ਸੂਤਰਾਂ ਮੁਤਾਬਕ ਪਿਛਲੇ ਦਿਨਾਂ ਦੌਰਾਨ ਦਿੱਲੀ ਵਿਚ ਹੋਈ ਬੈਠਕ ਵਿਚ ਵੀ ਇਸ ਬਾਰੇ ਵਿਚਾਰ-ਵਟਾਂਦਰਾ ਹੋ ਚੁੱਕਾ ਹੈ। ਸਾਲ 2024 ਵਿਚ ਬਹੁਮਤ ਹੋਣ ਦੇ ਬਾਵਜੂਦ ਕ੍ਰਾਸ ਵੋਟਿੰਗ ਨੇ ਕਾਂਗਰਸ ਦੇ ਹੱਥੋਂ ਭਾਜਪਾ ਨੇ ਰਾਜ ਸਭਾ ਦੀ ਸੀਟ ਖੋਹ ਲਈ ਸੀ। ਉਸ ਸਮੇਂ ਭਾਜਪਾ ਦੇ ਹਰਸ਼ ਮਹਾਜਨ ਚੋਣ ਜਿੱਤੇ ਸਨ।

ਸ਼ਿਮਲਾ: ਰਾਜ ਸਭਾ ਚੋਣਾਂ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੀ ਸਿਆਸਤ ਵਿਚ ਹਲਚਲ ਹੈ। ਭਾਜਪਾ ਤੋਂ ਰਾਜ ਸਭਾ ਮੈਂਬਰ ਇੰਦੂ ਗੋਸਵਾਮੀ ਦਾ ਕਾਰਜਕਾਲ ਅਪ੍ਰੈਲ ਵਿਚ ਪੂਰਾ ਹੋਣ ਜਾ ਰਿਹਾ ਹੈ। ਰਾਜ ਸਭਾ ਚੋਣਾਂ ਨੂੰ ਲੈ ਕੇ ਹਿਮਾਚਲ ਕਾਂਗਰਸ ਚਿੰਤਤ ਹੈ। ਚਿੰਤਾ ਇਸ ਗੱਲ ਦੀ ਹੈ ਕਿ ਹੁਣ ਕਿਸ ਨੂੰ ਮੈਦਾਨ ਵਿਚ ਉਤਾਰਿਆ ਜਾਵੇ। ਕਾਂਗਰਸ ਦੇ ਕਈ ਕੌਮੀ ਪੱਧਰ ਦੇ ਆਗੂ ਵੀ ਖਾਲੀ ਸੀਟ 'ਤੇ ਨਜ਼ਰ ਰੱਖ ਕੇ ਬੈਠੇ ਹਨ। ਇਸ ਦੇ ਨਾਲ ਹੀ ਹਿਮਾਚਲ ਵਿਚ ਵੀ ਲੀਡਰਾਂ ਦੀ ਕੋਈ ਕਮੀ ਨਹੀਂ ਹੈ। ਪਿਛਲੀ ਵਾਰ ਬਹੁਮਤ ਵਿਚ ਪਿੱਛੇ ਹੋਣ ਦੇ ਬਾਵਜੂਦ ਭਾਜਪਾ ਨੇ ਨਾ-ਸਿਰਫ ਉਮੀਦਵਾਰ ਉਤਾਰਿਆ ਸਗੋਂ ਜਿੱਤ ਵੀ ਦਰਜ ਕੀਤੀ ਸੀ।
ਸੂਤਰਾਂ ਮੁਤਾਬਕ ਪਿਛਲੇ ਦਿਨਾਂ ਦੌਰਾਨ ਦਿੱਲੀ ਵਿਚ ਹੋਈ ਬੈਠਕ ਵਿਚ ਵੀ ਇਸ ਬਾਰੇ ਵਿਚਾਰ-ਵਟਾਂਦਰਾ ਹੋ ਚੁੱਕਾ ਹੈ। ਸਾਲ 2024 ਵਿਚ ਬਹੁਮਤ ਹੋਣ ਦੇ ਬਾਵਜੂਦ ਕ੍ਰਾਸ ਵੋਟਿੰਗ ਨੇ ਕਾਂਗਰਸ ਦੇ ਹੱਥੋਂ ਭਾਜਪਾ ਨੇ ਰਾਜ ਸਭਾ ਦੀ ਸੀਟ ਖੋਹ ਲਈ ਸੀ। ਉਸ ਸਮੇਂ ਭਾਜਪਾ ਦੇ ਹਰਸ਼ ਮਹਾਜਨ ਚੋਣ ਜਿੱਤੇ ਸਨ। ਇਸ ਤੋਂ ਬਾਅਦ ਸੂਬੇ ਵਿਚ ਰਾਜਨੀਤਕ ਸੰਕਟ ਖੜ੍ਹਾ ਹੋ ਗਿਆ ਸੀ। ਪਿਛਲੀਆਂ ਗ਼ਲਤੀਆਂ ਨੂੰ ਇਸ ਵਾਰ ਨਾ ਦੁਹਰਾਉਣ ਲਈ ਕਾਂਗਰਸ ਫੂਕ-ਫੂਕ ਕੇ ਕਦਮ ਰੱਖੇਗੀ। ਇਸ ਵੇਲੇ ਹਿਮਾਚਲ ਵਿਚ ਕਾਂਗਰਸ ਕੋਲ 40 ਵਿਧਾਇਕ ਹਨ, ਜਦਕਿ ਵਿਰੋਧੀ ਪਾਰਟੀ ਭਾਜਪਾ ਦੇ ਕੋਲ 28 ਹਨ। ਇਨ੍ਹਾਂ ਦੀਆਂ ਵੋਟਾਂ ਜ਼ਰੀਏ ਨਵੇਂ ਰਾਜ ਸਭਾ ਮੈਂਬਰ ਦੀ ਚੋਣ ਹੋਣੀ ਹੈ। ਕਾਂਗਰਸ ਦੀ ਅੰਦਰੂਨੀ ਗਰੁੱਪਬਾਜ਼ੀ 'ਤੇ ਵਿਰੋਧੀ ਪਾਰਟੀ ਦੀ ਨਜ਼ਰ ਹੈ।
ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਅਨੰਦ ਸ਼ਰਮਾ, ਸਾਬਕਾ ਲੋਕ ਸਭਾ ਮੈਂਬਰ ਪ੍ਰਤਿਭਾ ਸਿੰਘ, ਕੌਲ ਸਿੰਘ ਥਾਕੁਰ, ਆਸ਼ਾ ਕੁਮਾਰੀ ਵਰਗੇ ਸੀਨੀਅਰ ਆਗੂ ਕਾਂਗਰਸ ਕੋਲ ਹਨ। ਕਾਂਗਰਸ ਦੇ ਪ੍ਰਦੇਸ਼ ਮਾਮਲਿਆਂ ਦੀ ਇੰਚਾਰਜ ਰਜਨੀ ਪਾਟਿਲ ਦਾ ਰਾਜ ਸਭਾ ਦਾ ਕਾਰਜਕਾਲ ਮੁਕੰਮਲ ਹੋਣ ਜਾ ਰਿਹਾ ਹੈ। ਇਸ ਲਈ ਉਨ੍ਹਾਂ ਦੇ ਨਾਂ ਦੀ ਚਰਚਾ ਸਭ ਤੋਂ ਵੱਧ ਹੈ। ਪਾਟਿਲ ਦੂਜੀ ਵਾਰ ਹਿਮਾਚਲ ਕਾਂਗਰਸ ਦੀ ਇੰਚਾਰਜ ਬਣੇ ਹਨ।
ਕਾਂਗਰਸ ਦੇ 6 ਤੇ ਤਿੰਨ ਆਜ਼ਾਦ ਵਿਧਾਇਕਾਂ ਨੇ ਛੱਡਿਆ ਸੀ ਸਾਥ : ਸਾਲ 2024 ਵਿਚ ਰਾਜ ਸਭਾ ਚੋਣਾਂ ਵਿਚ ਕਾਂਗਰਸ ਨੇ ਹਿਮਾਚਲ ਤੋਂ ਉਮੀਦਵਾਰ ਬਣਾਉਣ ਦੀ ਬਜਾਏ ਕਾਂਗਰਸ ਆਗੂ ਅਭਿਸ਼ੇਕ ਮਨੂੰ ਸਿੰਘਵੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਕਾਂਗਰਸ ਵਿਚ ਚੱਲ ਰਹੀ ਖਿੱਚੋਤਾਣ ਕਾਰਨ ਕਾਂਗਰਸ ਦੇ 6 ਵਿਧਾਇਕਾਂ ਨੇ ਕ੍ਰਾਸ ਵੋਟ ਪਾਈ ਸੀ। ਇਸ ਤੋਂ ਬਾਅਦ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ, ਜਦਕਿ 3 ਆਜ਼ਾਦ ਵਿਧਾਇਕਾਂ ਨੇ ਵੀ ਭਾਜਪਾ ਦੇ ਹੱਕ ਵਿਚ ਵੋਟਿੰਗ ਕੀਤੀ ਸੀ। ਬਰਾਬਰ ਵੋਟਾਂ ਹੋਣ ਕਾਰਨ ਡ੍ਰਾਅ ਤੋਂ ਨਿਕਲੇ ਨਤੀਜੇ ਵਿਚ ਭਾਜਪਾ ਦੇ ਉਮੀਦਵਾਰ ਜਿੱਤੇ ਸਨ।