਰ (ਜ਼ਿਲ੍ਹਾ ਕੁੱਲੂ) 'ਚ ਲਗਾਏ ਗਏ ਪਰਿਵਾਰ ਨਿਯੋਜਨ ਕੈਂਪ ਦੌਰਾਨ ਉਸ ਦੀ ਪਤਨੀ ਨੀਲਮ ਕੁਮਾਰੀ ਦੀ ਲੈਪਰੋਸਕੋਪਿਕ ਟਿਊਬੈਕਟੋਮੀ ਕੀਤੀ ਗਈ ਸੀ।
ਆਪ੍ਰੇਸ਼ਨ ਦੇ ਕੁਝ ਹੀ ਮਿੰਟਾਂ ਬਾਅਦ ਉਸ ਦੀ ਹਾਲਤ ਵਿਗੜ ਗਈ, ਪਰ ਸਮੇਂ ਸਿਰ ਸਹੀ ਇਲਾਜ ਅਤੇ ਜਾਂਚ ਨਹੀਂ ਕੀਤੀ ਗਈ। ਬਾਅਦ 'ਚ ਉਸ ਨੂੰ ਕੁੱਲੂ ਹਸਪਤਾਲ ਅਤੇ ਫਿਰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ, ਜਿੱਥੇ 11 ਫਰਵਰੀ 2014 ਨੂੰ ਉਸ ਦੀ ਮੌਤ ਹੋ ਗਈ।
ਪੋਸਟਮਾਰਟਮ ਅਤੇ ਮੈਡੀਕਲ ਬੋਰਡ ਦੀ ਰਿਪੋਰਟ ਅਦਾਲਤ ਨੇ ਫੈਸਲੇ ਵਿੱਚ ਕਿਹਾ ਕਿ ਲੈਪਰੋਸਕੋਪਿਕ ਨਸਬੰਦੀ ਇਕ ਮਾਨਤਾ ਪ੍ਰਾਪਤ ਪ੍ਰਕਿਰਿਆ ਹੈ ਤੇ ਇਸ ਵਿੱਚ ਪੇਚੀਦਗੀਆਂ ਸੰਭਵ ਹਨ, ਪਰ ਇਸ ਮਾਮਲੇ 'ਚ ਗੰਭੀਰ ਲਾਪਰਵਾਹੀ ਸਾਹਮਣੇ ਆਈ ਹੈ। ਪੋਸਟਮਾਰਟਮ ਅਤੇ ਮੈਡੀਕਲ ਬੋਰਡ ਦੀ ਰਿਪੋਰਟ ਅਨੁਸਾਰ ਔਰਤ ਦੀ ਮੌਤ ਅੰਦਰੂਨੀ ਖੂਨ ਵਗਣ (ਹੈਮਰੇਜਿਕ ਸ਼ੌਕ) ਕਾਰਨ ਹੋਈ, ਜੋ ਮੇਸੋਕੋਲਨ ਦੀਆਂ ਖੂਨ ਦੀਆਂ ਨਾੜੀਆਂ 'ਚ ਸੱਟ ਲੱਗਣ ਕਾਰਨ ਹੋਇਆ ਸੀ।
ਅਦਾਲਤ ਨੇ ਮੰਨਿਆ ਕਿ ਆਪ੍ਰੇਸ਼ਨ ਤੋਂ ਬਾਅਦ ਔਰਤ ਵਿੱਚ 'ਸ਼ੌਕ' ਦੇ ਸਪੱਸ਼ਟ ਲੱਛਣ ਦਿਖਾਈ ਦੇਣ ਲੱਗ ਪਏ ਸਨ, ਇਸ ਦੇ ਬਾਵਜੂਦ ਅੰਦਰੂਨੀ ਖੂਨ ਵਗਣ ਦਾ ਸਮੇਂ ਸਿਰ ਨਿਦਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਖੂਨ ਚੜ੍ਹਾਉਣ, ਅਲਟਰਾਸਾਊਂਡ ਜਾਂ ਸਰਜੀਕਲ ਦਖਲਅੰਦਾਜ਼ੀ ਵਰਗਾ ਉਚਿਤ ਇਲਾਜ ਦਿੱਤਾ ਗਿਆ। ਔਰਤ ਪਹਿਲਾਂ ਹੀ ਅਨੀਮੀਆ (ਖੂਨ ਦੀ ਕਮੀ) ਤੋਂ ਪੀੜਤ ਸੀ, ਫਿਰ ਵੀ ਆਪ੍ਰੇਸ਼ਨ ਤੋਂ ਪਹਿਲਾਂ ਖੂਨ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੀ। ਮਰੀਜ਼ ਤੋਂ ਸਿਰਫ਼ ਆਮ ਪਰਿਵਾਰ ਨਿਯੋਜਨ ਦੀ ਸਹਿਮਤੀ ਲਈ ਗਈ ਸੀ, ਲੈਪਰੋਸਕੋਪਿਕ ਪ੍ਰਕਿਰਿਆ ਅਤੇ ਉਸ ਨਾਲ ਜੁੜੇ ਖ਼ਤਰਿਆਂ ਦੀ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਇਨ੍ਹਾਂ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਅਦਾਲਤ ਨੇ ਡਾਕਟਰ ਅਨੂ ਸ਼ਰਮਾ ਦੀ ਆਪ੍ਰੇਸ਼ਨ ਤੋਂ ਬਾਅਦ ਦੀ ਲਾਪਰਵਾਹੀ ਨੂੰ ਮੌਤ ਦਾ ਮੁੱਖ ਕਾਰਨ ਮੰਨਦਿਆਂ ਦਾਅਵੇ ਨੂੰ ਅੰਸ਼ਕ ਤੌਰ 'ਤੇ ਸਵੀਕਾਰ ਕੀਤਾ ਅਤੇ ਸਰਕਾਰ ਤੇ ਡਾਕਟਰ ਨੂੰ ਸਾਂਝੇ ਤੌਰ 'ਤੇ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।