ਮੰਗਲਵਾਰ ਨੂੰ ਐੱਨਬੀਈਐੱਮ ਵੱਲੋਂ ਪ੍ਰਕਾਸ਼ਿਤ ਨੋਟਿਸ ਮੁਤਾਬਕ, ਆਮ ਵਰਗ ਲਈ ਨੀਟ-ਪੀਜੀ ਦਾ ਕਟਆਫ 50 ਫ਼ੀਸਦੀ ਤੋਂ ਘਟਾ ਕੇ ਸੱਤ ਫ਼ੀਸਦੀ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਕਾਊਂਸਲਿੰਗ ਦੇ ਦੂਜੇ ਪੜਾਅ ਦੇ ਪੂਰਾ ਹੋਣ ਤੋਂ ਬਾਅਦ ਲਿਆ ਗਿਆ ਹੈ।

ਨਵੀਂ ਦਿੱਲੀ (ਪੀਟੀਆਈ) : ਦੇਸ਼ ਭਰ ’ਚ 18 ਹਜ਼ਾਰ ਤੋਂ ਵੱਧ ਪੋਸਟ ਗ੍ਰੈਜੂਏਟ ਮੈਡੀਕਲ ਸੀਟਾਂ ਖਾਲੀ ਰਹਿਣ ਕਾਰਨ ਰਾਸ਼ਟਰੀ ਮੈਡੀਕਲ ਵਿਗਿਆਨ ਪ੍ਰੀਖਿਆ ਬੋਰਡ (ਐੱਨਬੀਈਐੱਮਐੱਸ) ਨੇ ਨੀਟ-ਪੀਜੀ 2025 ਪ੍ਰਵੇਸ਼ ਲਈ ਯੋਗਤਾ ਫ਼ੀਸਦੀ ’ਚ ਸੋਧ ਕੀਤੀ ਹੈ। ਰਾਖਵੇਂ ਵਰਗਾਂ ਲਈ ਕਟਆਫ 40 ਫ਼ੀਸਦੀ ਤੋਂ ਘਟਾ ਕੇ ਸਿਫ਼ਰ ਫ਼ੀਸਦੀ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਐੱਨਬੀਈਐੱਮ ਵੱਲੋਂ ਪ੍ਰਕਾਸ਼ਿਤ ਨੋਟਿਸ ਮੁਤਾਬਕ, ਆਮ ਵਰਗ ਲਈ ਨੀਟ-ਪੀਜੀ ਦਾ ਕਟਆਫ 50 ਫ਼ੀਸਦੀ ਤੋਂ ਘਟਾ ਕੇ ਸੱਤ ਫ਼ੀਸਦੀ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਕਾਊਂਸਲਿੰਗ ਦੇ ਦੂਜੇ ਪੜਾਅ ਦੇ ਪੂਰਾ ਹੋਣ ਤੋਂ ਬਾਅਦ ਲਿਆ ਗਿਆ ਹੈ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਇਸ ਸੋਧ ਦਾ ਟੀਚਾ ਉਪਲੱਬਧ ਸੀਟਾਂ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣਾ ਹੈ, ਜੋ ਭਾਰਤ ’ਚ ਸਿਖਲਾਈ ਹਾਸਲ ਮੈਡੀਕਲ ਮਾਹਿਰਾਂ ਦੀ ਗਿਣਤੀ ਵਧਾਉਣ ਲਈ ਬਹੁਤ ਮਹੱਤਵਪੂਰਨ ਹੈ। ਅਜਿਹੀਆਂ ਸੀਟਾਂ ਨੂੰ ਖਾਲੀ ਛੱਡਣ ਨਾਲ ਸਿਹਤ ਸੇਵਾ ਵੰਡ ’ਚ ਸੁਧਾਰ ਦੀਆਂ ਕੋਸ਼ਿਸ਼ਾਂ ਨੂੰ ਨੁਕਸਾਨ ਪੁੱਜਦਾ ਹੈ ਤੇ ਕੀਮਤੀ ਵਿੱਦਿਅਕ ਸਾਧਨਾਂ ਦਾ ਨੁਕਸਾਨ ਹੁੰਦਾ ਹੈ।
ਨੀਟ-ਪੀਜੀ ਇਕ ਰੈਂਕਿੰਗ ਤੰਤਰ ਦੇ ਰੂਪ ’ਚ ਕੰਮ ਕਰਦਾ ਹੈ, ਜੋ ਕੇਂਦਰੀਕ੍ਰਿਤ ਕੌਂਸਲਿੰਗ ਰਾਹੀਂ ਪਾਰਦਰਸ਼ੀ ਤੇ ਯੋਗਤਾ-ਆਧਾਰਿਤ ਸੀਟ ਵੰਡ ਨੂੰ ਆਸਾਨ ਬਣਾਉਂਦਾ ਹੈ। ਪਿਛਲੀ ਫ਼ੀਸਦੀ ਹੱਦ ਨੇ ਸੀਟਾਂ ਦੀ ਉਪਲੱਬਧਤਾ ਦੇ ਬਾਵਜੂਦ ਯੋਗ ਉਮੀਦਵਾਰਾਂ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਸੀ। ਮੁੱਖ ਬਿੰਦੂਆਂ ਨੂੰ ਸੂਚੀਬੱਧ ਕਰਦੇ ਹੋਏ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਪ੍ਰਵੇਸ਼ ਪ੍ਰਕਿਰਿਆ ਪੂਰੀ ਤਰ੍ਹਾਂ ਯੋਗਤਾ ਆਧਾਰਿਤ ਰਹੇਗੀ, ਜੋ ਨੀਟ-ਪੀਜੀ ਰੈਂਕ ਤੇ ਉਮੀਦਵਾਰਾਂ ਦੀਆਂ ਤਰਜੀਹਾਂ ਦੇ ਆਧਾਰ ’ਤੇ ਤੈਅ ਕੀਤੀ ਜਾਵੇਗੀ।
ਸੀਟਾਂ ਦੀ ਵੰਡ ਸਿਰਫ਼ ਅਧਿਕਾਰਤ ਸਲਾਹ ਪ੍ਰਕਿਰਿਆਵਾਂ ਰਾਹੀਂ ਕੀਤੀ ਜਾਵੇਗੀ ਤੇ ਪ੍ਰਤੱਖ ਜਾਂ ਵਿਵੇਕ ਅਧੀਨ ਪ੍ਰਵੇਸ਼ ਦੀ ਇਜਾਜ਼ਤ ਨਹੀਂ ਹੈ। ਸੂਤਰਾਂ ਨੇ ਦੱਸਿਆ ਕੀ ਸੀਟਾਂ ਦੀ ਵੰਡ ਪਹਿਲਾਂ ਦੀ ਤਰ੍ਹਾਂ ਹੀ ਯੋਗਤਾ ਤੇ ਪਸੰਦ ਆਧਾਰਿਤ ਵੰਡ ਨਾਲ ਨਿਰਦੇਸ਼ਿਤ ਹੋਵੇਗੀ। ਵਿੱਦਿਅਕ ਮਾਪਦੰਡਾਂ ’ਚ ਕੋਈ ਕਮੀ ਨਹੀਂ ਆਏਗੀ ਤੇ ਫ਼ੀਸਦੀ ’ਚ ਸੋਧ ਸਿਰਫ਼ ਪਹਿਲਾਂ ਤੋਂ ਹੀ ਯੋਗ ਐੱਮਬੀਬੀਐੱਸ ਡਾਕਟਰਾਂ ਵਿਚਾਲੇ ਯੋਗਤਾ ਦਾ ਘੇਰਾ ਵਧਾਉਂਦੀ ਹੈ।
ਸੂਤਰਾਂ ਨੇ ਇਹ ਵੀ ਕਿਹਾ ਕਿ ਪਾਰਦਰਸ਼ਤਾ ਤੇ ਨਿਰਪੱਖਤਾ ਇਸ ਪ੍ਰਕਿਰਿਆ ਦੇ ਕੇਂਦਰ ’ਚ ਹਨ। ਜ਼ਿਕਰਯੋਗ ਹੈ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ 12 ਜਨਵਰੀ ਨੂੰ ਰਸਮੀ ਤੌਰ ’ਤੇ ਯੋਗਤਾ ਕਟਆਫ ਫ਼ੀਸਦੀ ’ਚ ਸੋਧ ਦੀ ਬੇਨਤੀ ਕੀਤੀ ਸੀ, ਜਿਸ ’ਚ ਸੀਟਾਂ ਨੂੰ ਖਾਲੀ ਰਹਿਣ ਤੋਂ ਰੋਕਣ ਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਦਾ ਹਵਾਲਾ ਦਿੱਤਾ ਗਿਆ ਸੀ।
ਯੋਗਤਾ ਪ੍ਰੀਖਿਆ ਦੀ ਭਰੋਸੇਯੋਗਤਾ ਅਜਿਹੇ ਫ਼ੈਸਲਿਆਂ ਨਾਲ ਖ਼ਤਮ ਹੁੰਦੀ ਹੈ : ਐਸੋਸੀਏਸ਼ਨ
ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (ਐੱਫਏਆਈਐੱਮਏ) ਦੇ ਚੀਫ ਪੈਟਰਨ ਡਾ. ਰੋਹਨ ਕ੍ਰਿਸ਼ਣਨ ਨੇ ਬੁੱਧਵਾਰ ਨੂੰ ਰਾਸ਼ਟਰੀ ਮੈਡੀਕਲ ਵਿਗਿਆਨ ਪ੍ਰੀਖਿਆ ਬੋਰਡ (ਐੱਨਬੀਈਐੱਮਐੱਸ) ਵੱਲੋਂ ਖਾਲੀ ਪੋਸਟ ਗ੍ਰੈਜੂਏਟ ਮੈਡੀਕਲ ਸੀਟਾਂ ਨੂੰ ਭਰਨ ਲਈ ਨੀਟ-ਪੀਜੀ ਦੀ ਯੋਗਤਾ ਫ਼ੀਸਦੀ ਨੂੰ ਘੱਟ ਕਰਨ ਦੀ ਨਿੰਦਾ ਕੀਤੀ। ਇਕ ਵੀਡੀਓ ਸੁਨੇਹੇ ’ਚ ਉਨ੍ਹਾਂ ਨੇ ਕਿਹਾ ਕਿ ਅਜਿਹੇ ਫ਼ੈਸਲਿਆਂ ਨਾਲ ਯੋਗਤਾ ਪ੍ਰੀਖਿਆ ਦੀ ਭਰੋਸੇਯੋਗਤਾ ਖ਼ਤਮ ਹੁੰਦੀ ਹੈ। ਕਟਆਫ ਨੂੰ ਜ਼ੀਰੋ ਫ਼ੀਸਦੀ ਤੱਕ ਘੱਟ ਕਰਨ ਦਾ ਮਤਲਬ ਹੈ ਕਿ ਕਟਆਫ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਵੀ ਹੁਣ ਪੋਸਟ ਗ੍ਰੈਜੂਏਟ ਮੈਡੀਕਲ ਪ੍ਰਵੇਸ਼ ਲਈ ਯੋਗ ਹਨ।