ਲੋਕਾਂ ਨੂੰ ਆਪਣੇ ਨਾਲ ਪਾਣੀ ਦੀਆਂ ਬੋਤਲਾਂ ਲਿਆਉਣ ਤੋਂ ਵੀ ਮਨ੍ਹਾਂ ਕੀਤਾ ਗਿਆ ਸੀ। ਸਟੇਡੀਅਮ ’ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਣ ਦੀ ਗੱਲ ਕਹੀ ਗਈ ਸੀ ਪਰ ਇਸਦੇ ਬਾਵਜੂਦ ਪ੍ਰੋਗਰਾਮ ਦੌਰਾਨ ਨਾ ਸਿਰਫ ਪਾਣੀ ਦੀ ਬੋਤਲ ਦੀ ਜੰਮ ਕੇ ਵਿਕਰੀ ਹੋਈ, ਬਲਕਿ ਉਹ ਵੀ 10 ਗੁਣਾ ਵੱਧ ਕੀਮਤ ’ਤੇ, ਭਾਵ 20 ਰੁਪਏ ਦੀ ਬੋਤਲ 200 ਰੁਪਏ ’ਚ ਵੇਚੀ ਗਈ। ਇੰਟਰਨੈੱਟ ਮੀਡੀਆ ’ਤੇ ਇਸਦੀ ਵੀਡੀਓ ਵੀ ਪ੍ਰਸਾਰਿਤ ਹੋ ਰਹੀ ਹੈ।

ਸਟੇਟ ਬਿਊਰੋ, ਜਾਗਰਣ, ਕੋਲਕਾਤਾ : ਸਾਲਟ ਲੇਕ ਸਟੇਡੀਅਮ ’ਚ ਅਰਜਨਟੀਨਾ ਦੇ ਦਿੱਗਜ ਫੁੱਟਬਾਲਰ ਲਿਓਨ ਮੈਸੀ ਦੇ ਪ੍ਰੋਗਰਾਮ ਦੇ ਮਾੜੇ ਪ੍ਰਬੰਧਾਂ ਦੇ ਮਾਮਲੇ ’ਚ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ। ਬਿਧਾਨਨਗਰ ਪੁਲਿਸ ਕਮਿਸ਼ਨਰੇਟ ਨੇ ਪ੍ਰੋਗਰਾਮ ਤੋਂ ਕੁਝ ਦਿਨ ਪਹਿਲਾਂ ਬਾਕਾਇਦਾ ਪ੍ਰੈੱਸ ਕਾਨਫਰੰਸ ਕਰ ਕੇ ਸਪੱਸ਼ਟ ਕਰ ਦਿੱਤਾ ਸੀ ਕਿ ਦਰਸ਼ਕਾਂ ਨੂੰ ਪਾਣੀ ਦੀਆਂ ਬੋਤਲਾਂ ਦੀ ਵਿਕਰੀ ਨਹੀਂ ਹੋਵੇਗੀ। ਲੋਕਾਂ ਨੂੰ ਆਪਣੇ ਨਾਲ ਪਾਣੀ ਦੀਆਂ ਬੋਤਲਾਂ ਲਿਆਉਣ ਤੋਂ ਵੀ ਮਨ੍ਹਾਂ ਕੀਤਾ ਗਿਆ ਸੀ। ਸਟੇਡੀਅਮ ’ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਣ ਦੀ ਗੱਲ ਕਹੀ ਗਈ ਸੀ ਪਰ ਇਸਦੇ ਬਾਵਜੂਦ ਪ੍ਰੋਗਰਾਮ ਦੌਰਾਨ ਨਾ ਸਿਰਫ ਪਾਣੀ ਦੀ ਬੋਤਲ ਦੀ ਜੰਮ ਕੇ ਵਿਕਰੀ ਹੋਈ, ਬਲਕਿ ਉਹ ਵੀ 10 ਗੁਣਾ ਵੱਧ ਕੀਮਤ ’ਤੇ, ਭਾਵ 20 ਰੁਪਏ ਦੀ ਬੋਤਲ 200 ਰੁਪਏ ’ਚ ਵੇਚੀ ਗਈ। ਇੰਟਰਨੈੱਟ ਮੀਡੀਆ ’ਤੇ ਇਸਦੀ ਵੀਡੀਓ ਵੀ ਪ੍ਰਸਾਰਿਤ ਹੋ ਰਹੀ ਹੈ।
ਯਾਦ ਰਹੇ ਕਿ ਮੈਸੀ ਨੂੰ ਠੀਕ ਤਰ੍ਹਾਂ ਨਾ ਦੇਖ ਸਕਣ ਕਾਰਨ ਭੜਕੇ ਦਰਸ਼ਕਾਂ ਨੇ ਸਭ ਤੋਂ ਪਹਿਲਾਂ ਮੈਦਾਨ ’ਤੇ ਬੋਤਲਾਂ ਸੁੱਟ ਕੇ ਵਿਰੋਧ ਪ੍ਰਗਟਾਉਣਾ ਸ਼ੁਰੂ ਕੀਤਾ ਸੀ। ਸਵਾਲ ਉੱਠ ਰਿਹਾ ਹੈ ਕਿ ਇਸਦੀ ਵਿਕਰੀ ਦੀ ਇਜਾਜ਼ਤ ਕਿਸਨੇ ਦਿੱਤੀ? ਬਿਧਾਨਨਗਰ ਪੁਲਿਸ ਕਮਿਸ਼ਨਰੇਟ ਫਿਲਹਾਲ ਚੁੱਪ ਹੈ। ਬਿਧਾਨਨਗਰ ਦੱਖਣੀ ਥਾਣੇ ਦੀ ਪੁਲਿਸ ਨੇ ਸਟੇਡੀਅਮ ’ਚ ਤੋੜ-ਭੰਨ ਕਰਨ ਵਾਲੇ ਅਣਪਛਾਤੇ ਲੋਕਾਂ ਵਿਰੁੱਧ ਐੱਫਆਈਆਰ ਦਰਜ ਕੀਤੀ ਹੈ। ਉਨ੍ਹਾਂ ’ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੇ ਸਰਕਾਰੀ ਮੁਲਾਜ਼ਮਾਂ ਨੂੰ ਮਾਰਨ-ਕੁੱਟਣ ਦੇ ਦੋਸ਼ ਲਗਾਏ ਗਏ ਹਨ। ਘਟਨਾ ’ਚ ਇਕ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋਇਆ ਹੈ। ਯਾਦ ਰਹੇ ਕਿ ਆਈਲੀਗ ਤੇ ਡੂਰੰਡ ਕੱਪ ਦੇ ਮੈਚਾਂ ਦੇ ਸਮੇਂ ਵੀ ਸਟੇਡੀਅਮ ’ਚ ਪਾਣੀ ਦੀ ਬੋਤਲ ਦੀ ਵਿਕਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ।
ਸ਼ਤਾਦਰੂ 14 ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜਿਆ
ਪ੍ਰੋਗਰਾਮ ਦੇ ਆਯੋਜਕ ਸ਼ਤਾਦਰੂ ਨੂੰ ਐਤਵਾਰ ਸਵੇਰੇ ਸਖ਼ਤ ਸੁਰੱਖਿਆ ’ਚ ਬਿਧਾਨਨਗਰ ਮਹਿਕਮਾ ਅਦਾਲਤ ’ਚ ਪੇਸ਼ ਕੀਤਾ ਗਿਆ। ਕਰੀਬ 20 ਮਿੰਟ ਸੁਣਵਾਈ ਚੱਲੀ। ਸ਼ਤਾਦਰੂ ਦੇ ਵਕੀਲ ਨੇ ਜ਼ਮਾਨਤ ਦੀ ਅਰਜ਼ੀ ਦੇ ਕੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵੱਕਿਲ ਮੈਸੀ ਦੇ ਭਾਰਤ ਦੌਰੇ ਦੇ ਮੁੱਖ ਆਯੋਜਕ ਹਨ। ਦੌਰਾ ਹਾਲੇ ਜਾਰੀ ਹੈ, ਉਥੇ ਉਨ੍ਹਾਂ ਦੀ ਲੋੜ ਹੈ, ਇਸ ਲਈ ਨਿੱਜੀ ਮੁਚਲਕੇ ’ਤੇ ਰਿਹਾਅ ਕੀਤਾ ਜਾਵੇ। ਸਰਕਾਰੀ ਵਕੀਲ ਨੇ ਕਿਹਾ ਕਿ ਜਾਂਚ ਸ਼ੁਰੂਆਤੀ ਦੌਰ ’ਚ ਹੈ, ਇਸ ਲਈ ਸ਼ਤਾਦਰੂ ਦੀ ਲੋੜ ਹੈ। ਦਲੀਲਾਂ ਸੁਣਨ ਮਗਰੋਂ ਜੱਜ ਨੇ ਸ਼ਤਾਦਰੂ ਨੂੰ 14 ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜ ਦਿੱਤਾ।
ਸਟੇਡੀਅਮ ਨੂੰ ਸਵਾ ਦੋ ਕਰੋੜ ਦਾ ਨੁਕਸਾਨ
ਸਾਲਟ ਲੇਕ ਸਟੇਡੀਅਮ ਨੂੰ ਤੋੜ-ਭੰਨ ਨਾਲ ਸ਼ੁਰੂਆਤੀ ਤੌਰ ’ਤੇ ਦੋ ਤੋਂ ਸਵਾ ਦੋ ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਹੈ। ਯਾਦ ਰਹੇ ਕਿ ਭੜਕੀ ਭੀੜ ਨੇ ਸਟੇਡੀਅਮ ਦੀਆਂ ਕੁਰਸੀਆਂ ਤੋਂ ਲੈ ਕੇ ਟਨਲ, ਟੈਂਟ ਤੇ ਗੋਲ ਪੋਸਟ ਦੇ ਜਾਲ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਸਰਕਾਰ ਘਟਨਾ ਦਾ ਪੂਰਾ ਭਾਂਡਾ ਪ੍ਰਬੰਧਕਾਂ ਸਿਰ ਭੰਨ ਰਹੀ ਹੈ।