ਜਲੰਧਰ ਤੋਂ ਗੁਰੂਗ੍ਰਾਮ ਤਕ ਮਿੱਤਲ ਪਰਿਵਾਰ 'ਤੇ ED ਦੀ ਰੇਡ, ਹਾਲ ਹੀ 'ਚ ਰਾਘਵ ਚੱਢਾ ਦੀ ਥਾਂ ਅਸ਼ੋਕ ਮਿੱਤਲ ਬਣੇ ਸਨ ਰਾਜ ਸਭਾ ਦੇ ਡਿਪਟੀ ਲੀਡਰ
ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ 'ਆਪ' ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਰਾਘਵ ਚੱਢਾ ਦੀ ਥਾਂ 'ਤੇ ਉਨ੍ਹਾਂ ਨੂੰ ਰਾਜ ਸਭਾ ਦੇ ਡਿਪਟੀ ਲੀਡਰ ਬਣਾਇਆ ਗਿਆ ਸੀ।
Publish Date: Wed, 15 Apr 2026 09:56 AM (IST)
Updated Date: Wed, 15 Apr 2026 10:12 AM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਈਡੀ (ED) ਨੇ ਰੇਡ ਮਾਰੀ ਹੈ। ਹਾਲ ਹੀ ਵਿੱਚ ਰਾਘਵ ਚੱਢਾ ਨੂੰ ਹਟਾ ਕੇ ਉਨ੍ਹਾਂ ਨੂੰ ਰਾਜ ਸਭਾ ਦਾ ਡਿਪਟੀ ਲੀਡਰ ਬਣਾਇਆ ਗਿਆ ਸੀ। ਗੁਰੂਗ੍ਰਾਮ ਵਿਚ ਵੀ ਅਸ਼ੋਕ ਮਿੱਤਲ ਦੇ ਪੁੱਤਰ ਦੇ ਘਰ ਵੀ ED ਦੀ ਰੇਡ ਰੋਈ ਹੈ।
ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਚਾਲਕ ਵੀ ਹਨ। ਈਡੀ ਨੇ ਬੁੱਧਵਾਰ ਸਵੇਰੇ ਕਰੀਬ 5:00 ਵਜੇ ਅਸ਼ੋਕ ਮਿੱਤਲ ਦੇ ਜਲੰਧਰ ਕੈਂਟ ਸਥਿਤ ਘਰ 'ਤੇ ਰੇਡ ਕੀਤੀ ਹੈ। ਮਿੱਤਲ ਉੱਚ ਸਿੱਖਿਆ ਦੇ ਖੇਤਰ ਵਿੱਚ ਆਪਣੇ ਸ਼ਲਾਘਾਯੋਗ ਕਾਰਜ ਅਤੇ ਸਮਾਜ ਸੇਵਾ ਲਈ ਜਾਣੇ ਜਾਂਦੇ ਹਨ।
ਸਧਾਰਨ ਪਰਿਵਾਰ ਵਿੱਚ ਜਨਮੇ ਅਸ਼ੋਕ ਮਿੱਤਲ ਨੇ ਆਪਣੀ ਮਿਹਨਤ ਅਤੇ ਯੋਗਤਾ ਦੇ ਦਮ 'ਤੇ ਸਫ਼ਲਤਾ ਪ੍ਰਾਪਤ ਕੀਤੀ ਅਤੇ ਇੰਨੇ ਵੱਡੇ ਮੁਕਾਮ ਤੱਕ ਪਹੁੰਚੇ ਹਨ। ਪੰਜਾਬ ਦੇ ਸਿੱਖਿਆ ਖੇਤਰ ਵਿੱਚ ਯੋਗਦਾਨ ਪਾਉਣ ਲਈ ਇਨ੍ਹਾਂ ਨੇ ਜਲੰਧਰ ਵਿੱਚ ਦੇਸ਼ ਦੀ ਪ੍ਰਸਿੱਧ ਯੂਨੀਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੀ ਸਥਾਪਨਾ ਕੀਤੀ। ਐੱਲਪੀਯੂ ਭਾਰਤ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। 50 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਹਨ।
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਡੀਐੱਮਕੇ ਸਾਂਸਦ ਕਨੀਮੋਝੀ ਦੀ ਪ੍ਰਧਾਨਗੀ ਹੇਠ ਰੂਸ, ਲਾਤਵੀਆ, ਸਲੋਵੇਨੀਆ, ਗ੍ਰੀਸ ਅਤੇ ਸਪੇਨ ਗਏ ਆਲ ਪਾਰਟੀ ਡੈਲੀਗੇਸ਼ਨ ਵਿੱਚ ਵੀ ਅਸ਼ੋਕ ਮਿੱਤਲ ਸ਼ਾਮਲ ਸਨ। ਸਾਲ 2024 ਵਿੱਚ ਜਦੋਂ ਕੇਜਰੀਵਾਲ ਨੇ ਜੇਲ੍ਹ ਤੋਂ ਪਰਤਣ ਤੋਂ ਬਾਅਦ ਦਿੱਲੀ ਦੇ ਸੀਐੱਮ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ, ਉਦੋਂ ਅਸ਼ੋਕ ਮਿੱਤਲ ਨੇ ਹੀ ਆਪਣਾ ਬੰਗਲਾ ਉਨ੍ਹਾਂ ਨੂੰ ਰਹਿਣ ਲਈ ਆਫਰ ਕੀਤਾ ਸੀ।
ਉਸ ਵਕਤ ਅਸ਼ੋਕ ਮਿੱਤਲ ਨੇ ਕਿਹਾ ਸੀ, ਕੇਜਰੀਵਾਲ ਵੱਲੋਂ ਸੀਐੱਮ ਰਿਹਾਇਸ਼ ਛੱਡਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਖ਼ੁਦ ਦੇ ਨਾਲ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਪ ਦੇ ਹੋਰ ਆਗੂਆਂ ਨੇ ਵੀ ਨਾਲ ਰਹਿਣ ਦਾ ਸੱਦਾ ਦਿੱਤਾ ਸੀ, ਪਰ ਉਨ੍ਹਾਂ ਨੇ ਮੇਰੇ ਨਾਲ ਰਹਿਣ ਦਾ ਫ਼ੈਸਲਾ ਲਿਆ।