ਮੌਜੂਦਾ ਦੌਰ ਵਿਚ ਬੰਬ ਤੇ ਆਈਈਡੀ ਦਾ ਖ਼ਤਰਾ ਸਿਰਫ਼ ਸਰਹੱਦੀ ਇਲਾਕਿਆਂ ਤੱਕ ਸੀਮਤ ਨਹੀਂ ਰਹਿ ਗਿਆ। ਜਨਤਕ ਥਾਵਾਂ ’ਤੇ ਸ਼ੱਕੀ ਵਸਤੂਆਂ ਮਿਲਣ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਸੰਦਰਭ ਵਿਚ ਬੰਬ ਨਕਾਰਾ ਕਰਨ ਵਾਲਾ ਦਸਤਾ ਸਭ ਤੋਂ ਪਹਿਲਾਂ ਮੌਕੇ ’ਤੇ ਪੁੱਜਦਾ ਹੈ ਅਤੇ ਜਿਸ ਸਾਜ਼ੋ-ਸਾਮਾਨ ਦੀ ਵਰਤੋਂ ਕਰਦੇ ਹਨ, ਉਹੀ ਇਹ ਤੈਅ ਕਰਦੇ ਹਨ ਕਿ ਖ਼ਤਰਾ ਟਲ ਜਾਵੇਗਾ ਜਾਂ ਨੁਕਸਾਨ ਵਧੇਗਾ।

ਜਾਗਰਣ ਬਿਊਰੋ, ਨਵੀਂ ਦਿੱਲੀ : ਆਮ ਲੋਕਾਂ ਤੇ ਅੰਦਰੂਨੀ ਸੁਰੱਖਿਆ ਨਾਲ ਜੁੜੇ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਰਾਸ਼ਟਰੀ ਖਪਤਕਾਰ ਦਿਵਸ ਮੌਕੇ ਬੰਬ ਨਕਾਰਾ ਕਰਨ ਵਾਲੇ ਸਾਜ਼ੋ-ਸਾਮਾਨ ਲਈ ਨਵਾਂ ਭਾਰਤੀ ਮਾਪਦੰਡ (ਆਈਐੱਸ 19445: 2025) ਜਾਰੀ ਕੀਤਾ ਗਿਆ ਹੈ। ਇਸ ਦੀ ਮਦਦ ਨਾਲ ਰੇਲਵੇ ਸਟੇਸ਼ਨ, ਏਅਰਪੋਰਟ, ਬਾਜ਼ਾਰ, ਧਾਰਮਿਕ ਸਥਾਨ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਮੌਜੂਦ ਆਮ ਲੋਕਾਂ ਦੀ ਸੁਰੱਖਿਆ ਹੋਰ ਮਜ਼ਬੂਤ ਕੀਤੀ ਜਾ ਸਕੇਗੀ।
ਮੌਜੂਦਾ ਦੌਰ ਵਿਚ ਬੰਬ ਤੇ ਆਈਈਡੀ ਦਾ ਖ਼ਤਰਾ ਸਿਰਫ਼ ਸਰਹੱਦੀ ਇਲਾਕਿਆਂ ਤੱਕ ਸੀਮਤ ਨਹੀਂ ਰਹਿ ਗਿਆ। ਜਨਤਕ ਥਾਵਾਂ ’ਤੇ ਸ਼ੱਕੀ ਵਸਤੂਆਂ ਮਿਲਣ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਸੰਦਰਭ ਵਿਚ ਬੰਬ ਨਕਾਰਾ ਕਰਨ ਵਾਲਾ ਦਸਤਾ ਸਭ ਤੋਂ ਪਹਿਲਾਂ ਮੌਕੇ ’ਤੇ ਪੁੱਜਦਾ ਹੈ ਅਤੇ ਜਿਸ ਸਾਜ਼ੋ-ਸਾਮਾਨ ਦੀ ਵਰਤੋਂ ਕਰਦੇ ਹਨ, ਉਹੀ ਇਹ ਤੈਅ ਕਰਦੇ ਹਨ ਕਿ ਖ਼ਤਰਾ ਟਲ ਜਾਵੇਗਾ ਜਾਂ ਨੁਕਸਾਨ ਵਧੇਗਾ।
ਖਪਤਕਾਰ ਮਾਮਲਿਆਂ ਦੇ ਵਿਭਾਗ ਦੀ ਸਕੱਤਰ ਨਿਧੀ ਖਰੇ ਨੇ ਕਿਹਾ ਕਿ ਹੁਣ ਤੱਕ ਇਸ ਸਾਜ਼ੋ-ਸਾਮਾਨ ਲਈ ਦੇਸ਼ ਵਿਚ ਕੋਈ ਸਪੱਸ਼ਟ ਮਾਪਦੰਡ ਨਹੀਂ ਸੀ। ਵੱਖ-ਵੱਖ ਏਜੰਸੀਆਂ ਵੱਖ-ਵੱਖ ਗੁਣਵੱਤਾ ਵਾਲੇ ਸਾਜ਼ੋ-ਸਾਮਾਨ ਦੀ ਵਰਤੋਂ ਕਰਦੀਆਂ ਸਨ ਜਿਨ੍ਹਾਂ ਦੀ ਸਮਰੱਥਾ ਹਰ ਵਾਰ ਇੱਕੋ ਜਿਹੀ ਨਹੀਂ ਹੁੰਦੀ ਸੀ। ਨਵਾਂ ਭਾਰਤੀ ਮਾਪਦੰਡ ਇਸ ਕਮੀ ਨੂੰ ਦੂਰ ਕਰਦਾ ਹੈ। ਇਹ ਤੈਅ ਕਰਦਾ ਹੈ ਕਿ ਬੰਬ ਨਕਾਰਾ ਕਰਨ ਵਿਚ ਵਰਤੇ ਜਾਣ ਵਾਲੇ ਉਪਕਰਨ ਕਿਹੋ ਜਿਹੇ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਜਾਂਚ ਕਿਵੇਂ ਕੀਤੀ ਜਾਵੇਗੀ। ਬੰਬ ਨੂੰ ਢਕਣ ਵਾਲੀ ਚਾਦਰ ਯਾਨੀ ਬਲੈਂਕੇਟ ਹੁਣ ਸਿਰਫ ਮੋਟੀ ਚਾਦਰ ਨਹੀਂ ਰਹੇਗੀ ਸਗੋਂ ਅਜਿਹੀ ਖਾਸ ਸਮੱਗਰੀ ਨਾਲ ਬਣੀ ਹੋਵੇਗੀ ਜਿਹੜੀ ਧਮਾਕੇ ਦੀ ਤਾਕਤ ਨੂੰ ਰੋਕ ਸਕੇ, ਛੱਰਿਆਂ ਨੂੰ ਬਾਹਰ ਉੱਡਣ ਤੋਂ ਬਚਾਅ ਸਕੇ ਅਤੇ ਧਮਾਕੇ ਦਾ ਅਸਰ ਆਸਪਾਸ ਫੈਲਣ ਤੋਂ ਪਹਿਲਾਂ ਘਟਾ ਦੇਵੇ।
ਇਸੇ ਤਰ੍ਹਾਂ ਬੰਬ ਬਾਸਕੇਟ ਲਈ ਵੀ ਨਿਯਮ ਤੈਅ ਕੀਤੇ ਗਏ ਹਨ। ਦੇਖਿਆ ਜਾਵੇਗਾ ਕਿ ਧਮਾਕੇ ਦੇ ਝਟਕੇ ਵਿਚ ਬਾਸਕੇਟ ਨਾ ਟੁੱਟੇ। ਬਾਸਕੇਟ ਦਾ ਢਾਂਚਾ ਅਜਿਹਾ ਹੋਣਾ ਚਾਹੀਦਾ ਹੈ ਕਿ ਧਮਾਕੇ ਦੀ ਤਾਕਤ ਚਾਰਾਂ ਪਾਸੇ ਫੈਲਣ ਦੀ ਬਜਾਏ ਉੱਪਰ ਵੱਲ ਜਾਵੇ ਜਿਸ ਨਾਲ ਆਸਪਾਸ ਖੜ੍ਹੇ ਲੋਕ ਸੁਰੱਖਿਅਤ ਰਹਿਣ। ਮਾਪਦੰਡ ਵਿਚ ਛੱਰਿਆਂ ’ਤੇ ਵੀ ਖਾਸ ਧਿਆਨ ਦਿੱਤਾ ਗਿਆ ਹੈ, ਕਿਉਂਕਿ ਜ਼ਿਆਦਾਤਰ ਨੁਕਸਾਨ ਛੱਰਿਆਂ ਕਾਰਨ ਹੀ ਹੁੰਦਾ ਹੈ। ਹੁਣ ਤੈਅ ਕੀਤਾ ਜਾਵੇਗਾ ਕਿ ਧਮਾਕਾ ਹੋਣ ’ਤੇ ਛੱਰੇ ਕਿੰਨੀ ਦੂਰੀ ਤੱਕ ਜਾ ਸਕਦੇ ਹਨ ਅਤੇ ਕਿਸ ਦਾਇਰੇ ਵਿਚ ਖ਼ਤਰਾ ਰਹੇਗਾ। ਉਪਕਰਨ ਉਦੋਂ ਹੀ ਮਨਜ਼ੂਰ ਕੀਤੇ ਜਾਣਗੇ ਜਦੋਂ ਉਹ ਛੱਰਿਆਂ ਦੀ ਦੂਰੀ ਅਤੇ ਅਸਰ ਨੂੰ ਤੈਅ ਹੱਦ ਵਿਚ ਰੋਕਣ ਵਿਚ ਸਮਰੱਥ ਹੋਣਗੇ। ਇਸ ਨਾਲ ਪੁਲਿਸ ਤੇ ਪ੍ਰਸ਼ਾਸਨ ਨੂੰ ਇਹ ਸਮਝਣ ਵਿਚ ਆਸਾਨੀ ਹੋਵੇਗੀ ਕਿ ਲੋਕਾਂ ਨੂੰ ਕਿੰਨੀ ਦੂਰ ਹਟਾਉਣਾ ਜਰੂਰੀ ਹੈ।
ਨਵੇਂ ਮਾਪਦੰਡ ਦਾ ਫ਼ਾਇਦਾ ਬੰਬ ਨਕਾਰਾ ਕਰਨ ਵਾਲੇ ਦਸਤਿਆਂ ਤੇ ਆਮ ਲੋਕਾਂ ਨੂੰ ਹੋਵੇਗਾ
ਨਵੇਂ ਮਾਪਦੰਡ ਦਾ ਸਭ ਤੋਂ ਵੱਡਾ ਫ਼ਾਇਦਾ ਬੰਬ ਨਕਾਰਾ ਕਰਨ ਵਾਲੇ ਦਸਤਿਆਂ ਅਤੇ ਆਮ ਲੋਕਾਂ ਨੂੰ ਮਿਲੇਗਾ। ਬੰਬ ਨਕਾਰਾ ਕਰਨ ਵਾਲੇ ਮੁਲਾਜ਼ਮ ਜ਼ਿਆਦਾ ਸੁਰੱਖਿਅਤ ਹੋ ਕੇ ਕੰਮ ਕਰ ਸਕਣਗੇ ਅਤੇ ਉਨ੍ਹਾਂ ਦੀ ਜ਼ਿੰਦਗੀ ’ਤੇ ਖ਼ਤਰਾ ਘਟੇਗਾ। ਮਾਪਦੰਡ ਤਿਆਰ ਕਰਨ ਵਿਚ ਡੀਆਰਡੀਓ, ਪੁਲਿਸ, ਸੁਰੱਖਿਆ ਬਲ ਅਤੇ ਹੋਰ ਮਾਹਰ ਅਦਾਰਿਆਂ ਦੀ ਭਾਈਵਾਲੀ ਹੈ। ਇਸ ਲਈ ਇਹ ਸਿਰਫ ਕਾਗਜ਼ਾਂ ਤੱਕ ਸੀਮਤ ਨਹੀਂ ਹੈ ਬਲਕਿ ਜ਼ਮੀਨ ’ਤੇ ਕੰਮ ਕਰਨ ਵਾਲਿਆਂ ਦੇ ਅਨੁਭਵ ਤੋਂ ਨਿਕਲਿਆ ਹੈ। ਇਸ ਨਾਲ ਦੇਸ਼ ਵਿਚ ਬਣਨ ਵਾਲੇ ਸੁਰੱਖਿਆ ਸਾਜ਼ੋ-ਸਾਮਾਨ ਦੀ ਗੁਣਵੱਤਾ ਵੀ ਸੁਧਰੇਗੀ ਅਤੇ ਕਮਜ਼ੋਰ ਉਪਕਰਨਾਂ ’ਤੇ ਰੋਕ ਲੱਗੇਗੀ।